ਜੀ ਐਸ ਪੰਨੂ
ਪਟਿਆਲਾ, 23 ਫਰਵਰੀ 2020 - ਪਟਿਆਲਾ ਹੈਰੀਟੇਜ਼ ਫੈਸਟੀਵਲ-2020 ਦੇ ਦੂਜੇ ਦਿਨ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿਖੇ ਪਟਿਆਲਾ ਕੈਨਲ ਕਲੱਬ ਨੇ 56ਵਾਂ ਤੇ 57ਵਾਂ ਆਲ ਬਰੀਡ ਚੈਂਪੀਅਨਸ਼ਿਪ ਅਤੇ ਰੌਟਵਿਲ੍ਹਰ ਸਪੈਸ਼ਲਿਟੀ ਡਾਗ ਸ਼ੋਅ ਕਰਵਾਇਆ, ਸ਼ੋਅ ਵਿੱਚ ਕੁੱਤਿਆਂ ਦੀਆਂ 40 ਦੁਰਲੱਭ ਨਸਲਾਂ ਦੇ 261 ਤੋਂ ਵੱਧ ਕੁੱਤਿਆਂ ਦੀ ਖੂਬਸੂਰਤੀ ਅਤੇ ਅਦਾਵਾਂ ਦੀ ਦਿਲਕਸ਼ ਪ੍ਰਦਰਸ਼ਨੀ ਨੇ ਦਰਸ਼ਕਾਂ ਦਾ ਮਨ ਮੋਹਿਆ। ਇਸ ਮੌਕੇ ਤਿੰਨ ਰਿੰਗਾਂ 'ਚ ਕੁੱਤਿਆਂ ਦੀਆਂ ਨਸਲਾਂ ਦੇ ਮੁਕਾਬਲੇ ਹੋਏ ਅਤੇ ਜੇਤੂ ਕੁੱਤਿਆਂ ਦੇ ਮਾਲਕਾਂ ਨੂੰ ਇਨਾਮ ਦਿੱਤੇ ਗਏ।
ਮੇਅਰ ਸੰਜੀਵ ਸ਼ਰਮਾ ਨੇ ਪਟਿਆਲਾ ਕੈਨਲ ਕਲੱਬ ਦਾ ਸੋਵੀਨਰ ਰੀਲੀਜ਼ ਕੀਤਾ । ਨੋਡਲ ਅਫ਼ਸਰ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਸ਼ੋਅ 'ਚ ਜੱਜ ਵਜੋਂ ਮਲੇਸ਼ੀਆ ਤੋਂ ਮਿਸਟਰ ਟੈਨਓ ਹਾਕ, ਦਿੱਲੀ ਤੋਂ ਅੰਜਲੀ ਵੇਦ, ਜਦੋਂਕਿ ਰੌਟਵਿਲਰ ਸ਼ੋਅ ਦੇ ਜੱਜ ਵਜੋਂ ਕਰੋਸ਼ੀਆ ਤੋਂ ਮਿਸਟਰ ਅਲੈਜਾਂਡਰ ਉਜਾਕੀ ਵਿਸ਼ੇਸ਼ ਤੌਰ ਸ਼ਾਮਲ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜੀ.ਐਸ.ਡੀ. 44, ਰੌਟਵਿਲ੍ਹਰ 26, ਲੈਬਰਾਡੋਗ 27, ਗੋਲਡਨ ਰੀਟੀਵਰ 19, ਬੀਗਲ 17 ਅਤੇ ਡਾਬਰਮੈਨ ਨਸਲ ਦੇ 14 ਕੁੱਤਿਆਂ ਦੇ ਮਾਲਕ ਆਪਣੇ ਡਾਗ ਲੈਕੇ ਪੁੱਜੇ, ਜਿਨ੍ਹਾਂ ਦੇ ਤਿੰਨ ਰਿੰਗਾਂ 'ਚ ਮੁਕਾਬਲੇ ਹੋਏ।
ਪਟਿਆਲਾ ਕੈਨਲ ਕਲੱਬ ਦੇ ਸਕੱਤਰ ਜਨਰਲ ਜੀ.ਪੀ. ਸਿੰਘ ਬਰਾੜ ਨੇ ਦੱਸਿਆ ਕਿ ਇਸ ਡਾਗ ਸ਼ੋਅ ਵਿੱਚ ਕੁੱਝ ਨਵੀਆਂ ਕਿਸਮਾਂ ਜਿਵੇਂ ਕਿ ਬੈਲਜ਼ੀਅਨ, ਸ਼ੈਪਹਰਡ, ਕੇਨ ਕਾਰਸੋ, ਡੋਗੀ ਡੀ ਬਾਡੈਕਸ, ਗੋਲਡਨ ਰੀਟੀਵਰ, ਜੀ.ਐਸ.ਡੀ., ਅਫ਼ਗਾਨ ਹੌਂਡ, ਸਮੈਓਡ, ਭਾਰਤੀ ਬਰੀਡ ਕਾਰਵਾਂ ਹੌਂਡ, ਸ਼ਿਟਯੂ, ਚੀਹੁਆਹੁਆ ਆਦਿ ਖਿੱਚ ਦਾ ਮੁੱਖ ਕੇਂਦਰ ਸਨ।ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ, ਕੋਲਕਤਾ, ਤੇਲੰਗਾਨਾ, ਤਾਮਿਲਨਾਡੂ, ਯੂ.ਪੀ, ਕੇਰਲਾ, ਮੱਧ ਪ੍ਰੇਦਸ਼, ਬੰਗਾਲ, ਜੰਮੂ-ਕਸ਼ਮੀਰ ਆਦਿ ਰਾਜਾਂ ਤੋਂ ਵੱਖ-ਵੱਖ ਨਸਲਾਂ ਦੇ ਕੁੱਤਿਆਂ ਦੇ ਮਾਲਕ ਆਪਣੇ ਕੁੱਤੇ ਲੈਕੇ ਪੁੱਜੇ।ਇਸ ਮੌਕੇ ਦਰਸ਼ਕਾਂ, ਖਾਸ ਕਰਕੇ ਬੱਚਿਆਂ ਤੇ ਨੌਜਵਾਨਾਂ ਨੇ ਕੁੱਤਿਆਂ ਨਾਲ ਸੈਲਫ਼ੀਆਂ ਵੀ ਖਿਚਵਾਈਆਂ। ਦੱਸਣ ਯੋਗ ਹੈਂ ਕਿ ਕੁਲਦੀਪ ਸਿੰਘ ਜੋ ਕਿ ਸਰਕਾਰੀ ਤੌਰ ਤੇ ਕੁਤਿਆਂ ਨੂੰ ਸਿਖਲਾਈ ਦਿੰਦਾ ਹੈ ਨੇ ਕਿਹਾ ਕਿ ਮੈਂ ਡੋਗਜ ਨੂੰ ਸਿਖਲਾਈ ਦੇ ਕੇ ਦੇਸ ਦੇ ਹਰ ਕੋਨੇ ਵਿੱਚ ਭੇਜਦਾ ਹਾਂ ਜੋ ਸਰਕਾਰੀ ਤੋਰ ਤੇ ਖੋਜ ਪੂਰਤੀਆ ਕਰਦੇੇ ਹਨ। ਇਸ ਵਾਰ ਡੋਗ ਵੇਚਣ ਵਾਲਿਆਂ ਨੂੰ ਡੋਗ ਸੋਅ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਗਿਆ ਲੇਕਿਨ ਵੇਚਣ ਵਾਲੇ ਪੋਲੋ ਗਰਾਉਂਡ ਤੋ ਬਾਹਰ ਆਪਣਾ ਸੋਅ ਲਾਕੇ ਵੇਚਦੇ ਰਹੇ ਤੇ ਲੋਕਾਂ ਨੂੰ ਦੋਗਲੀ ਨਸਲਾਂ ਵੇਚਦੇ ਰਹੇ। ਇਸ ਸੋਅ ਵਿੱਚ ਡੋਗਜ ਨੂੰ ਇਨ੍ਹਾਂ ਕਨਫਾਈਨਮੈਂਟ ਵਿੱਚ ਰੱਖਿਆ ਹੋਇਆ ਸੀ ਕਿ ਇਕ ਪਿਜਰੇ ਵਿੱਚ ਛੇ ਛੇ ਸੱਤ ਸੱਤ ਬੱਚੇ ਰੱਖੇ ਹੋਏ ਸੀ ਪਰ ਕੋਈ ਚੈਕ ਕਰਨ ਵਾਲਾ ਨਹੀਂ ਸੀ। ਇਸੇ ਤਰ੍ਹਾਂ ਡੋਗਜ ਖੁਰਾਕ ਦੀ ਗੱਲ ਸੀ।
ਜਿਕਰਯੋਗ ਹੈ ਕਿ ਇਹ ਡਾਗ ਸ਼ੋਅ ਪਟਿਆਲਾ 'ਚ ਕਰਵਾਉਣ ਦਾ ਇਤਿਹਾਸ ਬਹੁਤ ਪੁਰਾਣਾ ਹੈ, ਪਹਿਲੀ ਆਲ ਇੰਡੀਆ ਨੌਰਥ ਕੈਨਲ ਐਸੋਸੀਏਸ਼ਨ 1926 'ਚ ਲਾਰਡ ਇਰਵਿਨ ਦੀ ਪ੍ਰਧਾਨਗੀ 'ਚ ਬਣੀ ਸੀ, ਜਿਸ 'ਚ ਕੇਵਲ ਦੋ ਭਾਰਤੀ ਰਾਜੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਤੇ ਜੀਂਦ ਰਿਆਸਤ ਦੇ ਮਹਾਰਾਜਾ ਉਪ ਪ੍ਰ੍ਰਧਾਨ ਬਣੇ ਸਨ। ਪਟਿਆਲਾ ਵਿਖੇ ਪਹਿਲਾ ਡਾਗ ਸ਼ੋਅ 1927 'ਚ ਹੋਇਆ ਸੀ, ਜਿਸ 'ਚ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਪਾਲੇ ਗਏ ਕਈ ਨਸਲਾਂ ਦੇ ਕੁੱਤੇ ਇਸ ਸ਼ੋਅ 'ਚ ਪ੍ਰਦਰਸ਼ਿਤ ਕੀਤੇ ਗਏ ਸਨ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਸਮੇਤ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਵਧੀਕ ਸੈਸ਼ਨ ਜੱਜ ਸੰਗਰੂਰ ਗੁਰਪ੍ਰਤਾਪ ਸਿੰਘ, ਡਾਗ ਸ਼ੋਅ ਦੇ ਕੋਆਰਡੀਨੇਟਰ ਤੇ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਵਿਕੇਸ਼ ਕੁਮਾਰ, ਯੂਥ ਕਾਂਗਰਸ ਪ੍ਰਧਾਨ ਅਨੁਜ ਖੋਸਲਾ ਤੇ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ, ਜਸਲੀਨ ਕੌਰ ਸਮੇਤ ਪਟਿਆਲਾ ਕੈਨਲ ਕਲੱਬ ਚੇਅਰਮੈਨ ਕੈਪਟਨ ਐਮ.ਪੀ. ਸਿੰਘ, ਦੀਪਿੰਦਰ ਕੌਰ, ਜਸਬੀਰ ਸਿੰਘ ਕਾਲੇਕਾ, ਜੇ ਐਸ. ਬਹਿਣੀਵਾਲ, ਡਾ. ਜਸਵਿੰਦਰ ਸਿੰਘ ਜੱਸੀ, ਹਰਚੰਦ ਸਿੰਘ, ਹਿਮਾਂਸ਼ੂ ਕਸ਼ਯਪ, ਡਾ. ਐਮ.ਪੀ. ਸਿੰਘ, ਡਾ. ਕੰਵਰਜੀਤ ਸਿੰਘ ਬਾਵਾ, ਡਾ. ਗਗਨ ਸਮੇਤ ਵੱਡੀ ਗਿਣਤੀ ਦਰਸ਼ਕ ਮੌਜੂਦ ਸਨ।