ਅਸ਼ੋਕ ਵਰਮਾ
- ਭਾਜਪਾ ਦੀ ਨੀਤੀ ਵਿਰੁੱਧ ਡੱਟਣ ਦਾ ਐਲਾਨ
ਰਾਮਪੁਰਾ, 23 ਫਰਵਰੀ 2020 - ਸਰਕਾਰੀ ਨੌਕਰੀਆਂ ਵਿੱਚੋਂ ਐੱਸ.ਸੀ. ਤੇ ਬੀ.ਸੀ. ਦੇ ਚਲਦੇ ਰਾਖਵਾਂ ਕਰਨ ਨੂੰ ਬੰਦ ਕਰਨ ਦੇ ਫੈਸਲੇ ਵਿਰੁੱਧ ਮਜਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮਜਦੂਰ ਵਿਰੋਧੀ ਫੈਸਲੇ ਤੋਂ ਜਾਣੂ ਕਰਵਾਉਣ ਲਈ ਪੰਜਾਬ ਖੇਤ ਮਜਦੂਰ ਯੂਨੀਅਨ, ਸੁਨਹਿਰੀ ਜਨ ਸੇਵਾ ਕਲੱਬ ,ਰਾਜ ਮਜਦੂਰ ਯੂਨੀਅਨ ਤੇ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵਲੋਂ ਪਿੰਡ ਕੋਟੜਾ ਕੌੜਾ ਦੀ ਮਜਦੂਰ ਧਰਮਸ਼ਾਲਾ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਮਰਦਾਂ ਤੇ ਔਰਤਾਂ ਨੇ ਸਮੂਲੀਅਤ ਕੀਤੀ।
ਮੀਟਿੰਗ ਨੂੰ ਸਬੋਧਨ ਕਰਦੇ ਹੋਏ ਜੋਰਾ ਸਿੰਘ ਨਸਰਾਲੀ,ਗੋਬਿੰਦ ਸਿੰਘ ,ਕਾਕਾ ਸਿੰਘ ,ਚਮਕੌਰ ਸਿੰਘ , ਪੋਲਾ ਸਿੰਘ , ਜੱਗਾ ਸਿੰਘ ਤੇ ਨੱਥਾ ਸਿੰਘ ਨੇ ਕਿਹਾ ਕਿ ਕੋਰਟ ਨੇ ਦਲਿਤ ਲੋਕਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਮਿਲਦੇ ਨਿਗੂਣੇ ਰਾਖਵਾਂ ਕਰਨ ਨੂੰ ਬੰਦ ਕਰਕੇ ਸਿਰੇ ਦੀ ਧੱਕੇਸਾਹੀ ਕੀਤੀ ਹੈ । ਆਗੂਆਂ ਨੇ ਫੈਸਲੇ ਦੀ ਕਰੜੀ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਹ ਫੈਸਲਾ ਦਲਿਤ ਲੋਕਾਂ ਨੂੰ ਆਰਥਕ ,ਸਮਾਜਿਕ ਤੇ ਰਾਜਨੀਤਕ ਪੱਖ ਤੋਂ ਮਾੜੇ ਰੁੱਖ ਪ੍ਰਭਾਵਿਤ ਕਰੇਗਾ।
ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਦੇ ਜਾਣ ਮਗਰੋਂ 72 ਸਾਲਾਂ ਵਿੱਚ ਦਲਿਤ ਲੋਕ ਸਰਮਾਏਦਾਰਾ, ਜਗੀਰਦਾਰਾਂ ਹੱਥੋਂ ਲੁੱਟ ਦਾ ਸ਼ਿਕਾਰ ਤੇ ਜਲੀਲ ਹੁੰਦੇ ਆ ਰਹੇ ਹਨ।ਅਦਾਲਤ ਦਾ ਇਹ ਫੈਸਲਾ ਉਨ੍ਹਾਂ ਦੇ ਅੱਗੇ ਵਧਣ ਦੇ ਨਿਗੂਣੇ ਜਿਹੇ ਆਸਰੇ ਨੂੰ ਵੀ ਖਤਮ ਕਰ ਦੇਵੇਗਾ । ਬੁਲਾਰਿਆਂ ਨੇ ਭਾਜਪਾ ਸਰਕਾਰ ਤੇ ਦੋਸ਼ ਲਾਉਦਿਆਂ ਕਿਹਾ ਕਿ ਉਹ ਸੀ ਸੀ ਏ,ਐਨ ਆਰ ਸੀ ਤੇ ਐਨ ਪੀ ਆਰ ਆਦਿ ਕਾਲੇ ਕਾਨੂੰਨ ਲਾਗੂ ਕਰਕੇ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਆਪੋ ਵਿੱਚ ਲੜਵਾਉਣ ਦੀਆਂ ਚਾਲਾਂ ਕਰ ਰਹੀ ਹੈ ਅਤੇ ਮੁਲਕ ਵਿੱਚ ਮੰਨੂਵਾਦੀ ਪ੍ਰਬੰਧ ਕਾਇਮ ਕਰਕੇ ਦਲਿਤਾਂ ਤੇ ਸਦੀਆਂ ਪੁਰਾਣਾ ਜਾਬਰ ਤੇ ਵਿਤਕਰੇ ਭਰਿਆ ਰਾਜ ਠੋਸਣਾ ਚਾਹੁੰਦੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਇੱਕਜੁਟ ਹੋਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਕਿਸਾਨ ਆਗੂ ਮੋਠੂ ਸਿੰਘ ਕੋਟੜਾ ਨੇ ਮਜਦੂਰਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਭਰੋਸਾ ਦਿੱਤਾ।