ਅਸ਼ੋਕ ਵਰਮਾ
ਬਰਨਾਲਾ, 22 ਫਰਵਰੀ 2020 - ਨਾਗਰਿਕਤਾ ਸੋਧ ਕਾਨੂੰਨ, ਜਨਸੰਖਿਆ ਰਜਿਸਟਰ ਅਤੇ ਨਾਗਰਿਕ ਰਜਿਸਟਰ ਦੇ ਵਿਰੱਧ ਪੰਜਾਬ ਦੀਆਂ ਦਰਜਨ ਤੋਂ ਵਧੇਰੇ ਜਨਤਕ ਜਮਹੂਰੀ ਜਥੇਬੰਦੀਆਂ ਅਧਾਰਤ ‘ਨਾਗਰਿਕਤਾ ਹੱਕਾਂ ’ਤੇ ਹਮਲੇ ਵਿਰੁੱਧ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ’ ਵੱਲੋਂ 24 ਫਰਵਰੀ ਨੂੰ ਬਰਨਾਲਾ 'ਚ ਧਰਨਾ/ਮਾਰਚ ਕੀਤਾ ਜਾਵੇਗਾ। ਬੀਕੇਯੂ ਏਕਤਾ ਡਕੌਂਦਾ ਅਤੇ ਉਗਰਾਹਾਂ ਦੀ ਸਾਂਝੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਦੋਵਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਬਲਵੰਤ ਸਿੰਘ ਉੱਪਲੀ ਅਤੇ ਰੂਪ ਸਿੰਘ ਛੰਨਾਂ ਨੇ ਦੱਸਿਆਂ 16 ਫਰਬਰੀ ਦੀ ਵਿਸ਼ਾਲ ਰੈਲੀ ਨੇ ਐਲਾਨ ਕੀਤਾ ਸੀ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸੰਘਰਸ਼ ਨੂੰ ਜਾਰੀ ਰੱਖਦਿਆਂ 24 ਫਰਵਰੀ ਤੋਂ 29 ਫਰਵਰੀ ਤੱਕ ਸਮੁੱਚੇ ਪੰਜਾਬ ਵਿੱਚ ਜਿਲ੍ਹਾ/ਤਹਿਸੀਲ ਪੱਧਰੇ ਵਿਸ਼ਾਲ ਧਰਨੇ/ਮਾਰਚ ਕੀਤੇ ਜਾਣਗੇ। ਇਸੇ ਕੜੀ ਵਜੋਂ ਪਹਿਲਾ ਧਰਨਾ/ਮਾਰਚ 24 ਫਰਵਰੀ ਨੂੰ ਬਰਨਾਲਾ ਵਿਖੇ ਕੀਤਾ ਜਾਵੇਗਾ। ਇਸ ਦਿਨ ਬਰਨਾਲਾ ਦੀ ਦਾਣਾ ਮੰਡੀ ਵਿੱਚ ਸਵੇਰੇ 11 ਵਜੇ ਇਕੱਤਰ ਹੋਕੇ ਸ਼ਹਿਰ ਵਿੱਚ ਮਾਰਚ ਕਰਦਿਆਂ ਡੀਸੀ ਦਫਤਰ ਬਰਨਾਲਾ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਆਗੂਆਂ ਗੁਰਦੇਵ ਸਿਂਘ ਮਾਂਗੇਵਾਲ ਅਤੇ ਚਮਕੌਰ ਸਿੰਘ ਨੈਣੇਵਾਲ ਨੇ ਇਸ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਤੋਂ ਇਲਾਵਾ ਸਮੂਹ ਇਨਸਾਫਪਸੰਦ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਮੁਸਲਿਮ ਭਾਈਚਾਰੇ ਨੂੰ 24 ਫਰਵਰੀ ਬਰਨਾਲਾ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।