ਸੰਜੀਵ ਸੂਦ
ਲੁਧਿਆਣਾ, 22 ਫਰਵਰੀ 2020 - ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਇਸ ਮੁੱਦੇ 'ਤੇ ਕਾਂਗਰਸ ਨੂੰ ਘੇਰ ਰਹੀ ਹੈ, ਉੱਥੇ ਹੀ ਕਾਂਗਰਸ ਦੇ ਮੰਤਰੀ ਅਤੇ ਲੀਡਰ ਦਿਨਕਰ ਗੁਪਤਾ ਦੇ ਬਚਾਅ 'ਚ ਉੱਤਰਦੇ ਵਿਖਾਈ ਦੇ ਰਹੇ ਹਨ। ਲੁਧਿਆਣਾ ਤੋਂ ਕਾਂਗਰਸ ਦੇ ਐੱਮ.ਪੀ. ਰਵਨੀਤ ਬਿੱਟੂ ਨੇ ਕਿਹਾ ਹੈ ਕਿ ਅਕਾਲੀ ਦਲ ਦਿਨਕਰ ਗੁਪਤਾ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਿਹਾ ਹੈ।
ਐੱਮ.ਪੀ. ਰਵਨੀਤ ਬਿੱਟੂ ਨੇ ਕਿਹਾ ਹੈ ਕਿ ਬਿਕਰਮ ਮਜੀਠੀਆ ਗਲਤ ਢੰਗ ਨਾਲ ਦਿਨਕਰ ਗੁਪਤਾ ਦੇ ਬਿਆਨ ਨੂੰ ਲੋਕਾਂ ਅੱਗੇ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਕਿ ਦਿਨਕਰ ਗੁਪਤਾ ਨੇ ਸਿਰਫ ਲੋਕਾਂ ਨੂੰ ਅਗਾਹ ਕੀਤਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਦਾ ਮਸਲਾ ਹੈ ਅਤੇ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਇੱਕ ਵੱਡੇ ਪੁਲਿਸ ਅਫ਼ਸਰ ਨੇ ਇਸ ਕਰਕੇ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੁਰੱਖਿਆ ਨੂੰ ਲੈ ਕੇ ਲੋਕਾਂ ਨੂੰ ਅਗਾਹ ਕਰਨ। ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਬਿਕਰਮ ਮਜੀਠੀਆ ਦੇ ਹੈਰੋਇਨ ਮਾਮਲੇ ਦੇ ਵਿੱਚ ਮਸੀਹ ਨਾਲ ਰਿਸ਼ਤਿਆਂ ਨੂੰ ਲੈ ਕੇ ਵਿਧਾਨ ਸਭਾ 'ਚ ਸਵਾਲ ਖੜ੍ਹੇ ਹੋਣੇ ਨੇ ਜਿਸ ਤੋਂ ਬਚਣ ਲਈ ਹੁਣ ਮਜੀਠੀਆ ਦਿਨਕਰ ਗੁਪਤਾ ਦੇ ਬਿਆਨ ਨੂੰ ਲੈ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਿੱਟੂ ਨੇ ਕਿਹਾ ਕਿ ਇਸ ਨੂੰ ਜਾਣ ਬੁੱਝ ਕੇ ਧਾਰਮਿਕ ਮੁੱਦਾ ਬਣਾਇਆ ਜਾ ਰਿਹਾ ਹੈ।