ਸੁਖਜਿੰਦਰ ਸਿੰਘ ਪੰਜਗਰਾਈਂ
- ਇਸ ਗੀਤ ਵਿੱਚ ਆਪਣੇ ਹੱਕ ਮੰਗ ਰਹੇ ਲੋਕਾਂ ਦੀ ਗੱਲ ਕੀਤੀ ਹੈ: ਗੁਰਨੈਬ ਸਾਜਨ
ਪੰਜਗਰਾਈਂ ਕਲਾਂ, 22 ਫਰਵਰੀ 2020 - ਪੱਤਰਕਾਰੀ ਤੇ ਲੇਖਣੀ ਵਿੱਚ ਨਿਧੜਕ ਕਲਮਕਾਰ ਗੁਰਨੈਬ ਸਿੰਘ ਸਾਜਨ (ਦਿਓਣ) ਬਿਲਕੁਲ ਨਵੇਂ ਰੰਗ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਆਪਣੇ ਸੁਭਾਅ ਵਾਂਗ ਜਿਵੇਂ ਉਸ ਨੇ ਨਿਧੜਕ ਲੇਖਣੀ ਜਰੀਏ ਨਕਾਰਾ ਹੋ ਰਹੇ ਸਿਸਟਮ ਤੇ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਨੂੰ ਆਪਣੇ ਲੇਖਾਂ ਜ਼ਰੀਏ ਅਖ਼ਬਾਰਾਂ ਮੈਗਜ਼ੀਨਾਂ ਰਾਹੀਂ ਲੋਕਾਂ ਤੱਕ ਪਹੁੰਚਾਇਆ ਹੈ। ਇਸੇ ਤਰ੍ਹਾਂ ਹੀ ਉਸ ਨੇ ਆਪਣੀ ਹੀ ਕਲਮ ਚੋਂ ਪੰਜਾਬ ਦੀ ਜਵਾਨੀ, ਕਿਸਾਨੀ ਤੇ ਸ਼ਬਦ ਗੁਰੂ ਦੀ ਹੋਈ ਬੇਅਦਬੀ ਤੇ ਆਪਣੇ ਹੱਕ ਮੰਗ ਰਹੇ ਲੋਕਾਂ ਦੀ ਗੱਲ ਆਪਣੇ ਗੀਤ 'ਚਿੱਟੇ ਨੇ ਗੱਭਰੂ ਮਾਰੇʼ ਵਿੱਚ ਕੀਤੀ ਹੈ।
ਅੱਜ ਹੀ ਇਹ ਗੀਤ (ਯੂਟਿਊਬ) ਸੋਸ਼ਲ ਮੀਡੀਏ ਤੇ ਵਿਸ਼ਵ ਭਰ ਵਿੱਚ ਰਿਲੀਜ਼ ਹੋਇਆ ਹੈ ਤਾਂ ਇਸ ਨੂੰ ਪਹਿਲੇ ਦਿਨ ਹੀ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ । ਇਸ ਸਬੰਧੀ ਗੁਰਨੈਬ ਸਾਜਨ ਨੇ ਦੱਸਿਆ ਕਿ ਇਸ ਗੀਤ ਵਿੱਚ ਉਸ ਦਾ ਸਾਥ ਉਸ ਦੇ ਵੱਡੇ ਭਰਾ ਲੋਕ ਗਾਇਕ ਇਕਬਾਲ ਪੰਜੂ ਦਿਉਣ ਵਾਲਾ ਨੇ ਦਿੱਤਾ ਹੈ। ਕਵੀਸ਼ਰੀ ਨੁਮਾ ਇਸ ਗੀਤ ਦਾ ਵੀਡੀਓ ਫਿਲਮਾਂਕਣ ਬਠਿੰਡਾ ਦੇ ਪਿੰਡ ਬੱਲੂਆਣਾ ਦੀ ਸੱਥ ਵਿੱਚ ਸੱਭਿਆਚਾਰਕ ਰੰਗ ਵਿੱਚ ਕੀਤਾ ਗਿਆ ਹੈ। ਵੀਡੀਓ ਡਾਇਰੈਕਟਰ ਜਗਦੇਵ ਟਹਿਣਾ, ਸੰਗੀਤਕਾਰ ਜੀ ਬੀ ਆਰ, ਸੈਵਨ ਪੁਆਇੰਟ ਕੰਪਨੀ ਦੇ ਨਿਰਮਾਤਾ ਹਰਦੀਪ ਮਾਨ, ਅਤੇ ਉੱਘੇ ਗੀਤਕਾਰ ਕ੍ਰਿਪਾਲ ਮਾਅਣਾ ਨੇ ਇਸ ਗੀਤ ਨੂੰ ਖੂਬਸੂਰਤ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।
ਇਸ ਗੀਤ ਵਿੱਚ ਬਾਦਲ ਤੇ ਕੈਪਟਨ ਸਰਕਾਰ ਜੋ ਰਲ ਕੇ ਪੰਜਾਬ ਨੂੰ ਬਰਬਾਦੀ ਵੱਲ ਲਿਜਾ ਰਹੀਆਂ ਹਨ। ਬਰਗਾੜੀ ਵਿੱਚ ਸ਼ਬਦ ਗੁਰੂ ਦੀ ਹੋਈ ਬੇਅਦਬੀ ਤੇ ਅੱਜ ਤੱਕ ਦੋਸ਼ੀ ਨਾ ਫੜੇ ਜਾਣ, ਖੁਦਕੁਸ਼ੀਆਂ ਕਰ ਰਹੀ ਕਿਸਾਨੀ ਤੇ ਚਿੱਟੇ ਦੇ ਮਾਰੂ ਨਸ਼ੇ ਕਾਰਨ ਮੌਤ ਦੇ ਮੂੰਹ ਜਾ ਰਹੀ ਜਵਾਨੀ ਦੀ ਗੱਲ ਇਸ ਗੀਤ ਰਾਹੀਂ ਕੀਤੀ ਗਈ ਹੈ। ਗੁਰਨੈਬ ਸਾਜਨ ਨੇ ਕਿਹਾ ਕਿ ਉਸ ਨੇ ਪੈਂਤੀ ਸਾਲ ਪਹਿਲਾਂ ਜੋ ਕਵਿਸ਼ਰੀ ਦਾ ਰਾਹ ਫੜ੍ਹਿਆ ਸੀ ਉਹ ਪੈਂਤੀ ਸਾਲਾਂ ਬਾਅਦ ਫਿਰ ਇਸ ਕਵੀਸ਼ਰੀ ਰਾਹੀਂ ਉਨ੍ਹਾਂ ਰਾਹਾਂ ਤੇ ਚੱਲਿਆ ਹੈ। ਉਹ ਇਹੋ ਜਿਹੇ ਹੀ ਸਮਾਜਿਕ ਤੇ ਮਿਆਰੀ ਗੀਤ ਸੰਗੀਤ ਪ੍ਰੇਮੀਆਂ ਦੇ ਨਜ਼ਰ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਸੂਝਵਾਨ ਸਰੋਤੇ ਚੰਗੇ ਗੀਤ ਸੁਣਨਾ ਚਾਹੁੰਦੇ ਹਨ ਤਾਂ ਸਾਡੇ ਇਸ ਗੀਤ ਨੂੰ ਸੋਸ਼ਲ ਮੀਡੀਆ ਜ਼ਰੀਏ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਕਿ ਉਹ ਭਵਿੱਖ ਵਿੱਚ ਵੀ ਇਹੋ ਜਿਹੇ ਉਪਰਾਲੇ ਕਰਦਾ ਰਹੇ।