ਅਸ਼ੋਕ ਵਰਮਾ
ਮਾਨਸਾ, 22 ਫਰਵਰੀ 2020 - ਕਿਸਾਨ ਤੇ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਵੱਲੋਂ ਬੱਚਤ ਭਵਨ ਮਾਨਸਾ ਵਿਖੇ ਖੁਦਕੁਸ਼ੀ ਪੀੜਿਤ ਪਰਿਵਾਰਾਂ ਨਾਲ ਸੰਵਾਦ ਰਚਾਉਣ ਲਈ ਇੱਕ ਕਾਨਫਰੰਸ ਕੀਤੀ ਗਈ। ਜਿਸ ਵਿੱਚ 250 ਦੇ ਕਰੀਬ ਪੀੜਿਤ ਪਰਿਵਾਰਾਂ ਨੇ ਭਾਗ ਲਿਆ। ਇੰਨ੍ਹਾਂ ਪਰਿਵਾਰਾਂ ਤੇ ਵਧ ਰਹੇ ਕਰਜ਼ੇ ਦੇ ਬੋਝ ਕਾਰਣ, ਟੁੱਟ ਰਹੀ ਭਾਈਚਾਰਕ ਸਾਂਝ ਅਤੇ ਤਿੜਕ ਰਹੇ ਰਿਸ਼ਤਿਆਂ ਦੀ ਪੀੜ੍ਹ ਹੰਢਾ ਰਹੇ ਪਰਿਵਾਰਾਂ ਨਾਲ ਸੰਵਾਦ ਰਚਾ ਕੇ ਉਹਨਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਾਉਣ ਦਾ ਯਤਨ ਕੀਤਾ ਗਿਆ। ਸਰਕਾਰ ਦੀ ਬੇਰੁਖੀ ਕਾਰਣ ਇਹ ਖੁਦਕੁਸ਼ੀਆਂ ਦਾ ਰੁਝਾਨ ਅੱਜ ਵੀ ਰੁਕਣ ਦਾ ਨਾਮ ਨਹੀਂ ਰਿਹਾ।
ਸਰਕਾਰਾਂ ਨੇ ਤਾਂ ਇੰਨ੍ਹਾਂ ਦੀ ਸਾਰ ਕੀ ਲੈਣੀ ਸੀ,ਪਿੰਡਾਂ ਵਿੱਚ ਟੁੱਟ ਰਹੀ ਭਾਈਚਾਰਕ ਸਾਂਝ ਨੇ ਇੰਨ੍ਹਾਂ ਦੇ ਦਰਦ ਨੂੰ ਹੋਰ ਵੀ ਵਧਾ ਦਿੱਤਾ ਹੈ। ਪਿਛਲੇ ਬਜਟ ਵਿੱਚ ਰੱਖਿਆ 3000 ਕਰੋੜ ਰੁਪਏ ਦੇ ਫੰਡਜ਼ ਵਿਚੋਂ ਅੱਜ ਤੱਕ ਇੱਥ ਪੈਸਾ ਵੀ ਜਾਰੀ ਨਹੀਂ ਹੋਇਆ। ਨਵਾਂ ਬਜਟ ਆਉਣ ਵਾਲਾ ਹੈ। ਪੀੜਿਤਾਂ ਦੇ ਦਰਦ ਦੀ ਦਾਸਤਾਨ ਸੁਣ ਕੇ ਹਰ ਇਨਸਾਨ ਦੀ ਅੱਖ ਨਮ ਹੋ ਗਈ। ਇਸ ਕਾਨਫਰੰਸ ਦੀ ਇਹ ਵਿਸੇ਼ਸ਼ਤਾ ਰਹੀ ਕਿ ਇਸਦਾ ਪ੍ਰਬੰਧ ਕਰਨ ਵਾਲੇ ਖੁਦ ਵੀ ਖੁਦਕੁਸ਼ੀ ਪੀੜ੍ਹਿਤ ਪਰਿਵਾਰਾਂ ਵਿਚੋਂ ਸਨ ਜਿੰਨ੍ਹਾਂ ਨੇ ਦੂਸਰੇ ਪੀੜਿਤਾਂ ਨਾਲ ਸਮਾਜ ਵਿਚੋਂ ਗੁਆਚਿਆ ਸੰਵਾਦ ਰਚਾ ਕੇ ਦਰਦ ਦੇ ਭਵਸਾਗਰ ਵਿਚੋਂ ਪਾਰ ਕਰਵਾਉਣ ਦਾ ਹੌਸਲਾ ਦੇਣਾ ਸੀ।
ਪ੍ਰੋਗਰਾਮ ਦੀ ਕਨਵੀਨਰ ਕਿਰਨਜੀਤ ਕੌਰ ਝੁਨੀਰ ਸੀ ਅਤੇ ਸਟੇਜ ਦਾ ਸੰਚਾਲਨ ਜਸਪ੍ਰੀਤ ਸਿੰਘ ਕੋਟੜਾ ਨੇ ਕੀਤਾ। ਸਿਰਸੀਵਾਲਾ ਦੀ ਔਰਤ ਨੇ ਆਪਣਾ ਦਰਦ ਹੰਝੂਆਂ ਨਾਲ ਬਿਆਨ ਕਰਦਿਆਂ ਦੱਸਿਆ ਕਿ ਕਰਜ਼ੇ ਕਾਰਣ ਪਤੀ ਦੀ ਖੁਦਕੁਸ਼ੀ ਤੋਂ ਬਾਅਦ ਉਸਨੂੰ ਦਿਓਰ ਦੇ ਲੜ ਲਾ ਦਿੱਤਾ ਗਿਆ। ਪਰ ਕੁੱਝ ਸਮੇਂ ਬਾਅਦ ਉਹ ਵੀ ਖੁਦਕੁਸ਼ੀ ਕਰ ਗਿਆ। ਦੋ ਵਾਰ ਵਿਧਵਾ ਹੋਣ ਤੋਂ ਬਾਅਦ ਸਰਕਾਰ ਵੱਲੋਂ ਤਾਂ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ ਬਲਕਿ ਬੱਚਿਆਂ ਦੇ ਇਲਾਜ 'ਤੇ ਵੀ ਖੁਦ ਹੀ ਔਖੇ ਹੋ ਕੇ ਖਰਚਾ ਕੀਤਾ ਜਾ ਰਿਹਾ ਹੈ ਕਿਉਂਕਿ ਆਪਣੇ ਵੀ ਮੁਖ ਮੋੜ ਗਏ ਅਤੇ ਉਸਦੇ ਪਤੀ ਦੇ ਹਿੱਸੇ ਦੀ ਜ਼ਮੀਨ ਵੀ ਉਸਨੂੰ ਨਹੀਂ ਮਿਲੀ। ਪਿੰਡ ਰੱਲਾ ਦੀ 22 ਸਾਲਾ ਵਿਧਵਾ ਮਨਪ੍ਰੀਤ ਕੌਰ ਦਾ ਪਤੀ ਖੁਦਕੁਸ਼ੀ ਕਰ ਗਿਆ ਸੀ ਜੋ ਆਪਣੀ ਬੱਚੀ ਨਾਲ ਅੱਜ ਕੱਲ੍ਹ ਆਪਣੇ ਪੇਕੇ ਘਰ ਰਹਿ ਕੇ ਗੁਜ਼ਾਰਾ ਕਰ ਰਹੀ ਹੈ। ਉਸਦਾ ਪਿਤਾ ਡਰਾਇਵਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ। ਸ਼ਿੰਦਰ ਕੌਰ ਦਾ ਦਰਦ ਵੀ ਛੋਟਾ ਨਹੀਂ, ਅੱਠ ਸਾਲ ਪਹਿਲਾਂ ਉਸਦਾ ਪਤੀ ਕਰਜ਼ੇ ਕਾਰਣ ਖੁਦਕੁਸ਼ੀੀ ਕਰ ਗਿਆ, ਸਹੁਰੇ ਪਰਿਵਾਰ ਨੇ ਮੂੰਹ ਮੋੜ ਲਿਆ ਅਤੇ ਉਹ ਅੱਜ ਵੀ ਆਪਣੇ ਪੇਕੇ ਘਰ ਬੈਠੀ ਹੈ।
ਬਹੁਤ ਸਾਰੇ ਪਰਿਵਾਰਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦਾ 3 ਲੱਖ ਰੁਪਏ ਮੁਆਵਜ਼ੇ ਦਾ ਕੇਸ ਰੱਦ ਹੋ ਗਿਆ ਹੈ। ਪੱਤਰਕਾਰ ਹਮੀਰ ਸਿੰਘ ਨੇ ਵਿਧਾਨ ਸਭਾ ਦੀ ਕਮੇਟੀ ਦੁਆਰਾ ਪੇਸ਼ ਰਿਪੋਰਟ ਦੀ ਕਿਤੇ ਕੋਈ ਚਰਚਾ ਹੀ ਨਹੀਂ ਹੈ। ਜਦੋਂ ਕਿ ਖੁਦਕੁਸ਼ੀਆਂ ਕਰਨ ਵਾਲੇ ਪਰਿਵਾਰਾਂ ਨੂੰ 1997 ਤੋਂ ਬਾਅਦ ਜੋ ਖੁਦਕੁਸ਼ੀਆਂ ਹੋਈਆਂ ਸਮੇਤ ਵਿਆਜ਼ ਮੁਆਵਜ਼ਾ ਮਿਲਣਾ ਚਾਹੀਦਾ ਹੈ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਪੀੜਤ ਪਰਿਵਾਰਾਂ ਲਈ ਬਣਾਏ ਸੇਵਾ ਟਰੱਸਟ ਵੱਲੋਂ ਬੱਚਿਆਂ ਦੀ ਪੜ੍ਹਾਈ ਦਾ ਜਿੰਮਾ ਲਿਆ ਗਿਆ ਹੈ । ਸਮਾਜ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ ਹੈ। ਇਸਤੋਂ ਇਲਾਵਾ ਡਾ ਗਿਆਨ ਸਿੰਘ, ਡਾ ਪਿਆਰਾ ਲਾਲ ਗਰਗ, ਸਰਬਜੀਤ ਧਾਲੀਵਾਲ, ਡਾ ਮੇਘਾ ਸਿੰਘ, ਵੀਰਪਾਲ ਕੌਰ ਰੱਲਾ, ਪ੍ਰੋਜਗਮੋਹਨ ਸਿੰਘ, ਹਰਿੰਦਰ ਮਾਨਸ਼ਾਹੀਆ, ਨਿਰਮਲ ਸਿੰਘ ਸਿਰਸੀਵਾਲਾ, ਗਗਨਦੀਪ ਧਲੇਵਾਂ,ਗੁਰਮੇਲ ਸਿੰਘ ਅੱਕਾਂਵਾਲੀ, ਦਰਸ਼ਨ ਸਿੰਘ ਧਲੇਵਾਂ ਆਦਿ ਨੇ ਸੰਬੋਧਨ ਕੀਤਾ।