ਚੰਡੀਗੜ੍ਹ, 22 ਫਰਵਰੀ 2020 - ਚੰਡੀਗੜ੍ਹ ਸਥਿਤ ਸੈਕਟਰ 32 ਪੀਜੀ ਵਿਖੇ ਇਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਮਿਲ ਰਹੀ ਹੈ। ਇਸ ਹਾਦਸੇ ਵਿਚ 3 ਲੜਕੀਆਂ ਦੀ ਅੱਗ 'ਚ ਝੁਲਸਣ ਕਾਰਨ ਮੋਤ ਹੋ ਗਈ ਹੈ ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਈਆਂ ਹਨ। ਜਿਨ੍ਹਾਂ ਨੂੰ 32 ਸੈਕਟਰ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀਆਂ ਇੱਕ ਹੀ ਕਮਰੇ ਵਿੱਚ ਰਹਿੰਦੀਆਂ ਸਨ।
ਜਦੋਂ ਕਿ ਅੱਗ ਲੱਗਣ ਦੇ ਕਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਅੱਗ ਬੁਝਾਊ ਗੱਡੀਆਂ ਨੇ ਮੌਕੇ ਉਤੇ ਆ ਕੇ ਅੱਗ ਉਤੇ ਕਾਬੂ ਪਾ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਲੜਕੀਆਂ ਦੀ ਉਮਰ 19 ਤੋਂ 23 ਸਾਲ ਦੇ ਵਿਚਕਾਰ ਸੀ।
ਮ੍ਰਿਤਕ ਲੜਕੀਆਂ ਦੀ ਪਹਿਚਾਣ ਪਾਕਸ਼ੀ ਗਰੋਵਰ ਕੋਟਕਪੂਰਾ (22), ਰੀਆ ਕਪੂਰਥਲਾ (21) ਅਤੇ ਮੁਸਕਾਨ ਹਿਸਾਰ (21) ਵਜੋਂ ਹੋਈ ਹੈ। ਇਸ ਤੋਂ ਬਿਨਾਂ ਜ਼ਖਮੀ ਲੜਕੀਆਂ ਦੀ ਪਹਿਚਾਣ ਜੈਸਮੀਨ (19) ਅਤੇ ਫੈਮਿਨਾ (23) ਵਜੋਂ ਹੋਈ ਹੈ। ਇਹ ਜੋ ਦੋਵੇਂ ਲੜਕੀਆਂ ਜ਼ਖਮੀ ਹੋਈਆਂ ਹਨ ਨੇ ਅੱਗ ਤੋਂ ਬਚਣ ਲਈ ਬਿਲਡਿੰਗ ਤੋਂ ਛਲਾਂਗ ਲਾ ਦਿੱਤੀ ਜਿਸ 'ਚ ਦੋਵੇ ਗੰਭੀਰ ਜ਼ਖਮੀ ਹੋ ਗਈਆਂ।
ਇਸ ਪੀਜੀ 'ਚ ਕੁਲ 20 ਤੋਂ 25 ਲੜਕੀਆਂ ਰਹਿੰਦੀਆਂ ਸਨ। ਜਦੋਂ ਇਹ ਘਟਨਾ ਵਾਪਰੀ ਉਸ ਵਕਤ ਇਸ ਪੀਜੀ 'ਚ ਚਾਰ ਲੜਕੀਆਂ ਹੀ ਮੌਜੂਦ ਸਨ। ਅੱਗ ਤੋਂ ਬਚਣ ਲਈ ਲੜਕੀਆਂ ਨੇ ਆਪਣੇ ਆਪ ਨੂੰ ਬੈੱਡ ਹੇਠਾਂ ਲੁਕਾ ਲਿਆ ਪਰ ਅੱਗ ਇਨੀਂ ਘਾਤਕ ਸੀ ਕਿ ਉਸਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਉਹ ਝੁਲਸ ਗਈਆਂ ਅਤੇ ਤਿੰਨ ਲੜਕੀਆਂ ਦੀ ਮੌਤ ਹੋ ਗਈ।