ਪਟਿਆਲਾ 22 ਫਰਵਰੀ 2020 - ਪਟਿਆਲਾ ਦੀ ਅਕਾਲੀ ਸਿਆਸਤ ਵਿੱਚ ਅੱਜ ਉਸ ਸਮੇਂ ਹਿਲਜੁਲ ਹੋਈ ਜਦੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਕੌਮੀ ਅਤੇ ਸਿਰਕੱਢ ਆਗੂਆਂ ਨੇ ਅਕਾਲੀ ਦਲ ਦੇ ਆਹੁਦਿਆ ਤੋਂ ਅਸਤੀਫੇ ਦੇ ਦਿਤੇ।
ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸਰਦਾਰ ਰਣਧੀਰ ਸਿੰਘ ਰੱਖੜਾ ਸਾਬਕਾ ਚੇਅਰਮੈਨ ਪੰਜਾਬ ਐਗਰੋ ਫੂਡਗਰੇਨ ਕਾਰਪੋਰੇਸ਼ਨ ਅਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਪਟਿਆਲਾ, ਸ੍ਰੀ ਅਜੈ ਥਾਪਰ ਕੋਮੀ ਸਿਆਸੀ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਸਰਬਜੀਤ ਸਿੰਘ ਰੋਹਟਾ, ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਪਟਿਆਲਾ ਦਿਹਾਤੀ, ਮੇਜਰ ਸਿੰਘ ਭੜੀ ਜਨਰਲ ਸਕੱਤਰ ਸਰੋਮਣੀ ਅਕਾਲੀ ਦਲ ਜਿਲ੍ਹਾ ਪਟਿਆਲਾ ਦਿਹਾਤੀ, ਜੋਗਿੰਦਰ ਪਾਲ ਸਿੰਘ ਲਵਲੀ ਬਵੇਜਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਪਟਿਆਲਾ ਦਿਹਾਤੀ, ਜਸਵੀਰ ਸਿੰਘ ਜੱਸੀ ਰੋਹਟਾ ਸਾਬਕਾ ਸਰਪੰਚ ਅਤੇ ਜਨਰਲ ਸਕੱਤਰ ਯੂਥ ਵਿੰਗ ਅਕਾਲੀ ਦਲ ਮਾਲਵਾ ਜੋਨ 2, ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਅਤੇ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀਆਂ ਆਪ ਹੁਦਰੀਆਂ ਕਾਰਵਾਈਆਂ ਤੋਂ ਨਰਾਜ਼ ਹੋ ਕੇ ਅਸਤੀਫੇ ਦਾ ਦੇਣ ਦਾ ਐਲਾਨ ਕੀਤਾ।
ਰਣਧੀਰ ਸਿੰਘ ਰੱਖੜਾ ਸਮੇਤ ਉਪਰੋਕਤ ਆਗੂਆਂ ਨੇ ਬੋਲਦਿਆਂ ਕਿਹਾ ਕਿ, "ਅਕਾਲੀ ਦਲ ਦੇ ਪ੍ਰਧਾਨ ਵੱਲੋਂ ਢੀਂਡਸਿਆ ਨੂੰ ਪਹਿਲਾ ਨੋਟਿਸ ਦੇਣ ਦੀ ਗੱਲ ਕਰਕੇ, ਫਿਰ ਬਿਨਾਂ ਨੋਟਿਸ ਦਿੱਤਿਆਂ ਹੀ ਪਾਰਟੀ ਵਿੱਚੋਂ ਬਾਹਰ ਕਰਕੇ ਆਪਣੇ ਆਪ ਨੂੰ ਇੱਕ ਵਾਰ ਫਿਰ ਤਾਨਾਸ਼ਾਹ ਅਤੇ ਹੰਕਾਰੀ ਸਾਬਤ ਕਰ ਦਿੱਤਾ ਹੈ।" ਉਹਨਾਂ ਕਿਹਾ ਕਿ ਪਾਰਟੀਆ ਅਸੂਲਾਂ ਨਾਲ ਚੱਲਦੀਆਂ ਹਨ ਨਾ ਕਿ ਤਾਨਾਸ਼ਾਹੀ ਰਵੱਈਏ ਨਾਲ ਉਪਰੋਕਤ ਆਗੂਆ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਦੇ ਨਿੱਜੀ ਪਰਿਵਾਰਿਕ ਲਾਲਚਾਂ ਦੇ ਭਾਰੂ ਹੋਣ ਕਰਕੇ ਅਕਾਲੀ ਦਲ ਨੂੰ ਵਾਰ ਵਾਰ ਨਮੋਸ਼ੀਆ ਦਾ ਸਾਹਮਣਾ ਕਰਨ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਅਹੁਦੇਦਾਰ ਅਤੇ ਵਰਕਰ, ਇਹ ਸਮਝ ਚੁੱਕੇ ਹਨ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਫੇਲ੍ਹ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਹੋਰ ਵੀ ਨਿਘਾਰ ਵੱਲ ਜਾ ਰਿਹਾ ਹੈੈ ਅਤੇ ਜਿਵੇਂ ਸੰਗਰੂਰ ਰੈਲੀ ਸਮੇਂ ਸ. ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ ਬਾਰੇ ਜਿਸ ਤਰ੍ਹਾਂ ਸ਼ਬਦਾਵਲੀ ਦੀ ਵਰਤੋਂ ਕੀਤੀ, ਉਸ ਤੋਂ ਪਤਾ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੁਣ ਘਬਰਾਹਟ ਵਿੱਚ ਆ ਕੇ ਆਪਣਾ ਸੰਤੁਲਨ ਖਰਾਬ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਪ੍ਰਧਾਨ ਨੇ ਕਿਸੇ ਵੀ ਵਰਕਰ ਬਾਰੇ ਇਸ ਤਰ੍ਹਾ ਦੀ ਭਾਵਨਾ ਪ੍ਰਗਟ ਨਹੀਂ ਕੀਤੀ, ਜਿਵੇਂ ਸੁਖਬੀਰ ਸਿੰਘ ਬਾਦਲ ਨੇ ਸਟੇਜ਼ ਤੋਂ ਸ਼ਰੇਆਮ ਕਿਹਾ ਕਿ ਢੀਂਡਸਿਆਂ ਦਾ ਅੱਜ ਭੋਗ ਪੈ ਗਿਆ, ਮੈਂ ਉਹਨਾਂ ਦੀ ਅੰਤਿਮ ਅਰਦਾਸ ਤੇ ਆਇਆ ਹਾਂ। ਇਹ ਸ਼ਬਦਾਵਲੀ ਅਤਿ ਨਿੰਦਣਯੋਗ ਹੈ।'
ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਨੇ ਕਿ ਜੇ ਇਨ੍ਹੇ ਸੀਨੀਅਰ ਅਤੇ ਆਪਣੀ ਉਮਰ ਤੋ ਵੀ ਵੱਡੇ ਲੀਡਰਾਂ ਪ੍ਰਤੀ ਇਸ ਤਰ੍ਹਾ ਦੀ ਸੋਚ ਰੱਖਣ ਵਾਲੇ ਪ੍ਰਧਾਨ ਦੀ ਅਗਵਾਈ ਵਿੱਚ ਕੰਮ ਕਰ ਰਹੇ ਹਾਂ ਤਾਂ ਪਰਧਾਨ ਦੀ ਸਾਡੇ ਪ੍ਰਤੀ ਕੀ ਸੋਚ ਹੋਵੇਗੀ । ਸ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਅਗਵਾਈ ਕਰਨ ਦੇ ਆਸਮਰੱਥ ਨਜਰ ਆ ਰਹੇ ਹਨ। ਕਿਉਂਕਿ ਸੰਗਰੂਰ ਦੀ ਸਟੇਜ਼ ਤੇ ਹੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ “ਮੈਂ ਅੱਜ ਆਉਣਾ ਨਹੀਂ ਸੀ ਚਾਹੁੰਦਾ, ਮੈਨੂ ਸੁਖਬੀਰ ਜ਼ੋਰ ਦੇ ਕੇ ਲੈ ਕੇ ਆਇਆ ਕਿ ਤੁਹਾਨੂੰ ਸੰਗਰੂਰ ਤਾਂ ਜਾਣਾ ਹੀ ਪੈਣਾ” ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸਬੂਤ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗ ਚੁੱਕਾ ਸੀ ਕਿ ਲੋਕ ਉਸਦੀ ਲੀਡਰਸ਼ਿਪ ਨੂੰ ਪਸੰਦ ਨਹੀਂ ਕਰਦੇ। ਜਿੰਨ੍ਹਾਂ ਗੱਲਾਂ ਤੋਂ ਦੁਖੀ ਹੋ ਕੇ ਉਕਤ ਤਮਾਮ ਲੀਡਰਾਂ ਨੇ ਅਕਾਲੀ ਦਲ ਦੇ ਆਹੁਦਿਆ ਤੋਂ ਅੱਜ ਅਸਤੀਫੇ ਦੇਣ ਦਾ ਫੈਸਲਾ ਕੀਤਾ।