ਲੋਕੇਸ਼ ਰਿਸ਼ੀ
ਗੁਰਦਾਸਪੁਰ, 22 ਫਰਵਰੀ 2020 - ਬੀਤੇ ਵੀਰਵਾਰ ਨੂੰ ਲੋਕ ਇਨਸਾਫ਼ ਪਾਰਟੀ ਦੇ ਬਟਾਲਾ ਪ੍ਰਧਾਨ ਵੱਲੋਂ ਸਥਾਨਕ ਗਾਂਧੀ ਚੌਂਕ ਵਿਖੇ ਲਾਏ ਗਏ ਧਰਨਾ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ। ਜਦੋਂ ਪੁਲਿਸ ਵੱਲੋਂ ਪਾਰਟੀ ਦੇ ਬਟਾਲਾ ਇੰਚਾਰਜ ਅਤੇ ਉਸ ਦੇ 17 ਸਾਥੀਆਂ ਖ਼ਿਲਾਫ਼ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਲੋਕਾਂ ਦਾ ਰਾਹ ਰੋਕਣ ਜਿਹੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਦਿੱਤਾ ਗਿਆ।
ਮਾਮਲਾ ਦਰਜ ਹੋਣ ਦੀ ਜਾਣਕਾਰੀ ਮਿਲਣ ਮਗਰੋਂ ਵਿਜੇ ਤ੍ਰੇਹਨ ਸ਼ਨੀਵਾਰ ਨੂੰ ਆਪਣੇ ਸਮਰਥਕਾਂ ਸਣੇ ਥਾਣੇ ਪਹੁੰਚੇ ਅਤੇ ਗ੍ਰਿਫ਼ਤਾਰੀ ਦੇਣ ਦੀ ਮੰਗ ਕਰਦਿਆਂ ਥਾਣੇ ਦੇ ਅੰਦਰ ਹੀ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉੱਥੇ ਦੂਜੇ ਪਾਸੇ ਤ੍ਰੇਹਨ ਅਤੇ ਉਸ ਦੇ ਸਾਥੀਆਂ ਉੱਪਰ ਮਾਮਲਾ ਦਰਜ ਹੋਣ ਦੇ ਬਾਵਜੂਦ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰੀ ਕਰਨ ਤੋਂ ਬਚਦੀ ਨਜ਼ਰ ਆਈ।
ਸਥਾਨਕ ਥਾਣਾ ਸਿਟੀ ਦੇ ਅੰਦਰ ਪ੍ਰਦਰਸ਼ਨ ਕਰ ਰਹੇ ਵਿਜੇ ਤ੍ਰੇਹਨ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਬੀਤੇ ਵੀਰਵਾਰ ਨੂੰ ਉਨ੍ਹਾਂ ਵੱਲੋਂ ਬਟਾਲਾ ਸ਼ਹਿਰ ਦੀ ਬੁਰੀ ਹਾਲਤ ਨੂੰ ਨਾ ਸੁਧਾਰੇ ਜਾਣ ਦੇ ਰੋਸ ਵਜੋਂ ਸਥਾਨਕ ਗਾਂਧੀ ਚੌਂਕ ਵਿਖੇ ਧਰਨਾ ਲਗਾਇਆ ਗਿਆ ਸੀ। ਜੋ ਕਿ ਕਰੀਬ 6 ਘੰਟੇ ਤੱਕ ਜਾਰੀ ਰਿਹਾ। ਉਨ੍ਹਾਂ ਨੇ ਬਟਾਲਾ ਪੁਲਿਸ ਉੱਪਰ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਤਾਂ ਪੁਲਿਸ ਨੇ ਆਪ ਧਰਨਾ ਕਾਰਿਆਂ ਨੂੰ ਡਰਾ ਧਮਕਾ ਕੇ ਵਾਪਸ ਭੇਜਣਾ ਸ਼ੁਰੂ ਕੀਤਾ ਅਤੇ ਜਦੋਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਰਹਿ ਗਈ। ਤਾਂ ਦੁਕਾਨਦਾਰਾਂ ਨੂੰ ਅੱਗੇ ਲਗਾ ਕੇ ਧਰਨਾ ਚੁਕਵਾ ਦਿੱਤਾ ਗਿਆ। ਤ੍ਰੇਹਨ ਨੇ ਕਿਹਾ ਕਿ ਉਨ੍ਹਾਂ ਨੇ ਬਟਾਲਾ ਸ਼ਹਿਰ ਦੇ ਸੁਧਾਰ ਲਈ ਧਰਨਾ ਲਗਾਇਆ ਸੀ। ਨਾ ਕਿ ਆਪਣੇ ਕਿਸੇ ਨਿੱਜੀ ਸਵਾਰਥ ਲਈ। ਤ੍ਰੇਹਨ ਨੇ ਕਿਹਾ ਕਿ ਬਟਾਲਾ ਪੁਲਿਸ ਸਿਆਸੀ ਸ਼ੈਅ ਤੇ ਕੰਮ ਕਰ ਰਹੀ ਹੈ। ਨਹੀਂ ਤਾਂ ਉਸ ਚੌਂਕ ਵਿਖੇ ਸ਼ੁਰੂ ਤੋਂ ਹੀ ਧਰਨੇ ਲੱਗਦੇ ਰਹੇ ਹਨ ਅਤੇ ਅੱਜ ਤੱਕ ਕਿਸੇ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਪਰ ਬਟਾਲਾ ਪੁਲਿਸ ਨੇ ਲੋਕ ਇਨਸਾਫ਼ ਪਾਰਟੀ ਦੇ ਸਮਰਥਕਾਂ ਉੱਪਰ ਮਾਮਲਾ ਦਰਜ ਕਰ ਕੇ ਸਾਬਿਤ ਕਰ ਦਿੱਤਾ ਕਿ ਉਹ ਸਿਆਸੀ ਸ਼ੈਅ ਤੇ ਕੰਮ ਕਰ ਰਹੀ ਹੈ।
ਉੱਥੇ ਦੂਜੇ ਪਾਸੇ ਸਬੰਧਿਤ ਥਾਣਾ ਸਿਟੀ ਦੇ ਐੱਸ.ਐੱਚ.ਓ ਸੁਖਵਿੰਦਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਬਟਾਲਾ ਪ੍ਰਧਾਨ ਵਿਜੇ ਤ੍ਰੇਹਨ ਵੱਲੋਂ ਬਿਨਾ ਇਜਾਜ਼ਤ ਧਰਨਾ ਪ੍ਰਦਰਸ਼ਨ ਕਰ ਕੇ ਨਾ ਸਿਰਫ਼ 6 ਘੰਟੇ ਤੱਕ ਆਮ ਲੋਕਾਂ ਦਾ ਰਾਹ ਰੋਕਿਆ ਗਿਆ। ਬਲਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਉਲੰਘਣਾ ਵੀ ਕੀਤੀ ਗਈ। ਐੱਸ.ਐੱਚ.ਓ ਨੇ ਦੱਸਿਆ ਕਿ ਲੋਕ ਇਨਸਾਫ਼ ਪਾਰਟੀ ਵੱਲੋਂ ਲਾਏ ਗਏ ਉਸ ਧਰਨੇ ਵਿਖੇ ਤਹਿਸੀਲਦਾਰ ਸਮੇਤ ਹੋਰ ਅਧਿਕਾਰੀ ਵੀ ਪਹੁੰਚੇ। ਪਰ ਧਰਨਾਕਾਰੀਆਂ ਨੇ ਕਿਸੇ ਵੀ ਅਧਿਕਾਰੀ ਨਾਲ ਗੱਲ ਕਰਨ ਤੋਂ ਇਨਕਾਰ ਕਰਦਿਆਂ ਧਰਨਾ ਜਾਰੀ ਰੱਖਿਆ ਅਤੇ ਅਖੀਰ ਇਲਾਕੇ ਦੇ ਦੁਕਾਨਦਾਰਾਂ ਵੱਲੋਂ ਧਰਨਾ ਖ਼ਤਮ ਕਰਵਾਇਆ ਗਿਆ ਸੀ।
ਥਾਣੇ ਅੰਦਰ ਪਹੁੰਚੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰਨ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਐੱਸ.ਐੱਚ.ਓ ਸੁਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਮੁਲਜ਼ਮਾਂ ਵੱਲੋਂ ਕੋਈ ਜ਼ਮਾਨਤੀ ਪੇਸ਼ ਕੀਤਾ ਜਾਂਦਾ ਹੈ। ਤਾਂ ਇਹਨਾਂ ਨੂੰ ਬਰ-ਜ਼ਮਾਨਤ ਰਿਹਾ ਕੀਤਾ ਜਾਵੇਗਾ। ਨਹੀਂ ਤਾਂ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕਰ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।