ਇੰਦਰਜੀਤ ਸਿੰਘ
ਫਾਜ਼ਿਲਕਾ, 21 ਫਰਵਰੀ 2020 - ਫਾਜ਼ਿਲਕਾ ਦੇ ਪਿੰਡ ਪੂਰਨ ਪੱਟੀ ਵਿੱਚ 3 ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋਈ ਹੈ। ਵਿਆਹੁਤਾ ਦੀ ਮੌਤ ਬੀਤੇ ਮੰਗਲਵਾਰ ਨੂੰ ਹੋਈ। ਪਰ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਦੀ ਖਬਰ ਦੇਰ ਸ਼ਾਮ ਤੱਕ ਦਿੱਤੀ ਗਈ। ਜਿਸ 'ਤੇ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕਾ ਦੇ ਸਹੁਰਾ - ਪਰਿਵਾਰ 'ਤੇ ਬਲਾਤਕਾਰ ਦੇ ਬਾਅਦ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ ਅਤੇ ਥਾਣਾ ਅਰਨੀਵਾਲਾ ਦੀ ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸਦਾ ਪੋਸਟਮਾਰਟਮ ਅੱਜ ਸ਼ੁੱਕਰਵਾਰ ਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਕਰਵਾਇਆ ਜਾਏਗਾ।
ਇਸ ਮੌਕੇ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਵਿੱਚ ਮ੍ਰਿਤਕਾ ਦੇ ਪਿਤਾ ਫੂਲਾ ਸਿੰਘ, ਉਸਦੇ ਤਾਇਆ ਦਰਸ਼ਨ ਸਿੰਘ, ਚਾਚੀ ਪਿਆਰਾ ਬਾਈ ਅਤੇ ਪਿੰਡ ਦੇ ਸਰਪੰਚ ਜਗਿੰਦਰ ਸਿੰਘ ਨੇ ਦੱਸਿਆ ਕਿ ਉਹ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੈਂਦੇ ਪਿੰਡ ਰਾਉ-ਕੇ ਉਤਾੜ ਦੇ ਰਹਿਣ ਵਾਲੇ ਹਨ ਉਨ੍ਹਾਂ ਨੇ ਆਪਣੀ ਲੜਕੀ ਨੀਲਮ ਦਾ ਵਿਆਹ ਬੀਤੀ 16 ਦਸੰਬਰ 2019 ਨੂੰ ਫਾਜ਼ਿਲਕਾ ਦੇ ਪਿੰਡ ਪੂਰਨ ਪੱਟੀ ਵਿੱਚ ਫੌਜੀ ਮਿੱਠਨ ਸਿੰਘ ਦੇ ਨਾਲ ਕੀਤਾ ਸੀ। ਪਰ ਫੌਜੀ ਦਾ ਪਿਤਾ ਗੁਰਮੇਜ ਸਿੰਘ ਉਨ੍ਹਾਂ ਦੀ ਕੁੜੀ ਉੱਤੇ ਬੁਰੀ ਨੀਅਤ ਰੱਖਦਾ ਸੀ। ਜਿਸ ਬਾਰੇ ਲੜਕੀ ਨੇ ਆਪਣੀ ਮਾਂ ਨੂੰ ਫੋਨ ਉੱਤੇ ਦੱਸਿਆ ਸੀ। ਹੁਣ ਜਦੋਂ ਲੜਕੀ ਦੀ ਮੌਤ ਹੋਈ ਹੈ ਮ੍ਰਿਤਕਾ ਦੇ ਗਲੇ ਅਤੇ ਸਰੀਰ ਉੱਤੇ ਕਾਫ਼ੀ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ ਤਾਂ ਉਨ੍ਹਾਂ ਨੂੰ ਸ਼ੱਕ ਹੈ ਕਿ ਲੜਕੀ ਦੇ ਸਹੁਰੇ ਨੇ ਉਨ੍ਹਾਂ ਦੀ ਲੜਕੀ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸਦਾ ਕੱਤਲ ਕੀਤਾ ਹੈ ਜਿਸ ਦੀ ਉਹ ਪੁਲਿਸ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ।
ਇਸ ਮਾਮਲੇ ਬਾਰੇ ਜਦੋਂ ਅਰਨੀਵਾਲਾ ਥਾਣੇ ਦੇ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਵਲੋਂ ਸ਼ਿਕਾਇਤ ਦਿੱਤੀ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਇਸਦੀ ਫਾਰੇਂਸਿਕ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ, ਜਿਸਦੇ ਤਹਿਤ ਅਸੀ ਮ੍ਰਿਤਕਾ ਦਾ ਪੋਸਟਮਾਰਟਮ ਫਰੀਦਕੋਟ ਮੇਡੀਕਲ ਕਾਲਜ ਵਿੱਚ ਕਰਵਾਉਣ ਜਾ ਰਹੇ ਹਾਂ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਏਗੀ। ਫਿਲਹਾਲ ਉਨ੍ਹਾਂ ਨੇ ਅਧੀਨ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ।
3 ਮਹੀਨੇ ਪਹਿਲਾਂ ਵਿਆਹੀ ਇਸ ਮ੍ਰਿਤਕ ਲੜਕੀ ਦਾ ਪਤੀ ਫੌਜ ਵਿੱਚ ਹੈ ਜੋ ਜੰਮੂ ਕਸ਼ਮੀਰ ਵਿੱਚ ਤੈਨਾਤ ਹੈ ਹੁਣ ਵੇਖਣਾ ਹੋਵੇਗਾ ਕਿ ਮੈਡੀਕਲ ਰਿਪੋਰਟ ਅਤੇ ਪੁਲਿਸ ਦੀ ਜਾਂਚ ਵਿੱਚ ਕੀ ਗੱਲ ਸਾਹਮਣੇ ਆਉਂਦੀ ਹੈ।