ਹਰਦਮ ਮਾਨ
ਸਰੀ, 19 ਫਰਵਰੀ 2020 - ਰਿਚਮੰਡ ਦੀ ਬਹੁ-ਸੱਭਿਆਚਾਰਕ ਕਮਿਊਨਿਟੀ ਬਾਰੇ ਨੈਸ਼ਨਲ ਫਿਲਮ ਬੋਰਡ ਆਫ ਕੈਨੇਡਾ ਵੱਲੋਂ ਬਣਾਈ ਗਈ ਫਿਲਮ “ਹਾਈਵੇ ਟੂ ਹੈਵਨ” ਬੀਤੇ ਦਿਨ ਫਿਲਮ ਦੇ ਲੇਖਕ ਅਤੇ ਪ੍ਰੋਡਿਊਸਰ ਸੈਂਡਰਾ ਇਗਨਾਗਨੀ ਵੱਲੋਂ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ,ਰਿਚਮੰਡ ਵਿਖੇ ਇਕੱਤਰ ਹੋਈ ਸੰਗਤ ਨੂੰ ਦਿਖਾਈ ਗਈ। ਇਹ ਫਿਲਮ ਰਿਚਮੰਡ ਦੀ ਨੰਬਰ 5 ਰੋਡ ਬਾਰੇ ਹੈ। ਇਸ ਰੋਡ ਨੂੰ “ਸਵਰਗ ਦੇ ਰਾਹ” ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਸੜਕ ਉਪਰ ਵੀਹ ਤੋਂ ਵੀ ਵੱਧ ਵੱਖ ਵੱਖ ਧਰਮਾਂ ਦੇ ਧਾਰਮਿਕ ਅਤੇ ਸਿੱਖਿਆ ਅਸਥਾਨ ਹਨ ਅਤੇ ਇਹ ਸਾਰੇ ਆਪਸੀ ਸਹਿਯੋਗ, ਪਿਆਰ ਅਤੇ ਸਤਿਕਾਰ ਨਾਲ ਪ੍ਰਫੁੱਲਤ ਹੋ ਰਹੇ ਹਨ। “ਹਾਈਵੇ ਟੂ ਹੈਵਨ” ਇਸ ਵਿਸ਼ੇਸ਼ ਰੋਡ ਬਾਰੇ ਇਕ ਸੰਖੇਪ ਪਰ ਬਹੁਤ ਹੀ ਸੁੰਦਰ ਅਤੇ ਪ੍ਰਭਾਵਸ਼ਾਲੀ ਫਿਲਮ ਹੈ। ਇਹ ਫਿਲਮ ਟਰਾਂਟੋ ਅਤੇ ਵੈਨਕੂਵਰ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲਾਂ ਵਿਚ ਵੀ ਦਿਖਾਈ ਜਾ ਚੁੱਕੀ ਹੈ।
ਸੰਗਤਾਂ ਨੇ ਇਸ ਫਿਲਮ ਨੂੰ ਦੇਖਣ ਲਈ ਬਹੁਤ ਹੀ ਦਿਲਚਸਪੀ ਦਿਖਾਈ ਅਤੇ ਇਸ ਦਾ ਅਨੰਦ ਮਾਣਿਆਂ। ਫਿਲਮ ਦੀ ਸਮਾਪਤੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਆਈਆਂ ਸੰਗਤਾਂ ਅਤੇ ਨੈਸ਼ਨਲ ਫਿਲਮ ਬੋਰਡ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com