ਲੋਕੇਸ਼ ਰਿਸ਼ੀ
ਗੁਰਦਾਸਪੁਰ, 19 ਫਰਵਰੀ 2020 - ਬਟਾਲਾ ਵਿਖੇ 27 ਫਰਵਰੀ ਤੋਂ 2 ਮਾਰਚ ਤੱਕ ਹੋਣ ਜਾ ਰਹੇ 11 ਵੇਂ ਕੌਮੀ ਪਸ਼ੂ-ਧਨ ਚੈਂਪੀਅਨਸ਼ਿਪ ਦੌਰਾਨ ਜੇਤੂਆਂ ਨੂੰ 2 ਕਰੋੜ ਰੁਪਏ ਦੇ ਨਕਦ ਇਨਾਮ ਤਕਸੀਮ ਕੀਤੇ ਜਾਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਵੱਲੋਂ ਉਸ ਵੇਲੇ ਕੀਤਾ ਗਿਆ। ਜਦੋਂ ਉਹ ਬਟਾਲਾ ਦੇ ਪੁੱਡਾ ਮੈਦਾਨ ਵਿਖੇ ਹੋਣ ਜਾ ਰਹੇ ਪਸ਼ੂ ਧੰਨ ਮੁਕਾਬਲਿਆਂ ਸਬੰਧੀ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਐੱਸ.ਡੀ.ਐਮ ਗੁਰਦਾਸਪੁਰ, ਐੱਸ.ਡੀ.ਐਮ ਦੀਨਾਨਗਰ, ਐੱਸ.ਡੀ.ਐੱਸ.ਬਟਾਲਾ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸਮੇਤ ਪੁਲਿਸ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਵਧੇਰੇ ਜਾਣਕਾਰੀ ਦਿੰਦਿਆਂ ਡੀ.ਸੀ ਇਸ਼ਫਾਕ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਦੁੱਧ ਚੁਆਈ ਅਤੇ ਨਸਲ ਦੇ ਮੁਕਾਬਲਿਆਂ ਵਿੱਚ ਜੇਤੂ ਜਾਨਵਰਾਂ ਦੇ ਮਾਲਕਾਂ ਨੂੰ 2 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਮੇਲੇ ਨੂੰ ਸੁਚਾਰੂ ਡੰਗ ਨਾਲ ਨੇਪਰੇ ਚਾੜ੍ਹਨ ਲਈ ਸਫ਼ਾਈ, ਆਵਾਜਾਈ ਦੇ ਸੁਖਾਲੇ ਪ੍ਰਬੰਧ, ਪੀਣਾ ਲਈ ਸਾਫ਼ ਪਾਣੀ, ਸੁਰੱਖਿਆ ਦੇ ਪ੍ਰਬੰਧ ਅਤੇ ਪਾਰਕਿੰਗ ਆਦਿ ਦੇ ਸੁਚਾਰੂ ਪ੍ਰਬੰਧ ਕਰਨ ਲਈ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੀ.ਐੱਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਮਿਲ ਕੇ ਕਿਸਾਨਾਂ, ਪਸ਼ੂ-ਧਨ ਮਾਲਕਾਂ, ਵੈਟਰਨਰੀ, ਪੋਸ਼ਣ ਮਾਹਿਰ ਅਤੇ ਫੂਡ ਪ੍ਰੋਸੈਸਿੰਗ ਅਤੇ ਐਗਰੀ ਸਾਇੰਸ ਤੋਂ ਵੱਖ-ਵੱਖ ਭਾਈ ਵਾਲਾਂ ਲਈ ਬਟਾਲਾ ਵਿਖੇ ਇਸ ਵਿਸ਼ਾਲ ਸਮਾਰੋਹ ਦੇ 11ਵੇਂ ਐਡੀਸ਼ਨ ਦਾ ਆਯੋਜਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਸਾਰਿਆਂ ਲਈ ਵਧੇਰੇ ਉਤਪਾਦਕਤਾ ਅਤੇ ਮੁਨਾਫ਼ਾ ਪ੍ਰਾਪਤ ਕਰਨ ਦੇ ਤਰੀਕਿਆਂ ਅਤੇ ਸਾਧਨਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਹ 11ਵੀਂ ਰਾਸ਼ਟਰੀ ਪਸ਼ੂ-ਧਨ ਚੈਂਪੀਅਨਸ਼ਿਪ 2020 ਪੰਜ ਦਿਨਾਂ ਤੱਕ ਚੱਲੇਗੀ। ਇਸ ਵਿੱਚ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਗਾਵਾਂ, ਮੱਝਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਹਨ ਅਤੇ ਨਾਲ ਹੀ ਘੋੜੇ, ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਸੂਰ, ਕੁੱਤੇ, ਪੋਲਟਰੀ ਦੇ ਨਸਲਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬਟਾਲਾ ਵਿਖੇ ਹੋਣ ਵਾਲੇ ਦੁੱਧ ਚੁਆਈ ਅਤੇ ਨਸਲ ਦੇ ਮੁਕਾਬਲਿਆਂ ਵਿੱਚ ਜੇਤੂ ਜਾਨਵਰਾਂ ਦੇ ਮਾਲਕਾਂ ਨੂੰ 2 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਨਾਲ ਹੀ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਨਾਲ ਹੀ ਪੁਰਸਕਾਰ ਜੇਤੂਆਂ ਵਿੱਚ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ ਵੀ ਸ਼ਾਮਲ ਹਨ। ਇਹ ਮੁਕਾਬਲਾ ਮਾਲਕਾਂ ਨੂੰ ਉਨ੍ਹਾਂ ਦੇ ਪਸ਼ੂਆਂ ਦੀ ਦੇਖਭਾਲ ਅਤੇ ਪ੍ਰਬੰਧਨ ਲਈ ਵਿਗਿਆਨਕ ਅਤੇ ਤਕਨੀਕੀ ਜਾਣਨ ਸਬੰਧੀ ਉਤਸ਼ਾਹਿਤ ਕਰੇਗਾ ਤਾਂ ਜੋ ਦੁੱਧ ਦੀ ਪੈਦਾਵਾਰ ਨੂੰ ਵਧਾਇਆ ਜਾ ਸਕੇ ਅਤੇ ਪਸੂਆਂ ਦੀ ਨਸਲ ਵਿੱਚ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪਸ਼ੂ-ਧਨ ਚੈਂਪੀਅਨਸ਼ਿਪ ਅਤੇ ਐਕਸਪੋ 2020 ਦੌਰਾਨ ਤਕਨੀਕੀ ਸੈਸ਼ਨ ਕਰਵਾਉਣ ਦੀ ਯੋਜਨਾ ਵੀ ਬਣਾਈ ਗਈ ਹੈ ਜੋ ਐਕਸਪੋ ਦੇ ਨਾਲ-ਨਾਲ ਚੱਲੇਗੀ। ਨਾਮਵਰ ਅਕਾਦਮਿਕ, ਵਿਗਿਆਨੀ, ਨੀਤੀ ਘਾੜੇ ਅਤੇ ਹੋਰ ਮਾਹਿਰ ਖੇਤੀਬਾੜੀ ਅਤੇ ਪਸੂ ਪਾਲਣ ਦੇ ਖੇਤਰ ਵਿਚ ਨਵੀਨਤਮ ਤਕਨੀਕਾਂ ਨੂੰ ਸਾਂਝਾ ਕਰਨ ਵਾਲੇ ਵੱਖ-ਵੱਖ ਸੈਸ਼ਨਾਂ ਨੂੰ ਸੰਬੋਧਿਤ ਕਰਨਗੇ ਜੋ ਕਿਸਾਨਾਂ ਦੀ ਉਤਪਾਦਕਤਾ ਨੂੰ ਵਧਾਉਣ ਵਿਚ ਸਹਾਇਤਾ ਕਰ ਸਕਦੇ ਹਨ। ਮੇਲੇ ਦੇ ਆਖ਼ਰੀ ਦਿਨ ਵਿਦਾਇਗੀ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ।