ਅਸ਼ੋਕ ਵਰਮਾ
- ਕਤਲ ਮਾਮਲੇ 'ਚ ਭੁਗਤ ਰਿਹਾ ਸੀ ਉਮਰ ਕੈਦ
- ਕੈਦੀ ਤੇ ਜ਼ੇਲ੍ਹ ਵਾਰਡਨ ਖਿਲਾਫ਼ ਮਾਮਲਾ ਦਰਜ਼
ਬਠਿੰਡਾ, 19 ਫਰਵਰੀ 2020 - ਇੱਥੋਂ ਦੀ ਕੇਂਦਰੀ ਜ਼ੇਲ੍ਹ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਕੈਦੀ ਪੁਲਿਸ ਨੂੰ ਉਸ ਵੇਲੇ ਚਕਮਾ ਦੇ ਕੇ ਫਰਾਰ ਹੋ ਗਿਆ ਜਦੋਂ ਪੁਲਿਸ ਉਸਨੂੰ ਮੈਡੀਕਲ ਲਈ ਸਿਵਲ ਹਸਪਤਾਲ ਬਠਿੰਡਾ ਲਿਆਈ ਸੀ। ਫਰਾਰ ਹੋਏ ਕੈਦੀ ਦੀ ਪਛਾਣ ਮੀਤਾ ਰਾਮ ਪੁੱਤਰ ਪਿਆਰਾ ਰਾਮ ਪਿੰਡ ਫਤੂਹੀ ਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਕੇਂਦਰੀ ਜ਼ੇਲ੍ਹ 'ਚੋਂ 7 ਜਣਿਆਂ ਨੂੰ ਪੁਲਿਸ ਅੱਜ ਮੈਡੀਕਲ ਲਈ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਲਿਆਈ ਸੀ। ਇਨ੍ਹਾਂ ਸੱਤ ਜਣਿਆਂ 'ਚੋਂ ਕੈਦੀ ਮੀਤਾ ਰਾਮ ਉਸ ਵੇਲੇ ਪੁਲਿਸ ਨੂੰ ਚਕਮਾ ਦੇ ਕੇ ਤਿੱਤਰ ਹੋ ਗਿਆ ਜਦੋਂ ਉਸਦਾ ਐਕਸਰੇ ਕਰਵਾਉਣ ਮਗਰੋਂ ਉਸਨੂੰ ਜ਼ੇਲ੍ਹ ਲਿਜਾਣ ਲਈ ਬੱਸ ਵੱਲ ਲਿਜਾਇਆ ਜਾ ਰਿਹਾ ਸੀ।
ਏ.ਐੱਸ.ਆਈ. ਰਜਿੰਦਰ ਕੁਮਾਰ ਚੌਕੀ ਇੰਚਾਰਜ ਹਸਪਤਾਲ ਬਠਿੰਡਾ ਨੇ ਦੱਸਿਆ ਕਿ ਕੈਦੀਆਂ ਤੇ ਹਵਾਲਾਤੀਆਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ। ਦੋ ਪੁਲਿਸ ਮੁਲਾਜ਼ਮਾਂ ਕੋਲ ਮੀਤਾ ਰਾਮ ਸਮੇਤ ਦੋ ਕੈਦੀ ਸਨ ਜਿੰਨ੍ਹਾਂ 'ਚੋਂ ਇੱਕ ਕੈਦੀ ਦਾ ਚੈਕਅੱਪ ਹੋਣਾ ਸੀ ਤੇ ਮੀਤਾ ਰਾਮ ਨੂੰ ਬੱਸ ਵਿਚ ਛੱਡਣ ਲਈ ਲਿਆਂਦਾ ਜਾ ਰਿਹਾ ਸੀ ਜਿਸ ਦੌਰਾਨ ਚਕਮਾ ਦੇਕੇ ਉਹ ਫਰਾਰ ਹੋ ਗਿਆ। ਕੈਦੀ ਮੀਤਾ ਰਾਮ 'ਤੇ ਸਾਲ 2006 ਵਿੱਚ ਧਾਰਾ 302 ਤਹਿਤ ਮੁਕੱਦਮਾ ਦਰਜ ਹੋਇਆ ਸੀ ਜਿਸ ਕਾਰਨ ਉਹ ਉਮਰ ਕੈਦ ਕੱਟ ਰਿਹਾ ਸੀ। ਥਾਣਾ ਕੋਤਵਾਲੀ ਦੇ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਕੈਦੀ ਤੋਂ ਇਲਾਵਾ ਉਸਦੇ ਨਾਲ ਆਏ ਇੱਕ ਜ਼ੇਲ੍ਹ ਵਾਰਡਨ ਜਸਵੀਰ ਸਿੰਘ ਖਿਲਾਫ਼ ਡਿਊਟੀ 'ਚ ਵਰਤੀ ਗਈ ਅਣਗਹਿਲੀ ਸਬੰਧੀ ਪਰਚਾ ਦਰਜ਼ ਕਰ ਲਿਆ ਹੈ।