ਅਸ਼ੋਕ ਵਰਮਾ
- ਰੋਸ ਹਫਤਾ ਮਨਾਉਣ ਦੇ ਸੱਦੇ ਦੀ ਵਿਊਂਤਬੰਦੀ
ਬਠਿੰਡਾ, 19 ਫਰਵਰੀ 2020 - ਸੀ.ਏ.ਏ., ਐਨ.ਪੀ.ਆਰ., ਐਨ.ਆਰ.ਸੀ. ਵਿਰੁੱਧ 16 ਫਰਵਰੀ ਦੀ ਮਲੇਰਕੋਟਲਾ ਰੈਲੀ ‘ਚ ਜੁੜੇ ਵਿਸ਼ਾਲ ਇਕੱਠ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸੱਦਾ ਦੇਣ ਵਾਲੀਆਂ 14 ਕਿਸਾਨ, ਮਜ਼ਦੂਰ, ਨੌਜਵਾਨ ਤੇ ਵਿਦਿਆਰਥੀ ਜੱਥੇਬੰਦੀਆਂ ਨੇ ਰੈਲੀ ਵਿੱਚ ਪਹੁੰਚੇ ਜਨਸਮੂਹ ਦਾ ਧੰਨਵਾਦ ਕੀਤਾ ਹੈ।
ਕਿਸਾਨ ਆਗੂ ਬੂਟਾ ਸਿੰਘ ਬੁਰਜਗਿਲ ਦੀ ਪ੍ਰਧਾਨਗੀ ਹੇਠ ਇਹਨਾਂ ਜੱਥੇਬੰਦੀਆਂ ਦੀ ਹੋਈ ਮੀਟਿੰਗ ਵਿੱਚ ਪੁੱਜੀਆਂ ਰਿਪੋਰਟਾਂ ਅਨੁਸਾਰ ਰੈਲੀ ਵਿੱਚ ਇੱਕ ਲੱਖ ਤੋਂ ਵਧੇਰੇ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵੱਲੋਂ ਰੈਲੀ ਵਿੱਚ ਪੁੱਜੇ ਲੋਕਾਂ ਦੇ ਖਾਣੇ ਦਾ ਵੱਡਾ ਪ੍ਰਬੰਧ ਕਰਨ ਲਈ ਸਮੂਹ ਮਲੇਰਕੋਟਲਾ ਨਿਵਾਸੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਅੱਜ ਦੀ ਮੀਟਿੰਗ ਦੌਰਾਨ ਮੋਦੀ ਹਕੂਮਤ ਵੱਲੋਂ ਨਾਗਰਿਕਤਾ ਹੱਕਾਂ ‘ਤੇ ਬੋਲੇ ਹੱਲੇ ਖਿਲਾਫ਼ 24 ਤੋਂ 29 ਫਰਵਰੀ ਤੱਕ ਪੰਜਾਬ ਭਰ ਵਿੱਚ ਵਿਰੋਧ ਹਫ਼ਤਾ ਮਨਾਉਣ ਦੇ ਸੱਦੇ ਦੀ ਸ਼ੁਰੂਆਤ 24 ਫਰਵਰੀ ਨੂੰ ਬਰਨਾਲਾ ਜਿਲ੍ਹੇ ’ਚ ਵਿਸ਼ਾਲ ਮੁਜ਼ਾਹਰਾ ਕਰਕੇ ਕੀਤੀ ਜਾਵੇਗੀ। ਇਹ ਜਾਣਕਾਰੀ ਮੀਟਿੰਗ ਉਪਰੰਤ ਜੋਗਿੰਦਰ ਸਿੰਘ ਉਗਰਾਹਾਂ, ਰਾਜਵਿੰਦਰ ਸਿੰਘ ਅਤੇ ਬੂਟਾ ਸਿੰਘ ਬੁਰਜਗਿੱਲ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਦਿੱਤੀ ਗਈ।
ਉਹਨਾਂ ਦੱਸਿਆ ਕਿ ਵਿਰੋਧ ਹਫ਼ਤੇ ਦੀ ਲੜੀ ਤਹਿਤ 25 ਫਰਵਰੀ ਨੂੰ ਜਿਲ੍ਹਾ ਮੁਕਤਸਰ, 26 ਨੂੰ ਬਠਿੰਡਾ, 27 ਨੂੰ ਮੋਗਾ, ਤਰਨਤਾਰਨ ਤੇ ਗੁਰਦਾਸਪੁਰ, 28 ਨੂੰ ਸੰਗਰੂਰ, ਅੰਮ੍ਰਿਤਸਰ, ਫਿਰੋਜਪੁਰ, ਸ਼ਾਹਕੋਟ ਤੇ ਫਾਜਲਿਕਾ, 29 ਨੂੰ ਪਟਿਆਲਾ ਤੇ ਫਰੀਦਕੋਟ ਜਿਲ੍ਹੇ ‘ਚ ਜਿਲ੍ਹਾ ਤੇ ਤਹਿਸੀਲ ਕੇਂਦਰਾਂ ’ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਲੁਧਿਆਣਾ ਅਤੇ ਮਾਨਸਾ ਵਿੱਚ ਰੋਸ ਮੁਜ਼ਾਹਰਿਆਂ ਦੀਆਂ ਤਰੀਕਾਂ ਦਾ ਵੀ ਜਲਦ ਹੀ ਐਲਾਨ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜਦ ਤੱਕ ਮੋਦੀ ਹਕੂਮਤ ਆਪਣੇ ਇਹ ਫਿਰਕੂ ਫਾਸੀਵਾਦੀ ਕਦਮ ਵਾਪਿਸ ਨਹੀਂ ਲੈਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗੀ। ਪੰਜਾਬ ਦੀ ਕੈਪਟਨ ਸਰਕਾਰ ਨੂੰ ਜੱਥੇਬੰਦੀਆਂ ਨੇ ਸਖਤ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਜੇਕਰ ਪੰਜਾਬ ਵਿੱਚ ਐਨ.ਪੀ.ਆਰ. ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਾਰਾਹਾਂ) ਵੱਲੋਂ ਜੋਗਿੰਦਰ ਸਿੰਘ ਉਗਰਾਹਾਂ, ਕਾਰਖਾਨਾ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਲਖਵਿੰਦਰ, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਵੱਲੋਂ ਬੂਟਾ ਸਿੰਘ ਬੁਰਜਗਿੱਲ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੰਵਲਪ੍ਰੀਤ ਪੰਨੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਲਛਮਣ ਸਿੰਘ ਸੇਵੇਵਾਲਾ, ਨੌਜਵਾਨ ਭਾਰਤ ਸਭਾ (ਲਲਕਾਰ) ਵੱਲੋਂ ਛਿੰਦਰਪਾਲ, ਪੀਐਸਯੂ (ਸ਼ਹੀਦ ਰੰਧਾਵਾ) ਵੱਲੋਂ ਹੁਸ਼ਿਆਰ ਸਿੰਘ, ਪੀਐਸਯੂ (ਲਲਕਾਰ) ਵੱਲੋਂ ਗੁਰਪ੍ਰੀਤ ਸਿੰਘ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਵੱਲੋਂ ਹਰਜਿੰਦਰ ਸਿੰਘ, ਨੌਜਵਾਨ ਭਾਰਤ ਸਭਾ ਵੱਲੋਂ ਅਸ਼ਵਨੀ ਘੁੱਦਾ ਤੋਂ ਇਲਾਵਾ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਅਤੇ ਝੰਡਾ ਸਿੰਘ ਹਾਜ਼ਰ ਸਨ।