ਅਸ਼ੋਕ ਵਰਮਾ
- ਥਾਂ-ਥਾਂ ਤੋਂ ਟੁੱਟੀ - ਭਿਆਨਕ ਸੜਕੀ ਹਾਦਸਾ ਹੋਣ ਦੀ ਸੰਭਾਵਨਾ
ਮਾਨਸਾ, 19 ਫਰਵਰੀ 2020 - ਅੱਜ ਤੋਂ ਤਕਰੀਬਨ ਛੇ ਮਹੀਨੇ ਪਹਿਲਾਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਮਾਨਸਾ ਤੋਂ ਬਰਨਾਲਾ ਸ਼ਹਿਰ ਨੂੰ ਜਾਣ ਵਾਲੇ ਟੁੱਟੀ ਸੜਕ ਦਾ ਮੁੱਦਾ ਸਮੱਸਿਆਵਾਂ ਮਾਨਸਾ ਵਿਧਾਨ ਸਭਾ ਹਲਕੇ ਦੀਆਂ ਮੁਹਿੰਮ ਦੌਰਾਨ ਸੋਸਲ ਮੀਡੀਆ ਅਤੇ ਮੀਡੀਆ ਰਾਹੀਂ ਉਠਾਇਆ ਸੀ। ਪਰ ਉਸ ਤੋਂ ਕੁਝ ਦਿਨ ਬਾਅਦ ਇਸ ਸੜਕ ਤੇ ਜੋ ਥਾਵਾਂ ਉਪਰ ਟੋਏ ਪਏ ਹੋਏ ਸਨ ਉਹਨਾਂ ਨੂੰ ਸੰਬਧਤ ਮਹਿਕਮੇ ਵੱਲੋਂ ਠੀਕ ਕਰ ਦਿੱਤਾ ਗਿਆ ਸੀ ਪਰ ਹੁਣ ਇਹ ਸੜਕ ਮਾਨਸਾ ਤੋਂ ਅਕਲੀਆ ਤੱਕ ਬੁਰ੍ਹੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਹੁਣ ਇਹ ਰਿਪੇਅਰਯੋਗ ਨਹੀਂ ਰਹੀ।
ਇਸ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਦੀ ਮੰਗ ਹੈ ਕਿ ਇਸ ਸੜਕ ਨੂੰ ਦੁਬਾਰਾ ਤੋਂ ਨਵੇਂ ਤੌਰ ਤੇ ਬਣਾਇਆ ਜਾਵੇ। ਇਸ ਸੰਬੰਧੀ। ਸੀਨੀਅਰ ਐਡਵੋਕੇਟ ਬਾਬੂ ਸਿੰਘ ਮਾਨ, ਧਰਮਿੰਦਰ ਸਿੰਘ ਸਰਾਂ ਅਤੇ ਹਰਪ੍ਰੀਤ ਸਿੰਘ ਭੈਣੀ, ਐਡਵੋਕੇਟ ਨੇ ਇਹ ਮਾਮਲਾ ਫਿਰ ਤੋਂ ਗੁਰਲਾਭ ਸਿੰਘ ਮਾਹਲ ਦੇ ਧਿਆਨ ਵਿੱਚ ਲਿਆਂਦਾ ਉਹਨਾਂ ਇਹ ਦੱਸਿਆ ਕਿ ਇਹ ਸੜਕ ਸਰਸਾ ਅਤੇ ਮਾਨਸਾ ਜਿਲ੍ਹੇ ਨੂੰ ਲੁਧਿਆਣਾ ਜਿਲ੍ਹੇ ਨਾਲ ਜੋੜਨ ਵਾਲਾ ਪ੍ਰਮੁੱਖ ਸੜਕ ਹੈ। ਸਾਰੇ ਮਰੀਜ਼ ਇਸ ਏਰੀਏ ਦੇ ਐਮਰਜੈਸੀ ਹਾਲਾਤ ਵਿੱਚ ਲੁਧਿਆਣਾ ਇਸ ਰੋਡ ਰਾਹੀਂ ਜਾਂਦੇ ਹਨ। ਉਹਨਾਂ ਨੂੰ ਲੁਧਿਆਣਾ ਜਾਣ ਸਮੇਂ ਇਸ ਟੁੱਟੀ ਰੋਡ ਹੋਣ ਕਾਰਨ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਇਲਾਵਾ ਕਈ ਪ੍ਰਾਈਵੇਟ ਵੱਡੇ ਸਕੂਲ ਜਿਵੇਂ ਰੈਨੇਸੈਂਸ ਸਕੂਲ, ਜੋਗੀਪਰ ਸਕੂਲ ਆਦਿ ਇਸ ਰੋਡ ਉਪਰ ਪੈਂਦੇ ਹਨ। ਇਹਨਾਂ ਸਕੂਲਾਂ ਵਿੱਚ ਜਾਂਦੇ ਬੱਚੇ ਕਿਸੇ ਸਮੇਂ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਸੜਕ ਦਾ ਨਿਰਮਾਣ ਨਵੇਂ ਤੌਰ ਤੇ ਜਲਦੀ ਤੋਂ ਜਲਦੀ ਕਰਵਾਇਆ ਜਾਵੇ। ਜੇਕਰ ਸਰਕਾਰ ਨੇ ਇਸ ਸੜਕ ਦਾ ਨਿਰਮਾਣ ਜਲਦੀ ਸ਼ੁਰੂ ਨਾ ਕਰਵਾਇਆ ਤਾਂ ਅਦਾਲਤ ਦਾ ਦਰਵਾਜਾ ਜਲਦੀ ਖੜਕਾਇਆ ਜਾਵੇਗਾ।