ਅਸ਼ੋਕ ਵਰਮਾ
ਮਾਨਸਾ 19 ਫਰਵਰੀ 2020 - ਅੱਜ ਮਾਨਸਾ ਦੇ ਨੌਜਵਾਨ ਅਕਾਲੀ ਆਗੂ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਅਕਾਲੀ ਦਲ ਬਾਦਲ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਬਠਿੰਡਾ ਸੰਸਦੀ ਹਲਕੇ ਦੀ ਰਾਜਨੀਤੀ ’ਚ ਵੱਡਾ ਸਿਆਸੀ ਧਮਾਕਾ ਮੰਨਿਆ ਜਾ ਰਿਹਾ ਹੈ। ਬਣਾਂਵਾਲੀ ਬਾਦਲ ਪ੍ਰੀਵਾਰ ਦੇ ਨੇੜਲੇ ਆਗੂਆਂ ਵਿੱਚੋਂ ਇੱਕ ਸੀ ਜਿਸ ਵੱਲੋਂ ਪਿਛਲੇ ਕਈ ਵਰਿਆਂ ਦੌਰਾਨ ਅਕਾਲੀ ਸਿਆਸਤ ’ਚ ਮੋਹਰੀ ਰੋਲ ਨਿਭਾਇਆ ਸੀ। ਦਿੱਲੀ ’ਚ ਜਿੱਤ ਉਪਰੰਤ ਬਗੈਰ ਕਿਸੇ ਸਿਆਸੀ ਸ਼ੋਰ ਸ਼ਰਾਬੇ ਦੇ ਦਿਨਾਂ ‘ਚ ਅਕਾਲੀ ਆਗੂ ਵੱਲੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣਾ ਸਹਿਜ ਨਹੀਂ ਹੈ। ਖਾਸ ਤੌਰ ਤੇ ਟਕਸਾਲੀ ਅਕਾਲੀ ਦਲ ਵੱਲੋਂ ਪੈਦਾ ਕੀਤੀਆਂ ਚੁਣੌਤੀਆਂ ਨਾਲ ਜੂਝ ਰਹੇ ਅਕਾਲੀ ਦਲ ਨਾਲੋਂ ਇੰਜ ਪਾਸਾ ਵੱਟਣਾਂ ਕਾਫੀ ਅਹਿਮ ਸਮਝਿਆ ਜਾ ਰਿਹਾ ਹੈ। ਸਿਆਸੀ ਹਲਕੇ ਦੱਸਦੇ ਹਨ ਕਿ ਬਣਾਵਾਲੀ ਵੱਲੋਂ ਲਗਾਤਾਰ ਡੇਢ ਦਹਾਕੇ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਵਜੋਂ ਰਾਜਨੀਤੀ ’ਚ ਅਦਾ ਕੀਤਾ ਰੋਲ ਉਨਾਂ ਦੇ ਨਵੀ ਸਿਆਸੀ ਪਾਰੀ ਖੇਡਣ ਦਾ ਕਾਰਨ ਬਣਿਆ ਦੱਸਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਗੁਰਪ੍ਰੀਤ ਬਣਾਵਾਲੀ ਨੂੰ ਮੈਂਬਰ ਪਾਰਲੀਮੈਂਟ ਭਗਵੰਤਮਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਪੋ੍ਰਫੈਸਰ ਬਲਜਿੰਦਰ ਕੌਰ ਅਤੇ ਹਲਕਾ ਬੁਢਲਾਡਾ ਤੋਂ ਐਮ.ਐਲ.ਏ. ਬੁੱਧ ਰਾਮ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਉਹ ਇੱਕ ਮਿਹਨਤੀ ਵਿਅਕਤੀ ਹਨ ਅਤੇ ਪਾਰਟੀ ਉਹਨਾਂ ਨੂੰ ਬਣਦਾ ਮਾਣ ਸਨਮਾਨ ਦੇਵੇਗੀ। ਮਾਨਸਾ ਜਿਲੇ ਵਿੱਚ ਗੁਰਪ੍ਰੀਤ ਬਣਾਂਵਾਲੀ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਨਾਲ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ। ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਵੀ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਨਵੀਂ ਸਿਆਸੀ ਪਾਰੀ ਸ਼ੁਰੂ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਆਪਣੇ ਵਿਚਾਰ ਦਿੰਦਿਆਂ ਸੀਨੀਅਰ ਐਡਵੋਕੇਟ ਗੁਰਲਾਭ ਸਿੰਘ ਮਾਹਲ ਅਤੇ ਗੁਰਦਾਸ ਸਿੰਘ ਮਾਨ ਸੈਕਟਰੀ ਮਾਨਸਾ ਬਾਰ ਐਸੋਸੀਏਸ਼ਨ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਉਹ ਸ਼ੁੱਭ ਕਾਮਨਾ ਦਿੰਦੇ ਹਨ। ਉਹਨਾਂ ਕਿਹਾ ਕਿ ਗੁਰਪ੍ਰੀਤ ਸਿੰਘ ਬਣਾਂਵਾਲੀ ਇੱਕ ਮਿਹਨਤੀ ਨੌਜਵਾਨ ਆਗੂ ਹਨ। ਉਸਨੇ ਪਹਿਲਾਂ ਅਕਾਲੀ ਦਲ ਵਿੱਚ 16 ਸਾਲ ਮਾਨਸਾ ਜਿਲੇ ਦੇ ਜਿਲਾ ਯੂਥ ਪ੍ਰਧਾਨ ਦੇ ਤੌਰ ਤੇ ਮਿਹਨਤ ਨਾਲ ਕੰਮ ਕੀਤਾ ਅਤੇ ਫਿਰ ਉਹਨਾਂ ਬਰਨਾਲਾ ਜਿਲੇ ਦੇ ਅਬਜਰਬਰ ਦੇ ਤੌਰ ਤੇ ਅਕਾਲੀ ਦਲ ਲਈ ਕੰਮ ਕੀਤਾ ਅਤੇ 2017 ਦੀਆਂ ਚੋਣਾਂ ਵਿੱਚ ਜਲਾਲਾਬਾਦ ਹਲਕੇ ਤੋਂ ਸਖਤ ਮਿਹਨਤ ਨਾਲ ਕੰਮ ਕੀਤਾ। ਹੁਣ ਜਦ ਉਹਨਾਂ ਆਮ ਆਦਮੀ ਪਾਰਟੀ ਜੁਆਇੰਨ ਕਰ ਲਈ ਹੈ ਉਹ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਪੂਰਾ ਯੋਗਦਾਨ ਦੇਣਗੇ ਅਤੇ ਉਹ ਆਮ ਆਦਮੀ ਪਾਰਟੀ ਤੋਂ ਵੀ ਆਸ ਕਰਦੇ ਹਨ ਕਿ ਉਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਉਸਦਾ ਬਣਦਾ ਮਾਣ ਸਨਮਾਨ ਦੇਣਗੇ।
ਇਸ ਸਮੇਂ ਬੁਢਲਾਡਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਧਾਲੀਵਾਲ, ਮੱਖਣ ਸਿੰਘ ਮਾਖਾ, ਕੁਲਦੀਪ ਸਿੰਘ ਮਾਖਾ, ਬਲਜੀਤ ਰਾਏਪੁਰ ਅਤੇ ਹਰਦੇਵ ਸਿੰਘ ਕੌਰ ਵਾਲਾ ਨੇ ਵੀ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਗੁਰਪ੍ਰੀਤ ਸਿੰਘ ਬਣਾਂਵਾਲੀ ਵਰਗੇ ਪੜੇ ਲਿਖੇ ਅਤੇ ਧਰਾਤਲ ਨਾਲ ਜੁੜੇ ਆਗੂ ਦੀ ਲੋੜ ਸੀ। ਉਹ ਆਸ ਕਰਦੇ ਹਨ ਕਿ ਗੁਰਪ੍ਰੀਤ ਬਣਾਂਵਾਲੀ ਆਪਣੀ ਸਿਆਸੀ ਪਾਰੀ ਵਿੱਚ ਕਾਮਯਾਬ ਹੋਣਗੇ। ਇਸ ਤੋਂ ਇਲਾਵਾ ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ, ਗੁਰਨੀਸ਼ ਸਿੰਘ ਮਾਨਸ਼ਾਹੀਆ, ਅਵਤਾਰ ਸਿੰਘ ਪੰਧੇਰ ਹਰਪ੍ਰੀਤ ਸ਼ਰਮਾ, ਬਲਵਿੰਦਰ ਸੋਢੀ, ਗੁਰਪ੍ਰੀਤ ਭਾਈਦੇਸਾ, ਜਸਪਾਲ ਕਰਵੜ, ਸਾਹਿਜਪਾਲ ਮੰਡੇਰ, ਅੰਗਰੇਜ਼ ਸਿੰਘ, ੳਂੁਕਾਰ ਸਿੰਘ ਮਿੱਤਲ, ਐਡਵੋਕੇਟ ਨੇ ਉਹਨਾਂ ਦੇ ਆਪ ’ਚ ਸ਼ਾਮਲ ਹੋਣ ਤੇ ਖੁਸ਼ੀ ਪ੍ਰਗਟਾਈ।