ਸੰਜੀਵ ਸੂਦ
- ਠੰਡ ਕਣਕ ਲਈ ਹੋਵੇਗੀ ਲਾਹੇਵੰਦ ਸਾਬਤ
ਲੁਧਿਆਣਾ, 19 ਫਰਵਰੀ 2020 - ਬੀਤੇ ਕਈ ਦਿਨਾਂ ਤੋਂ ਲਗਾਤਾਰ ਦਿਨ ਵੇਲੇ ਵੱਧ ਰਹੇ ਪਾਰੇ ਦੇ ਵਿੱਚ ਹੁਣ ਆਉਂਦੇ ਦਿਨਾਂ 'ਚ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਜੋ ਲੋਕਾਂ ਨੂੰ ਤਪਿਸ਼ ਮਹਿਸੂਸ ਹੋਣ ਲੱਗੀ ਸੀ ਉਹ ਮੁੜ ਤੋਂ ਤਾਂ ਠੰਡ 'ਚ ਤਬਦੀਲ ਹੋ ਜਾਵੇਗੀ। ਇਹ ਕਹਿਣਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਦਾ। ਆਉਂਦੇ ਦਿਨਾਂ 'ਚ ਜਿੱਥੇ ਤੇਜ਼ ਹਵਾਵਾਂ ਚੱਲਣਗੀਆਂ, ਉੱਥੇ ਹੀ ਦੂਜੇ ਪਾਸੇ 21-22 ਫਰਵਰੀ ਨੂੰ ਪੰਜਾਬ 'ਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ, ਜਿਸ ਨਾਲ ਦਿਨ ਦੇ ਪਾਰੇ ਵਿੱਚ ਵੀ ਗਿਰਾਵਟ ਦਰਜ ਹੋਵੇਗੀ ਅਤੇ ਠੰਢ ਮੁੜ ਤੋਂ ਵਧੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਗਿੱਲ ਨੇ ਕਿਹਾ ਹੈ ਕਿ ਆਉਂਦੇ ਦਿਨਾਂ 'ਚ ਤੇਜ਼ ਹਵਾਵਾਂ ਚੱਲਣਗੀਆਂ। ਜਿਸ ਨਾਲ ਪਾਰੇ ਵਿੱਚ ਗਿਰਾਵਟ ਦਰਜ ਹੋਵੇਗੀ ਅਤੇ ਨਾਲ ਹੀ ਆਉਂਦੇ ਦਿਨਾਂ 'ਚ ਪੰਜਾਬ ਦੇ ਕਈ ਹਿੱਸਿਆਂ 'ਚ ਹਲਕਾ ਮੀਂਹ ਵੀ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਕ ਫ੍ਰੈਸ਼ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਦੇ ਵਿੱਚ ਇਹ ਤਬਦੀਲੀ ਆਵੇਗੀ। ਹਾਲਾਂਕਿ ਉਨ੍ਹਾਂ ਕਿਹਾ ਕਿ ਜੋ ਪਾਰਾ ਲਗਾਤਾਰ ਵੱਧ ਰਿਹਾ ਸੀ, ਉਸ ਵਿੱਚ ਗਿਰਾਵਟ ਆਉਣ ਨਾਲ ਫਸਲਾਂ ਲਈ ਲਾਹੇਵੰਦ ਹੀ ਸਾਬਿਤ ਹੋਵੇਗਾ, ਖਾਸ ਕਰਕੇ ਕਣਕ ਦੀ ਫ਼ਸਲ ਲਈ ਠੰਢਾ ਮੌਸਮ ਕਾਫੀ ਚੰਗਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਕਣਕ ਦੀ ਫਸਲ ਚੰਗੀ ਰਹਿਣ ਦੀ ਸੰਭਾਵਨਾ ਹੈ ਅਤੇ ਅਜਿਹੇ 'ਚ ਜੇਕਰ ਟੈਂਪਰੇਚਰ ਇੱਕ-ਦਮ ਵੱਧ ਜਾਂਦੇ ਹਨ ਤਾਂ ਕਣਕ ਜਾਂ ਸਰ੍ਹੋਂ ਦੀ ਫ਼ਸਲ ਘੱਟ ਹੋ ਜਾਣੀ ਸੀ ਅਤੇ ਹੁਣ ਵੈਸਟਰਨ ਡਿਸਟਰਬੈਂਸ ਨਾਲ ਖਤਰਾ ਟਲ ਜਾਵੇਗਾ। ਉੱਥੇ ਹੀ ਜੋ ਲੋਕ ਗਰਮੀ ਮਹਿਸੂਸ ਕਰਨ ਲੱਗੇ ਸੀ ਉਨ੍ਹਾਂ ਨੂੰ ਵੀ ਹੁਣ ਕੁਝ ਰਾਹਤ ਮਿਲੇਗੀ।