ਜਗਦੀਸ਼ ਥਿੰਦ
ਫਾਜ਼ਿਲਕਾ, 19 ਫਰਵਰੀ
ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨਰ ਦੀ ਮੈਂਬਰ ਸ੍ਰੀਮਤੀ ਮੰਜੂ ਦਲੇਰ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਨਗਰ ਨਿਗਮ ਅਬੋਹਰ ਅਤੇ ਸਬੰਧਤ ਨਗਰ ਕੌਸ਼ਲਾਂ ਦੇ ਕਾਰਜ਼ ਸਾਧਕ ਅਫ਼ਸਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਵੀ ਹਾਜ਼ਰ ਸਨ।
ਸ੍ਰੀਮਤੀ ਮੰਜੂ ਦਲੇਰ ਨੇ ਕਮਿਸ਼ਨਰ ਨਗਰ ਨਿਗਮ ਅਬੋਹਰ ਅਤੇ ਸਮੂਹ ਕਾਰਜ ਸਾਧਕ ਅਫ਼ਸਰਾਂ ਨੰੂ ਕਿਹਾ ਕਿ ਸੀਵਰ ਦੀ ਸਫ਼ਾਈ ਲਈ ਮਸ਼ੀਨਾਂ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ। ਉਨਾਂ ਸਫ਼ਾਈ ਕਾਮਿਆਂ ਦੀ ਸਮੇਂ ਸਮੇਂ ਸਿਹਤ ਜਾਂਚ ਕਰਵਾਉਣ ਲਈ ਨਗਰ ਨਿਗਰ ਅਤੇ ਨਗਰ ਕੋਸ਼ਲ ਦੇ ਅਧਿਕਾਰੀਆਂ ਨੰੂ ਨਿਰਦੇਸ਼ ਜਾਰੀ ਕੀਤੇ। ਉਨਾਂ ਹੋਰਨਾਂ ਸਬੰਧਤ ਵਿਭਾਗਾਂ ਨੰੂ ਹਦਾਇਤ ਕੀਤੀ ਕਿ ਲੋੜਵੰਦ ਕੱਚੇ ਸਫ਼ਾਈ ਕਾਮਿਆਂ ਨੰੂ ਸਰਕਾਰ ਦੀਆਂ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨਾਂ ਕਿਰਤ ਵਿਭਾਗ ਦੇ ਅਧਿਕਾਰੀਆਂ ਨੰੂ ਕਿਰਤੀ ਕਾਮਿਆਂ ਅਤੇ ਮਜ਼ਦੂਰਾਂ ਲਈ ਸਰਕਾਰ ਵੱਲੋ ਚਲਾਈਆਂ ਯੋਜਨਾਵਾਂ ਬਾਰੇ ਮੁਹੱਲਾ ਸੈਨੀਟੇਸ਼ਨ ਕਮੇਟੀਆ, ਸਫ਼ਾਈ ਸੇਵਕਾਂ ਤੱਕ ਪਹੰੁਚ ਕਰਕੇ ਜਾਗਰੂਕ ਕਰਨ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਘਰਾਂ ਤੋ ਵਾਂਝੇ ਕੱਚੇ ਸਫ਼ਾਈ ਸੇਵਕਾਂ ਨੰੂ ਪ੍ਰਧਾਨ ਮੰਤਰੀ ਅਵਾਸ ਯੋਜਨਾ ਦਾ ਲਾਭ ਪਹੰੁਚਾਉਣ ਲਈ ਯੋਗ ਕਾਰਵਾਈ ਆਰੰਭੀ ਜਾਵੇ।
ਸ੍ਰੀਮਤੀ ਦਲੇਰ ਨੇ ਸਮੂਹ ਕਾਰਜ਼ ਸਾਧਕਾਂ ਅਫ਼ਸਰਾਂ ਤੋਂ ਸਫਾਈ ਕਾਮਿਆਂ ਨੰੂ ਤਨਖਾਹ ਸਮੇਂ ਨਾਲ ਜਾਰੀ ਕਰਨ ਦੀ ਹਦਾਇਤ ਜਾਰੀ ਕੀਤੀ। ਉਨਾਂ ਕਿਹਾ ਕਿ ਸਫ਼ਾਈ ਕਾਮਿਆਂ ਨੰੂ ਯੋਗ ਪ੍ਰਣਾਲੀ ਰਾਹੀ ਬੈਂਕ ਦੁਆਰਾ ਹੀ ਤਨਖਾਹ ਮੁਹੱਈਆ ਕਰਵਾਈ ਜਾਵੇ। ਉਨਾਂ ਸਫਾਈ ਸੇਵਕਾਂ ਦੀ ਕੀਤੀ ਜਾ ਰਹੀ ਪੀ.ਐਫ. ਕਟੌਤੀ ਬਾਰੇ ਵੀ ਜਾਣਕਾਰੀ ਲੈਂਦਿਆਂ ਸਮਾਂਬੱਧ ਢੰਗ ਨਾਲ ਐਂਟਰੀ ਦਾ ਮੁਲਾਂਕਣ ਕਰਨ ਅਤੇ ਦਰਜ਼ ਕਰਨ ਦੀ ਹਦਾਇਤ ਕੀਤੀ। ਉਨਾਂ ਸਫਾਈ ਸੇਵਕਾਂ ਨੂੰ ਗਲੱਵਜ਼ ਅਤੇ ਮਾਸਕ ਪਾ ਕੇ ਹੀ ਸਫਾਈ ਕਰਨ ਦੀ ਅਪੀਲ ਕੀਤੀ, ਤਾਂ ਜੋ ਉਨਾਂ ਨੂੰ ਕਿਸੇ ਗੰਭੀਰ ਬਿਮਾਰੀ ਦਾ ਸਾਮਣਾ ਨਾ ਕਰਨਾ ਪਵੇ। ਉਨਾਂ ਨਗਰ ਨਿਗਮ ਅਬੋਹਰ ਅਤੇ ਨਗਰ ਕੌਸ਼ਲ ਫਾਜ਼ਿਲਕਾ, ਜਲਾਲਾਬਾਦ ਨੂੰ ਹਦਾਇਤ ਕੀਤੀ ਕਿ ਸਫਾਈ ਸੇਵਕਾਂ ਨੂੰ ਸਮੇਂ-ਸਮੇਂ ’ਤੇ ਸੇਫਟੀ ਕਿੱਟ ਮੁਹੱਈਆ ਕਰਵਾਈਆਂ ਜਾਣ। ਉਨਾਂ ਐਸ.ਸੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੰੂ ਸਫ਼ਾਈ ਕਾਮਿਆਂ ਨੰੂ ਰਾਜ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਗਰੂਕ ਕਰਨ ਲਈ ਨਿਰਦੇਸ਼ ਜਾਰੀ ਕੀਤੇੇ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੰੂ ਆਊਟਸੋਰਸਿੰਗ ਸਫ਼ਾਈ ਕਾਮਿਆਂ ਨੰੂ ਆਯੂਸ਼ਮਾਨ ਸਰਬੱਤ ਸਿਹਤ ਬੀਮਾ ਦਾ ਲਾਭ ਦੇਣ ਲਈ ਆਖਿਆ।
ਇਸ ਤੋਂ ਪਹਿਲਾ ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨਰ ਦੀ ਮੈਂਬਰ ਸ੍ਰੀਮਤੀ ਮੰਜੂ ਦਲੇਰ ਨੇ ਬੀ.ਐਸ.ਐਫ ਰੈਸਟ ਹਾਊਸ ਵਿਖੇ ਸਫ਼ਾਈ ਕਰਮਚਾਰੀਆਂ ਦੀ ਸਮੱਸਿਆਵਾਂ ਨੰੂ ਸੁਣਿਆ ਅਤੇ ਮੌਕੇ ਤੇ ਮੌਜੂਦ ਸਬੰਧਤ ਅਧਿਕਾਰੀਆਂ ਨੰੂ ਨਿਰਦੇਸ਼ ਜਾਰੀ ਕੀਤੇ ਅਤੇ ਫਾਜ਼ਿਲਕਾ ਦੀ ਬਾਦਲ ਕਲੋਨੀ ਦਾ ਦੌਰਾ ਵੀ ਕੀਤਾ। ਉਨਾਂ ਸਫ਼ਾਈ ਕਾਮਿਆਂ ਨੰੂ ਕਿਸੇ ਕਿਸਮ ਦੀ ਦਿੱਕਤ ਹੋਣ ’ਤੇ ਉਨਾਂ ਨਾਲ ਸਿੱਧੇ ਤੌਰ ਤੇ ਰਾਬਤਾ ਕਰਨ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਸ੍ਰ. ਅਰਵਿੰਦ ਪਾਲ ਸਿੰਘ ਸੰਧੂ ਨੇ ਭਰੋਸਾ ਦਿਵਾਇਆ ਕਿ ਜ਼ਿਲੇ ’ਚ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਉਨਾਂ ਨੂੰ ਕਿਸੇ ਵੀ ਨਗਰ ਕੌਂਸਲ ਜਾਂ ਨਗਰ ਨਿਗਮ ਵਿੱਚ, ਕੋਈ ਵੀ ਮੁਸ਼ਕਿਲ ਨਹੀਂ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਅਯੋਗ ਦੀ ਹਦਾਇਤਾਂ ਦੀ ਜ਼ਿਲੇ ਅੰਦਰ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਆਰ.ਪੀ. ਸਿੰਘ, ਕੁਲਦੀਪ ਸ਼ਰਮਾ ਪੀ.ਪੀ.ਐਸ ਐਸ.ਪੀ.ਐਚ, ਕਮਿਸ਼ਨਰ ਨਗਰ ਨਿਗਮ ਵਿਨੋਦ ਬਾਂਸਲ, ਐਸ.ਡੀ.ਐਮ ਫਾਜ਼ਿਲਕਾ ਸੁਭਾਸ਼ ਖੱਟਕ, ਐਸ.ਡੀ.ਐਮ. ਜਲਾਲਾਬਾਦ ਕੇਸ਼ਵ ਗੋਇਲ, ਸਹਾਇਕ ਕਮਿਸ਼ਨਰ ਸ਼ਿਕਾਇਤਾ ਪੂਨਮ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਖ-ਵੱਖ ਸਫਾਈ ਕਰਮਚਾਰੀ ਯੂਨੀਅਨਾਂ ਦੇ ਨੁਮਾਇੰਦੇ ਹਾਜ਼ਰ ਸਨ।