ਅਸ਼ੋਕ ਵਰਮਾ
ਬਠਿੰਡਾ, 19 ਫਰਵਰੀ2020 -ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਲੜਕੇ ਹਰਮਨਵੀਰ ਸਿੰਘ ਕਾਂਗੜ ਨੂੰ ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ । ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੇ ਲੜਕੇ ਹਰਮਨਵੀਰ ਸਿੰਘ ਨੂੰ ਚੇਅਰਮੈਨ ਬਣਾ ਕੇ ਸਿਆਸਤ ਚ ਉਤਾਰ ਦਿੱਤਾ ਹੈ। ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਆਪਣੇ ਲੜਕੇ ਗੁਰਪ੍ਰੀਤ ਸਿੰਘ ਮਲੂਕਾ ਨੂੰ ਸਹਿਕਾਰੀ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਬਣਾਇਆ ਸੀ।
ਕੇਂਦਰੀ ਸਹਿਕਾਰੀ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਅੱਜ ਇੱਥੇ ਕੇਂਦਰੀ ਸਹਿਕਾਰੀ ਬੈਂਕ ਦੇ ਮੀਟਿੰਗ ਹਾਲ ਵਿੱਚ ਹੋਈ, ਜਿਸ ਵਿੱਚ ਚੁਣੇ ਹੋਏ 9 ਡਾਇਰੈਕਟਰਾਂ ਤੋਂ ਇਲਾਵਾ ਡਿਪਟੀ ਰਜਿਸਟਰਾਰ ਬਲਵਿੰਦਰ ਸਿੰਘ, ਸਹਾਇਕ ਰਜਿਸਟਰਾਰ ਅਮ੍ਰਿਤਪਾਲ ਸਿੰਘ ਅਤੇ ਐੱਮਡੀ ਜਸਪਾਲ ਸਿੰਘ ਹਾਜ਼ਰ ਸਨ। ਡਾਇਰੈਕਟਰ ਅਮਰਜੀਤ ਸਿੰਘ ਨੇ ਮਾਲ ਮੰਤਰੀ ਦੇ ਲੜਕੇ ਹਰਮਨਵੀਰ ਸਿੰਘ ਦੇ ਨਾਮ ਨੂੰ ਚੇਅਰਮੈਨ ਦੇ ਅਹੁਦੇ ਲਈ ਪੇਸ਼ ਕੀਤਾ, ਜਿਸ ਦੀ ਤਾਈਦ ਕੌਰ ਸਿੰਘ ਅਤੇ ਰਾਜਵੀਰ ਸਿੰਘ ਨੇ ਕੀਤੀ। ਉਪਰੰਤ ਵਾਈਸ ਚੇਅਰਮੈਨ ਦੇ ਅਹੁਦੇ ਲਈ ਡਾਇਰੈਕਟਰ ਨਵਤੇਜ ਸਿੰਘ ਨੇ ਕੌਰ ਸਿੰਘ ਢਿੱਲੋਂ ਦਾ ਨਾਮ ਪੇਸ਼ ਕੀਤਾ, ਜਿਸ ਦੀ ਤਾਈਦ ਰਾਜਵੀਰ ਸਿੰਘ ਨੇ ਕੀਤੀ।
ਇਸ ਦੌਰਾਨ ਸਹਿਮਤੀ ਨਾਲ ਹਰਮਨਵੀਰ ਸਿੰਘ ਕਾਂਗੜ ਚੇਅਰਮੈਨ ਅਤੇ ਕੌਰ ਸਿੰਘ ਢਿੱਲੋਂ ਵਾਈਸ ਚੇਅਰਮੈਨ ਚੁਣੇ ਗਏ ਹਨ। ਪੰਜਾਬ ਸਟੇਟ ਸਹਿਕਾਰੀ ਬੈਂਕ ਪੰਜਾਬ ਲਈ ਨੁਮਾਇੰਦੇ ਵਜੋਂ ਐਡਵੋਕੇਟ ਸੁਖਦੀਪ ਸਿੰਘ ਭਿੰਡਰ ਚੁਣੇ ਗਏ ਹਨ, ਜਿਨ੍ਹਾਂ ਦਾ ਨਾਮ ਕੌਰ ਸਿੰਘ ਨੇ ਪੇਸ਼ ਕੀਤਾ ਅਤੇ ਤਾਈਦ ਅਮਰਜੀਤ ਸਿੰਘ ਨੇ ਕੀਤੀ। ਨਵੇਂ ਚੁਣੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ 26 ਦਸੰਬਰ 2019 ਤੋਂ ਪੰਜ ਸਾਲਾਂ ਲਈ ਹੋਵੇਗੀ । ਦੱਸਣਯੋਗ ਹੈ ਕਿ ਬਿਨਾਂ ਮੁਕਾਬਲਾ ਹੀ ਕੇਂਦਰੀ ਸਹਿਕਾਰੀ ਬੈਂਕ ਦੇ ਗੁਰਭਗਤ ਸਿੰਘ, ਅਮਰਜੀਤ ਸਿੰਘ, ਹਰਮਨਵੀਰ ਸਿੰਘ ਕਾਂਗੜ, ਨਵਤੇਜ ਸਿੰਘ, ਰਾਜਵੀਰ ਸਿੰਘ, ਜਗਸੀਰ ਸਿੰਘ, ਕੌਰ ਸਿੰਘ, ਟਹਿਲ ਸਿੰਘ ਤੇ ਸੁਖਦੀਪ ਸਿੰਘ ਭਿੰਡਰ ਜੇਤੂ ਐਲਾਨੇ ਗਏ ਸਨ। ਅੱਜ ਚੋਣ ਮਗਰੋਂ ਹਰਮਨਵੀਰ ਕਾਂਗੜ ਨੇ ਆਪਣਾ ਅਹੁਦਾ ਸੰਭਾਲ ਲਿਆ। ਪਹਿਲਾਂ ਇਹੋ ਚੋਣ 17 ਜਨਵਰੀ ਨੂੰ ਰੱਖੀ ਗਈ ਸੀ ਪਰ ਉਨ੍ਹਾਂ ਉਦੋਂ ਪੂਰਨ ਸਹਿਮਤੀ ਨਾ ਹੋਣ ਕਰਕੇ ਚੋਣ ਮੁਲਤਵੀ ਕਰਨੀ ਪਈ ਸੀ। ਇਸ ਤੋਂ ਪਹਿਲਾਂ ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਅਕਾਲੀ ਆਗੂ ਜਸਵੀਰ ਬਰਾੜ ਰਹੇ ਹਨ।