ਜਗਦੀਸ਼ ਥਿੰਦ
ਫਾਜ਼ਿਲਕਾ 18 ਫਰਵਰੀ ; ਪੰਜਾਬ ਦੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਅਤੇ ਮਨਿਸਟੀਰੀਅਲ ਕੇਡਰ ਦੀਆਂ ਮੰਗਾਂ ਨੂੰ ਮਨਵਾਉਣ ਲਈ ਸੂਬਾਈ ਸੱਦੇ ਤੇ ਅੱਜ ਪੰਜਾਬ ਸਟੇਟ ਮਨਿਸਟਰੀਅਲ ਸਰਵਸਿਜ਼ ਯੂਨੀਅਨ ਫਾਜ਼ਿਲਕਾ ਵੱਲੋਂ ਡੀ ਸੀ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਰੋਹ ਭਰਪੂਰ ਰੈਲੀ ਅਤੇ ਮੁਜ਼ਾਹਰਾ ਕਰਨ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ ।
ਰੈਲੀ ਦੀ ਪ੍ਰਧਾਨਗੀ ਮੈਡਮ ਜਸਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਨੇ ਕੀਤੀ ।
ਸਟੇਜ ਦਾ ਸੰਚਾਲਨ ਪ੍ਰਵੀਨ ਕੁਮਾਰ ਜ਼ਿਲ੍ਹਾ ਸਕੱਤਰ ਵੱਲੋਂ ਕੀਤਾ ਗਿਆ ।
ਰੈਲੀ ਨੂੰ ਸੰਬੋਧਨ ਕਰਦਿਆਂ ਹਰਭਜਨ ਸਿੰਘ ਖੁੰਗਰ ਜ਼ਿਲ੍ਹਾ ਸਰਪ੍ਰਸਤ ਮਨਿਸਟਰੀਅਲ ਸਰਵਸਿਜ਼ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਨੇ ਮੁਲਾਜ਼ਮ ਮੰਗਾਂ ਪ੍ਰਤੀ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁਲਾਜ਼ਮ ਵਰਗ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ ।
ਇਸ ਮੌਕੇ ਉਨ੍ਹਾਂ ਬਾਬੂਸ਼ਾਹੀ ਨੂੰ ਦੱਸਿਆ ਕਿ ਮੁੱਖ ਮੰਗਾਂ ਵਿਚ ਪੇ ਕਮਿਸ਼ਨ ਦੀ ਰਿਪੋਰਟ ਨੂੰ ਰਿਲੀਜ਼ ਕਰਨਾ ,
ਅੰਤਰਿਮ ਰਾਹਤ ਜਾਰੀ ਕਰਨਾ ,
ਅਕਾਲੀ ਭਾਜਪਾ ਰਾਜ ਸਮੇਂ 23 ਮਹੀਨਿਆਂ ਦਾ ਡੀ ਏ ਦਾ ਖੜ੍ਹਾ ਬਕਾਇਆ ਰਿਲੀਜ਼ ਕਰਨਾ ,
ਡੀ ਏ ਦੀਆਂ 01-01-2018 ਤੋਂ ਖੜ੍ਹੀਆਂ ਬਕਾਇਆ ਕਿਸ਼ਤਾਂ ਸਮੇਤ ਏਰੀਅਰ ਰਿਲੀਜ਼ ਕਰਨਾ ,
ਮੈਡੀਕਲ ਭੱਤਾ 3000 ਰੁਪਏ ਮਹੀਨਾ ਕਰਨਾ , ਆਊਟ ਸੋਰਸਿੰਗ ਅਤੇ ਕੰਟਰੈਕਟ ਬੇਸਿਜ਼ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਹੈ ।
ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸੀ ਪੀ ਐੱਫ ਦੀ ਜਗ੍ਹਾ ਤੇ ਪੁਰਾਣੀ ਪੈਨਸ਼ਨ ਨੀਤੀ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ 24 ਫਰਵਰੀ ਨੂੰ ਜ਼ਿਲ੍ਹਾ ਭਰ ਤੋਂ ਸੈਂਕੜੇ ਮੁਲਾਜ਼ਮਾਂ ਦਾ ਕਾਫ਼ਲਾ ਸੂਬਾ ਰੈਲੀ ਵਿਚ ਸ਼ਾਮਲ ਹੋਣ ਲਈ ਚੱਲੇਗਾ ।
ਰੈਲੀ ਨੂੰ ਜ਼ਿਲ੍ਹਾ ਪ੍ਰਧਾਨ ਮੈਡਮ ਜਸਵਿੰਦਰ ਕੌਰ , ਪ੍ਰਵੀਨ ਕੁਮਾਰ , ਸੁਖਦੇਵ ਚੰਦ , ਅੰਮ੍ਰਿਤਪਾਲ ਕੌਰ ,
ਭਜਨ ਲਾਲ , ਜਗਜੀਤ ਸਿੰਘ , ਗੌਰਵ ਸੇਤੀਆ , ਸੁਰਿੰਦਰ ਪਾਲ ਸਿੰਘ , ਪ੍ਰਦੀਪ ਕੁਮਾਰ , ਰਾਜਨ ਕੰਬੋਜ , ਜਸਵਿੰਦਰ ਸਿੰਘ , ਸ੍ਰੀਮਤੀ ਆਸ਼ੂ , ਸ੍ਰੀਮਤੀ ਮਾਲਤੀ , ਦਵਿੰਦਰ ਕੁਮਾਰ ਅੰਕੁਰ ਸ਼ਰਮਾ , ਵਿਵੇਕ , ਅਮਿਤ , ਰਾਜੇਸ਼ ਕੁਮਾਰ , ਰਜਿੰਦਰ ਕੁਮਾਰ , ਕਿਰਨ ਬਾਲਾ ਖਜ਼ਾਨਾ ਦਫਤਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ ।