ਜੀ ਐਸ ਪੰਨੂ
ਪਟਿਆਲਾ, 15 ਫਰਵਰੀ 2020 - ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਯੂਨੀਵਰਸਿਟੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰੀਖਿਆ ਫ਼ਾਰਮ ਭਰਨ ਦੀ ਆਖਰੀ ਮਿਤੀ 29 ਫ਼ਰਵਰੀ ਕੀਤੀ ਜਾਵੇ, ਪ੍ਰੀਖਿਆ ਫਾਰਮ ਫ਼ੀਸ 120 ਰੁਪਏ ਭਰਵਾਉਣੀ ਬੰਦ ਕੀਤੀ ਜਾਵੇ,ਆਰ.ਐਲ.ਐਫ.,ਆਰ.ਐੱਲ.ਆਰ., ਡੀ.ਐਮ.ਸੀ. ਸੁਧਾਰ, ਰਿਜਲਟ ਆਵੇਟਡ ਆਦਿ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਫੌਰੀ ਹੱਲ ਕੀਤਾ ਜਾਵੇ ਪੁਨਰ ਮੁਲਾਂਕਣ ਦਾ ਰਿਜ਼ਲਟ 15 ਦਿਨਾਂ ਦੇ ਅੰਦਰ ਦਿੱਤਾ ਜਾਵੇ ਅਤੇ ਇਸ ਨੂੰ ਯੂਨੀਵਰਸਿਟੀ ਵੈਬਸਾਈਟ 'ਤੇ ਆਨਲਾਈਨ ਉਪਲੱਬਧ ਕਰਵਾਇਆ ਜਾਵੇ ਇਥੇ ਇਹ ਜਿਕਰਯੋਗ ਹੈ ਕਿ ਇਨ੍ਹਾਂ ਕਮੀਆਂ ਕਰਕੇ ਵਿੱਦਿਆਰਥੀ ਯੁਨੀਵਰਸਿਟੀ ਦੇ ਚੱਕਰ ਹੀ ਕੱਟਦੇ ਰਹਿ ਜਾਦੇ ਹਨ।
ਉਨ੍ਹਾਂ ਕਿਹਾ ਕਿ ਪ੍ਰੀਖਿਆ ਫ਼ੀਸ ਤੋਂ ਇਲਾਵਾ ਜੋ ਵਾਧੂ ਪ੍ਰੈਕਟੀਕਲ ਫ਼ੀਸ ਭਰਵਾਈ ਜਾਂਦੀ ਹੈ ਉਹ ਭਰਵਾਉਣੀ ਬੰਦ ਕੀਤੀ ਜਾਵੇ, ਕੁੜੀਆਂ ਦੇ ਨਵੇਂ ਹੋਸਟਲਾਂ ਦੀ ਉਸਾਰੀ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਮੌਜੂਦਾ ਸਾਰੇ ਹੋਸਟਲਾਂ ਦੇ ਖਾਣੇ ਦੀ ਕੁਆਲਿਟੀ ਵਿੱਚ ਸੁਧਾਰ ਕੀਤਾ ਜਾਵੇ, ਯੂਨੀਵਰਸਿਟੀ ਅੰਦਰ ਅਕਾਦਮਿਕ,ਖੋਜ ਕਾਰਜ, ਦਾਖਲਾ ਪ੍ਰੀਖਿਆ ਪੰਜਾਬੀ ਵਿੱਚ ਵੀ ਲਏ ਜਾਣ, ਵਿਦਿਆਰਥੀ ਚੋਣਾਂ ਉੱਪਰ ਲੱਗੀ ਪਾਬੰਦੀ ਹਟਾਈ ਜਾਵੇ, ਕੁੜੀਆਂ ਦੀ ਸਾਰੀ ਪੜ੍ਹਾਈ ਮੁਫ਼ਤ ਕੀਤੀ ਜਾਵੇ,ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੋਰਟਲ ਦੁਬਾਰਾ ਖੋਲ੍ਹਿਆ ਜਾਵੇ ਨਾਲ ਹੀ ਇਸ ਦੀ ਪ੍ਰਕ੍ਰਿਆ ਨੂੰ ਸੁਖਾਲਾ ਕੀਤਾ ਜਾਵੇ ਅਤੇ ਦਲਿਤ ਅਤੇ ਘੱਟ ਗਿਣਤੀ ਨਾਲ ਸਬੰਧਤ ਫੈਲੋਸ਼ਿਪ ਉਪਰੋਂ ਨੈੱਟ ਦੀ ਸ਼ਰਤ ਖਤਮ ਕੀਤੀ ਜਾਵੇ, ਕਾਲਜਾਂ ਅਤੇ ਯੂਨੀਵਰਸਿਟੀ ਅੰਦਰ ਗੈਸਟ ਫੈਕਲਟੀ ਅਧਿਆਪਕਾਂ ਨੂੰ ਪੱਕੇ ਕੀਤਾ ਜਾਵੇ,ਪੀ.ਟੀ.ਏ. ਫੰਡ ਭਰਵਉਣਾ ਬੰਦ ਕੀਤਾ ਜਾਵੇ ਅਤੇ ਅਧਿਆਪਕਾਂ ਨੂੰ ਤਨਖ਼ਾਹ ਸਰਕਾਰੀ ਖਜ਼ਾਨੇ ਚੋਂ ਦਿੱਤੀ ਜਾਵੇ, ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਕੇਂਦਰ/ਰਾਜ ਸਰਕਾਰ ਤੋਂ ਗ੍ਰਾਂਟ ਦੀ ਮੰਗ ਕੀਤੀ ਜਾਵੇ।
ਯੂਨੀ.ਪ੍ਰਸਾਸਨ ਨਾਲ ਹੋਈ ਮੀਟਿੰਗ ਦੌਰਾਨ ਪ੍ਰਸ਼ਾਸਨ ਨੇ ਪ੍ਰੀਖਿਆ ਫਾਰਮ ਦੀ ਆਖਰੀ ਮਿਤੀ 29 ਫਰਵਰੀ ਕਰ ਦਿੱਤੀ ਗਈ ਹੈ ਅਤੇ ਫਾਰਮ ਕਾਲਜ ਵਿੱਚ ਹੀ ਭਰਵਾਏ ਜਾਣ ਦੀ ਸਹਿਮਤੀ ਦਿੱਤੀ। ਕੁੜੀਆਂ ਦੇ ਹੋਸਟਲ ਦੀ ਉਸਾਰੀ ਦੀ ਮੰਗ ਤੇ ਪ੍ਰਸ਼ਾਸਨ ਨੇ ਕਿਹਾ ਕਿ ਸਰਕਾਰ ਨੇ ਕਹਿ ਤਾਂ ਦਿੱਤਾ ਸੀ ਪਰ ਕੋਈ ਵੀ ਪੈਸਾ ਉਸਾਰੀ ਲਈ ਅਜੇ ਤੱਕ ਨਹੀਂ ਭੇਜਿਆ। ਵਿਦਿਆਰਥੀ ਚੋਣਾਂ ਦੀ ਮੰਗ ਤੇ ਪ੍ਰਸ਼ਾਸਨ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵਿਦਿਆਰਥੀ ਚੋਣਾਂ ਹੋਣ ਤੇ ਕੋਈ ਇਤਰਾਜ਼ ਨਹੀਂ ਹੈ।ਜਦ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਵਿਦਿਆਰਥੀ ਚੋਣਾਂ ਦੇ ਮਾਮਲੇ ਤੇ ਮੀਟਿੰਗ ਹੋਈ ਸੀ ਤਾਂ ਯੂਨੀਵਰਸਿਟੀ ਵੱਲੋਂ ਡੀਨ ਅਕਾਦਮਿਕ ਡਾ ਗੁਰਦੀਪ ਸਿੰਘ ਬੱਤਰਾ ਨੇ ਚੋਣਾਂ ਹੋਣ ਦੇ ਪੱਖ ਵਿੱਚ ਸਹਿਮਤੀ ਦਿੱਤੀ ਸੀ। ਆਗੂਆਂ ਨੇ ਕਿਹਾ ਕਿ ਜੇਕਰ ਰਹਿੰਦੀਆਂ ਬਾਕੀ ਮੰਗਾਂ ਨੂੰ ਪ੍ਰਸ਼ਾਸਨ ਵੱਲੋਂ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਹੀ ਦਿਨਾਂ ਅੰਦਰ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇ।