ਜੀ ਐਸ ਪੰਨੂ
- ਪਰਨੀਤ ਕੌਰ, ਬ੍ਰਹਮ ਮਹਿੰਦਰਾ ਤੇ ਧਰਮਸੋਤ ਵੱਲੋਂ ਦੁੱਖ ਦਾ ਪ੍ਰਗਟਾਵਾ
ਪਟਿਆਲਾ, 12 ਫਰਵਰੀ 2020 - ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ, ਪੰਜਾਬ ਪਰਦੇਸ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਹਲਕਾ ਸਨੌਰ ਦੇ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਸਰਦਾਰਨੀ ਬਲਜਿੰਦਰ ਕੌਰ ਮਾਨ(85 ਸਾਲ) ਸੁਪਤਨੀ ਸਵਰਗਵਾਸੀ ਜਥੇਦਾਰ ਹਰਬੰਸ ਸਿੰਘ ਮਾਨ ਦਾ ਅਚਾਨਕ ਦੇਹਾਂਤ ਹੋ ਗਿਆ। ਸਰਦਾਰਨੀ ਬਲਜਿੰਦਰ ਕੌਰ ਮਾਨ ਆਪਣੇ ਸਪੁੱਤਰ . ਹੈਰੀਮਾਨ, ਪੋਤਰੇ ਤੇ ਯੂਥ ਕਾਂਗਰਸ ਦੇ ਸੀਨੀਅਰ ਆਗੂ ਰਤਿੰਦਰਪਾਲ ਸਿੰਘ ਰਿੱਕੀ ਮਾਨ ਸਮੇਤ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ।
ਪਰਿਵਾਰਕ ਸੂਤਰਾਂ ਅਨੁਸਾਰ ਸਰਦਾਰਨੀ ਬਲਜਿੰਦਰ ਕੌਰ ਮਾਨ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਸਮਾਣਾ ਨੇੜਲੇ ਪਿੰਡ ਜੌੜੇਮਾਜਰਾ, ਦੇ ਸਮਸ਼ਾਨਘਾਟ ਵਿਖੇ ਮਿਤੀ 13 ਫਰਵਰੀ ਨੂੰ ਦੁਪਹਿਰ 12 ਵਜੇ ਹੋਵੇਗਾ।
ਸਰਦਾਰਨੀ ਮਾਨ ਦੇ ਅਕਾਲ ਚਲਾਣੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਨੇ ਮਾਨ ਪਰਿਵਾਰ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਅਤੇ ਇਹ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਪਰਿਵਾਰ ਨੂੰ ਬਲ ਬਖ਼ਸ਼ਣ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਦਾਰਨੀ ਮਾਨ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਤੇ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਮੂਹ ਮਾਨ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ।