ਜੀ ਐਸ ਪੰਨੂ
ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ, ਡਿਪਟੀ ਕਮਿਸ਼ਨਰ ਤੇ ਹੋਰ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਬਾਦਸ਼ਾਹਪੁਰ/ਪਟਿਆਲਾ, 30 ਜਨਵਰੀ 2020 - ਪਟਿਆਲਾ ਤੋਂ ਚੜ ਦੀ ਕਲਾ ਦੇ ਪੱਤਰਕਾਰ ਗੁਰਮੁੱਖ ਸਿੰਘ ਰੁਪਾਣਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਤਾ ਸ੍ਰੀਮਤੀ ਅਮਰ ਕੌਰ (65 ਸਾਲ) ਦਾ ਅਚਾਨਕ ਦੇਹਾਂਤ ਹੋ ਗਿਆ।
ਸ੍ਰੀਮਤੀ ਅਮਰ ਕੌਰ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਪਿੰਡ ਬਾਦਸ਼ਾਹਪੁਰ ਵਿਖੇ ਸਥਿਤ ਸਮਸ਼ਾਨ ਘਾਟ ਵਿਖੇ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਗੁਰਬਖ਼ਸ਼ ਸਿੰਘ ਨੇ ਦਿਖਾਈ।
ਸ੍ਰੀਮਤੀ ਅਮਰ ਕੌਰ ਆਪਣੇ ਪਤੀ ਸ੍ਰੀ ਬਲਦੇਵ ਸਿੰਘ ਸਮੇਤ ਸਪੁੱਤਰਾਂ ਗੁਰਬਖ਼ਸ਼ ਸਿੰਘ ਅਤੇ ਗੁਰਮੁੱਖ ਸਿੰਘ ਰੁਪਣਾ ਤੇ ਪੁੱਤਰੀਆਂ ਰਣਜੀਤ ਕੌਰ ਤੇ ਗੁਰਪ੍ਰੀਤ ਕੌਰ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਪਰਿਵਾਰਕ ਸੂਤਰਾਂ ਮੁਤਾਬਕ ਉਨ੍ਹਾਂ ਦੇ ਫੁੱਲ ਚੁਗਣ ਦੀ ਰਸਮ 31 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 8.30 ਵਜੇ ਪਿੰਡ ਬਾਦਸ਼ਾਹਪੁਰ ਦੇ ਸਮਸ਼ਾਨ ਘਾਟ ਵਿਖੇ ਹੋਵੇਗੀ ਅਤੇ ਅੰਤਿਮ ਅਰਦਾਸ 7 ਫਰਵਰੀ ਦਿਨ ਸ਼ੁੱਕਰਵਾਰ ਨੂੰ ਪਿੰਡ ਬਾਦਸ਼ਾਹਪੁਰ ਦੇ ਗੁਰਦੁਆਰਾ ਵਿਖੇ ਦੁਪਹਿਰ 12.00 ਤੋਂ 1 ਵਜੇ ਤੱਕ ਹੋਵੇਗੀ।
ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰ ਨੇ ਗੁਰਮੁੱਖ ਸਿੰਘ ਰੁਪਾਣਾ ਦੀ ਮਾਤਾ ਸ੍ਰੀਮਤੀ ਅਮਰ ਕੌਰ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਅਤੇ ਪ੍ਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਣ। ਇਸੇ ਤਰ੍ਹਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਵੀ ਰੁਪਾਣਾ ਅਤੇ ਪਰਿਵਾਰ ਨਾਲ ਸ੍ਰੀਮਤੀ ਅਮਰ ਕੌਰ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਪਣੀ ਸੰਵੇਦਨਾ ਦਾ ਇਜ਼ਹਾਰ ਕੀਤਾ ਹੈ।
ਸ੍ਰੀਮਤੀ ਅਮਰ ਕੌਰ ਦੇ ਅੰਤਮ ਸਸਕਾਰ ਮੌਕੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਦੀ ਤਰਫ਼ੋਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ . ਇਸ਼ਵਿੰਦਰ ਸਿੰਘ ਗਰੇਵਾਲ, ਏ.ਪੀ.ਆਰ.ਓ ਭੁਪੇਸ਼ ਚੱਠਾ ਸਮੇਤ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਦੇ ਵੱਡੀ ਗਿਣਤੀ ਨੁਮਾਇੰਦੇ ਹਾਜ਼ਰ ਸਨ। ਇਸ ਤੋਂ ਇਲਾਵਾ ਕੁੰਦਨ ਗੋਗੀਆ, ਪਿੰਡ ਦੇ ਪਤਵੰਤੇ, ਪਰਿਵਾਰਕ ਮੈਂਬਰ, ਦੋਸਤ-ਮਿੱਤਰ, ਸਕੇ ਸੰਬੰਧੀ, ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ੍ਰੀਮਤੀ ਅਮਰ ਕੌਰ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਈ ਦਿੱਤੀ।