ਹਰੀਸ਼ ਕਾਲੜਾ
ਨੂਰਪੁਰਬੇਦੀ, 27 ਜਨਵਰੀ 2020 - ਜ਼ਿਲਾ ਰੂਪਨਗਰ 'ਚ ਪੈਂਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਰੋੜੂਆਣਾ ਵਿਖੇ ਇਕ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਜਾਣ 'ਤੇ ਉਸ ਵਿੱਚ ਸਵਾਰ ਗੱਡੀ ਦਾ ਚਾਲਕ ਜ਼ਿੰਦਾ ਜਲ ਗਿਆ। ਉਕਤ ਹਾਦਸਾ ਬੀਤੀ ਰਾਤ ਕਰੀਬ 11 ਵਜੇ ਵਾਪਰਿਆ ਜਿਸਦੀ ਸੂਚਨਾ ਮਿਲਦਿਆਂ ਹੀ ਨਜ਼ਦੀਕੀ ਪੁਲਸ ਚੌਕ ਕਲਵਾਂ ਤੋਂ ਪੁਲਸ ਪਾਰਟੀ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਾਦਸੇ 'ਚ ਜਾਨ ਗਵਾ ਚੁੱਕੇ ਵਿਅਕਤੀ ਜਿਸਦੀ ਪਛਾਣ ਨਰੇਸ਼ ਕੁਮਾਰ ਪੁੱਤਰ ਮਦਨ ਲਾਲ (35) ਨਿਵਾਸੀ ਰਾਮਪੁਰ ਕਲਾਂ ਵਜੋਂ ਹੋਈ ਹੈ ਅਪਣੇ ਪਿੰਡ ਤੋਂ ਕੁਝ ਹੋਰ ਦੋਸਤਾਂ ਨਾਲ ਕੁਝ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਨਲਹੋਟੀ ਵਿਖੇ ਇਕ ਬਰਾਤ ਦੇ ਨਾਲ ਵਿਆਹ 'ਚ ਗਿਆ ਹੋਇਆ ਸੀ।
ਪਰ ਰਾਤ ਕਰੀਬ 11 ਵਜੇ ਜਦੋਂ ਉਹ ਅਪਣੀ ਗੱਡੀ 'ਚ ਇਕੱਲਾ ਘਰ ਪਰਤ ਰਿਹਾ ਸੀ ਤਾਂ ਘਰ ਪਹੁੰਚਣ ਤੋਂ ਕਰੀਬ 2 ਕਿਲੋਮੀਟਰ ਪਹਿਲਾਂ ਹੀ ਉਸਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਕਿਸੀ ਵਿਅਕਤੀ ਵੱਲੋਂ 100 ਨੰਬਰ ਡਾਇਲ ਕਰ ਕੇ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਜਿਸ 'ਤੇ ਨਜ਼ਦੀਕੀ ਪੁਲਸ ਚੌਕੀ ਕਲਵਾਂ ਤੋਂ ਏ.ਐੱਸ.ਆਈ. ਰਜਿੰਦਰ ਕੁਮਾਰ ਪੁਲਸ ਪਾਰਟੀ ਨੂੰ ਨਾਲ ਲੈ ਕੇ 10 ਮਿੰਟਾਂ 'ਚ ਘਟਨਾ ਸਥਾਨ 'ਤੇ ਪਹੁੰਚ ਗਏ।
ਚਸ਼ਮਦੀਦਾਂ ਅਨੁਸਾਰ ਅੱਗ ਇੰਨਾ ਭਿਆਨਕ ਰੁੱਖ ਅਖਤਿਆਰ ਕਰ ਚੁੱਕੀ ਸੀ ਕਿ ਕੁਝ ਹੀ ਸਮੇਂ 'ਚ ਉਕਤ ਗੱਡੀ ਹੀ ਚਾਲਕ ਦੇ ਲਈ ਚਿਖਾ ਬਣ ਗਈ। ਪੁਲਸ ਅਨੁਸਾਰ ਅੱਗ ਇਸ ਕਦਰ ਭੜਕ ਚੁੱਕੀ ਸੀ ਕਿ ਇਸ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਘਟਨਾ ਦੇ ਅਸਲ ਕਾਰਣਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਮਗਰ ਏ.ਐੱਸ.ਆਈ. ਰਜਿੰਦਰ ਕੁਮਾਰ ਨੇ ਚਾਲਕ ਦੇ ਪਿਤਾ ਮਦਨ ਲਾਲ ਵੱਲੋਂ ਦਰਜ ਕਰਵਾਏ ਬਿਆਨਾਂ ਸਬੰਧੀ ਦੱਸਿਆ ਕਿ ਵਿਆਹ ਤੋਂ ਵਾਪਸ ਪਰਤਦੇ ਸਮੇਂ ਨਰੇਸ਼ ਕੁਮਾਰ ਦੀ ਗੱਡੀ 'ਚ ਅਚਾਨਕ ਕੋਈ ਨੁਕਸ ਪੈ ਜਾਣ ਕਾਰਣ ਉਕਤ ਗੱਡੀ ਇਸ ਅਗਜ਼ਨੀ ਦੀ ਘਟਨਾ ਦਾ ਸ਼ਿਕਾਰ ਹੋ ਗਈ। ਪੁਲਸ ਨੇ ਉਕਤ ਬਿਆਨਾਂ ਦੇ ਆਧਾਰ 'ਤੇ 174 ਤਹਿਤ ਕਾਰਵਾਈ ਅਮਲ 'ਚ ਲਿਆ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ।