ਕੁਲਵੰਤ ਸਿੰਘ ਬੱਬੂ
- ਹੁਣ ਆਪਣਾ ਵੋਟ ਬੈਂਕ ਬਚਾਉਣ ਲਈ ਝੂਠਾ ਡਰਾਮਾ ਨਾ ਕਰਨ ਅਕਾਲੀ
ਰਾਜਪੁਰਾ, 23 ਜਨਵਰੀ 2020 - ਜਦੋਂ ਕੇਂਦਰ ਵਿਚ ਆਪਣੀ ਭਾਈਵਾਲ ਭਾਜਪਾ ਸਰਕਾਰ ਵਲੋਂ ਨਾਗਰਿਕਤਾ ਸੋਧ ਬਿੱਲ ’ਤੇ ਮੋਹਰ ਲਗਾਈ ਜਾ ਰਹੀ ਸੀ, ਉਸ ਵਕਤ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਧਰਮਪਤਨੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਇਨ੍ਹਾਂ ਦੇ ਹੋਰ ਲੋਕ ਸਭਾ ਮੈਂਬਰਾਂ ਵਲੋਂ ਇਸਦਾ ਬਿਲਕੁਲ ਵੀ ਵਿਰੋਧ ਨਹੀਂ ਕੀਤਾ ਗਿਆ। ਪ੍ਰੰਤੂ ਹੁਣ ਜਦੋਂ ਕੈਪਟਨ ਸਰਕਾਰ ਵਲੋਂ ਘੱਟ ਗਿਣਤੀ ਭਾਈਚਾਰੇ ਦੇ ਹੱਕ ਵਿਚ ਡੱਟਦਿਆਂ ਉਕਤ ਬਿੱਲ ਨੂੰ ਪੰਜਾਬ ਵਿਚ ਲਾਗੂ ਨਾ ਕਰਨ ਸਬੰਧੀ ਐਕਟ ਪਾਸ ਕਰ ਦਿੱਤਾ ਹੈ ਤਾਂ ਹੁਣ ਆਪਣੇ ਵੋਟ ਬੈਂਕ ਨੂੰ ਬਚਾਉਣ ਲਈ ਅਕਾਲੀ ਦਲ ਬਾਦਲ ਵਲੋਂ ਵੀ ਇਸ ਬਿੱਲ ਦੇ ਵਿਰੋਧ ਦਾ ਝੂਠਾ ਡਰਾਮਾ ਕੀਤਾ ਜਾ ਰਿਹਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਜ਼ਿਲ੍ਹਾ ਪਟਿਆਲਾ ਤੋਂ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਗਗਨਦੀਪ ਸਿੰਘ ਜਲਾਲਪੁਰ ਨੇ ਖਟੜਕ ਕਲਾਂ ਮੋਟਰਸਾਇਕਲ ਰੈਲੀ ਵਿਚ ਸ਼ਾਮਲ ਹੋਣ ਜਾਂਦੇ ਸਮੇਂ ਰਾਜਪੁਰਾ ਵਿਖੇ ਗੱਲਬਾਤ ਦੌਰਾਨ ਕੀਤਾ। ਗਗਨਦੀਪ ਸਿੰਘ ਜਲਾਲਪੁਰ ਨੇ ਕਿਹਾ ਕਿ ਅੱਜ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਵਲੋਂ ਮੋਟਰਸਾਇਕਲ ਰੈਲੀ ਵਿਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਖਿਲਾਫ਼ ਰੋਸ ਵਿਖਾਵਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਯੂਥ ਕਾਂਗਰਸ ਪਾਰਟੀ ਦੇ ਉਦੇਸ਼ਾਂ ਅਤੇ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੀਆਂ ਨਲਾਇਕੀਆਂ ਨੂੰ ਜੱਗ ਜਾਹਰ ਕਰਦੀ ਰਹੇਗੀ। ਇਸ ਮੌਕੇ ਮੈਂਬਰ ਬਲਾਕ ਸੰਮਤੀ ਜਗਰੂਪ ਸਿੰਘ ਹੈਪੀ ਸੇਹਰਾ, ਯੂਥ ਪ੍ਰਧਾਨ ਘਨੌਰ ਇੰਦਰਜੀਤ ਗਿਫ਼ਟੀ, ਮੀਤ ਪ੍ਰਧਾਨ ਕਮਲ ਸ਼ਰਮਾ ਘਨੌਰ, ਮੀਤ ਪ੍ਰਧਾਨ ਜੱਸੀ ਸੈਣੀ ਗਾਜੀਪੁਰ, ਜੋਗਾ ਸੈਦਖੇੜੀ, ਲੱਖਾ ਸਰਪੰਚ ਕਬੂਲਪੁਰ, ਹਰਵਿੰਦਰ ਸਿੰਘ ਖੋਖਰ ਸਰਪੰਚ ਚਤਰ ਨਗਰ, ਰਾਹੁਲ ਪਹਿਰ, ਕਮਲ ਪਹਿਰ, ਸ਼ੈਰੀ ਸੇਹਰਾ, ਕਲਦੀਪ ਅਲੀਮਾਜਰਾ ਸਮੇਤ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ।