ਗੁਰਨਾਮ ਸਿੱਧੂ
-ਜ਼ੀਰਾ ਵਿਖੇ ਲਗਾਏ ਗਏ ਰੁਜ਼ਗਾਰ ਮੇਲੇ ਦੌਰਾਨ 18 ਉਮੀਦਵਾਰਾਂ ਦੀ ਨੌਕਰੀ ਲਈ ਚੋਣ
ਫਿਰੋਜ਼ਪੁਰ, 23 ਜਨਵਰੀ 2020 - ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਦੀਆਂ 14 ਵਿਦਿਆਰਥਣਾਂ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਬਿਊਰੋ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਤੇ ਟਰੇਨਿੰਗ ਅਫ਼ਸਰ ਅਸ਼ੋਕ ਜਿੰਦਲ ਨੇ ਦੱਸਿਆ ਕਿ ਜੋ ਵੀ ਵਿਦਿਆਰਥੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਾ ਦੌਰਾ ਕਰਨ ਆਉਂਦੇ ਹਨ, ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਕਮ- ਚੇਅਰਮੈਨ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਚੰਦਰ ਗੈਂਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰ-ਘਰ ਰੁਜ਼ਗਾਰ ਤਹਿਤ ਨੌਕਰੀਆਂ, ਅੱਗੇ ਕੋਰਸ ਕਰਨ ਅਤੇ ਉਚੇਰੀ ਸਿੱਖਿਆ ਬਾਰੇ ਭਾਸ਼ਣ ਰਾਹੀਂ ਪ੍ਰੇਰਿਤ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਜੋ ਵੀ ਵਿਦਿਆਰਥੀ ਹਾਜ਼ਰ ਹੋਏ ਹਨ, ਉਨ੍ਹਾਂ ਨੂੰ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਕਿ ਸਕਿੱਲ ਟ੍ਰੇਨਿੰਗ, ਕੈਰੀਅਰ ਕਾਊਂਸਲਿੰਗ, ਵਿਦੇਸ਼ੀ ਰੋਜ਼ਗਾਰ ਅਤੇ ਸਿੱਖਿਆ ਸਬੰਧੀ ਕਾਊਂਸਲਿੰਗ, ਰਜਿਸਟਰੇਸ਼ਨ, ਵੱਖ-ਵੱਖ ਤਰ੍ਹਾਂ ਦੀਆਂ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਲਈ ਲਾਇਬ੍ਰੇਰੀ ਅਤੇ ਸਵੈ ਰੋਜ਼ਗਾਰ ਸਕੀਮਾਂ ਅਤੇ ਕਰਜ਼ਿਆਂ ਸਬੰਧੀ ਜਾਣੂ ਕਰਵਾਇਆ ਗਿਆ ਹੈ।
ਉਨ੍ਹਾਂ ਵਿਦਿਆਰਥਣਾਂ ਨੂੰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਦਫ਼ਤਰ ਦੇ ਸਹਿਯੋਗ ਨਾਲ ਲਗਾਏ ਜਾਂਦੇ ਰੁਜ਼ਗਾਰ ਮੇਲਿਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਹੀ ਟਾਊਨ ਆਫ਼ਿਸ ਜ਼ੀਰਾ ਵਿਖੇ ਲਗਾਏ ਗਏ ਰੁਜ਼ਗਾਰ ਮੇਲੇ ਬਾਰੇ ਵੀ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਦੌਰਾਨ ਐੱਲਆਈਸੀ ਕੰਪਨੀ ਦੁਆਰਾ ਮੇਲੇ ਵਿਚ ਹਾਜ਼ਰ ਹੋਏ 29 ਉਮੀਦਵਾਰਾਂ ਵਿਚੋਂ 18 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਕੀਤੀ ਗਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮੋਟੀਵੇਸ਼ਨਲ ਸਪੀਚ ਦਿੱਤੀ ਅਤੇ ਇਸ ਦਫ਼ਤਰ ਵੱਲੋਂ ਲਗਾਏ ਜਾਣ ਵਾਲੇ ਰੁਜ਼ਗਾਰ ਮੇਲਿਆਂ ਦਾ ਲਾਹਾ ਲੈਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਪਲੇਸਮੈਂਟ ਅਫ਼ਸਰ ਗੁਰਜੰਟ ਸਿੰਘ ਵੀ ਹਾਜ਼ਰ ਸਨ।