ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 22 ਜਨਵਰੀ 2020 - ਸਥਾਨਕ ਸਿਵਲ ਜੱਜ ਜੂਨੀਅਰ ਡਵੀਜ਼ਨ (ਸੀ. ਜੇ. ਜੇ. ਡੀ.) ਦੀ ਅਦਾਲਤ ਨੇ ਸੰਤ ਸਿੰਘ ਸੁੱਖਾ ਸਿੰਘ (ਫ਼ੋਰ ਐਸ) ਪ੍ਰਬੰਧਕਾਂ ਵੱਲੋਂ ਜਾਇਦਾਦਾਂ ਦੀ ਕਿਸੇ ਵੀ ਤਰ੍ਹਾਂ ਦੀ ਵਿਕਰੀ 'ਤੇ ਸਟੇਅ ਜਾਰੀ ਕੀਤਾ ਹੈ। ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ, ਅੰਮ੍ਰਿਤਸਰ ਅਤੇ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਵੱਲੋਂ ਸਾਂਝੇ ਤੌਰ 'ਤੇ ਦਾਇਰ ਕੀਤੇ ਮੁਕੱਦਮੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਬੀਤੇ ਦਿਨੀਂ 20 ਜਨਵਰੀ ਨੂੰ ਆਪਣੇ ਹੁਕਮਾਂ ਰਾਹੀਂ ਬਿਨੈਕਾਰਾਂ ਦੇ ਹੱਕ 'ਚ ਸਪੱਸ਼ਟ ਤੌਰ 'ਤੇ ਅੰਤ੍ਰਿਮ ਸਟੇਅ ਜਾਰੀ ਕਰ ਦਿੱਤਾ ਹੈ।
ਉਪਰੋਕਤ ਸੁਸਾਇਟੀਆਂ ਨੇ ਫ਼ੋਰ ਐਸ ਅਤੇ ਹੋਰਨਾਂ ਵਿਅਕਤੀਆਂ ਖਿਲਾਫ਼ ਗੈਰ‐ਕਨੂੰਨੀ ਤੌਰ 'ਤੇ ਵੇਚੀ ਗਈ ਜ਼ਮੀਨਾਂ ਦੇ ਮਾਮਲੇ ਨੂੰ ਚੁਣੌਤੀ ਦਿੰਦਿਆਂ ਸਿਵਲ ਮੁਕੱਦਮਾ ਦਾਇਰ ਕੀਤਾ ਸੀ ਜੋ ਸੀ. ਜੇ. ਜੇ. ਡੀ. ਸ੍ਰੀ ਰਾਜਨ ਅਨੇਜਾ ਦੀ ਮਾਣਯੋਗ ਅਦਾਲਤ 'ਚ ਵਿਚਾਰ ਅਧੀਨ ਹੈ। ਉਕਤ ਸਿਵਲ ਮੁਕੱਦਮਾ ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਅਤੇ ਸ੍ਰੀ ਗੁਰੂ ਸਿੰਘ ਸਭਾ ਸੋਸਾਇਟੀ ਵੱਲੋਂ ਜ਼ਮੀਨ ਅਤੇ ਟਰੱਸਟ ਦੀ ਜਾਇਦਾਦ ਦੀ ਸੁਰੱਖਿਆ ਲਈ ਦਾਇਰ ਕੀਤਾ ਗਿਆ ਸੀ, ਜਿਸ 'ਚ ਉਕਤ ਸੋਸਾਇਟੀਆਂ ਦੀ ਨੁਮਾਇੰਦਗੀ ਵਕੀਲ ਟੀ. ਐਸ. ਸੰਧੂ ਵੱਲੋਂ ਕੀਤੀ ਜਾ ਰਹੀ ਹੈ।
ਅਦਾਲਤ ਨੇ ਆਪਣੇ ਆਦੇਸ਼ਾਂ 'ਚ ਫ਼ੋਰ ਐਸ ਪ੍ਰਬੰਧਨ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਦੀ ਵਿਕਰੀ ਕਰਨ ਤੋਂ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ ਹੈ। ਸੀ. ਜੇ. ਜੇ. ਡੀ. ਦੀ ਅਦਾਲਤ ਨੇ ਇਸ ਕੇਸ ਦੀ ਸੁਣਵਾਈ ਦੀ ਅਗਲੀ ਤਰੀਕ 30 ਜਨਵਰੀ ਨਿਰਧਾਰਤ ਕੀਤੀ ਹੈ ਅਤੇ ਇਸ ਸਬੰਧੀ ਵਿਰੋਧੀ ਧਿਰ ਨੂੰ ਸੰਮਨ ਵੀ ਜਾਰੀ ਕਰ ਦਿੱਤੇ ਗਏ ਹਨ।
ਇਹ ਮੁਕੱਦਮਾ ਉਨ੍ਹਾਂ ਬਹੁਤ ਸਾਰੀਆਂ ਸ਼ਿਕਾਇਤਾਂ ਦੇ ਬਾਅਦ ਦਾਇਰ ਕੀਤਾ ਗਿਆ ਸੀ, ਜਿਨ੍ਹਾਂ 'ਚ ਸੰਤ ਸਿੰਘ ਸੁੱਖਾ ਸਿੰਘ ਮੈਨੇਜਮੈਂਟ ਦੀ ਗੈਰ‐ਕਾਨੂੰਨੀ ਅਤੇ ਧੋਖੇ ਨਾਲ ਜ਼ਮੀਨਾਂ ਨੂੰ ਤਮਲੀਕਨਾਮਾ ਦੀ ਉਲੰਘਣਾ ਕਰਕੇ ਵੇਚਿਆ ਗਿਆ ਸੀ। ਉਕਤ ਤਮਲੀਕਨਾਮੇ ਅਨੁਸਾਰ ਸਮੂਹ ਜਾਇਦਾਦ ਅਤੇ ਜ਼ਮੀਨ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਸੌਂਪ ਦਿੱਤੀ ਗਈ ਸੀ, ਜਿਸ ਦੀ ਰਖਵਾਲੀ ਉਪਰੋਕਤ ਦੋਹਾਂ ਸੋਸਾਇਟੀਆਂ ਨੂੰ ਸੌਂਪੀ ਗਈ ਸੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਰਉਪਕਾਰੀ ਭਾਈ ਸੰਤ ਸਿੰਘ ਨੇ 1893 'ਚ ਆਪਣੀਆਂ ਜ਼ਮੀਨਾਂ ਅਤੇ ਜਾਇਦਾਦਾਂ ਦਸਵੇਂ ਸਿੱਖ ਗੁਰੂ ਦੇ ਨਾਮ 'ਤੇ ਦੇ ਦਿੱਤੀਆਂ ਸਨ ਅਤੇ ਇਸ ਸਬੰਧ 'ਚ ਇਕ ਤਮਲੀਕਨਾਮਾ ਵੀ ਲਿਖਿਆ ਗਿਆ ਸੀ। ਤਮਲੀਕਨਾਮੇ 'ਚ ਇਹ ਕਿਹਾ ਗਿਆ ਸੀ ਕਿ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰੀਰਿਕ ਰੂਪ 'ਚ ਧਰਤੀ 'ਤੇ ਮੌਜ਼ੂਦ ਨਹੀਂ ਹਨ ਅਤੇ ਧਾਰਮਿਕ ਪ੍ਰੰਪਰਾਵਾਂ ਅਨੁਸਾਰ ਖਾਲਸੇ ਨੂੰ ਉਨ੍ਹਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਲਈ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਉਨ੍ਹਾਂ ਦੀ ਜਾਇਦਾਦ ਦਾ ਰਾਖਾ (ਕਸਟੋਡੀਅਨ) ਬਣਾ ਦਿੱਤਾ ਗਿਆ ਸੀ।
ਫ਼ੋਰ ਐਸ ਮੈਨੇਜਮੈਂਟ ਦੇ ਕਾਰਜਕਾਰੀ ਆਨਰੇਰੀ ਸਕੱਤਰ ਗੁਨਬੀਰ ਸਿੰਘ ਨੇ ਕਿਹਾ ਕਿ ਸਿੰਘ ਸਭਾ ਸੁਸਾਇਟੀ ਅਤੇ ਖਾਲਸਾ ਕਾਲਜ ਸੁਸਾਇਟੀ ਉਨ੍ਹਾਂ ਜ਼ਮੀਨਾਂ ਅਤੇ ਜਾਇਦਾਦਾਂ ਦੀ ਰਾਖੀ ਲਈ ਜ਼ਿੰਮੇਵਾਰ ਹੈ, ਪਰ ਕਾਬਜ਼ ਮੌਜੂਦਾ ਪ੍ਰਬੰਧਨ ਜਾਇਦਾਦ ਦੀ ਖ਼ੁਰਦ‐ਬੁਰਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਕੂਲ ਪ੍ਰਬੰਧਨ ਤੋਂ ਸਪੱਸ਼ਟੀਕਰਨ ਮੰਗੇ ਸਨ ਕਿ ਜਾਇਦਾਦਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਕਿਉਂ ਵੇਚਿਆ ਗਿਆ ਸੀ, ਪਰ ਸਕੂਲ ਪ੍ਰਬੰਧਨ ਦੁਆਰਾ ਇਸ ਸਬੰਧੀ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਇਸ ਲਈ ਉਨ੍ਹਾਂ ਕੋਲ ਅਦਾਲਤ ਦਾ ਦਰਵਾਜਾ ਖਟਖਟਾਉਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚਿਆ ਸੇ। ਮਾਣਯੋਗ ਅਦਾਲਤ ਨੇ ਮੌਜੂਦਾ ਪ੍ਰਬੰਧਨ ਨੂੰ ਜ਼ਮੀਨਾਂ ਵੇਚਣ 'ਤੇ ਰੋਕ ਲਗਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਤਮਲੀਕਨਾਮੇ ਮੁਤਾਬਕ ਜ਼ਮੀਨ ਵੇਚੀ ਨਹੀਂ ਜਾ ਸਕਦੀ ਕਿਉਂਕਿ ਇਹ ਗੁਰੂ ਸਾਹਿਬ ਦੇ ਨਾਮ 'ਤੇ ਸੀ ਅਤੇ ਇਨ੍ਹਾਂ ਜ਼ਮੀਨਾਂ ਨੂੰ ਵਿੱਦਿਅਕ ਕੰਮਾਂ ਲਈ ਹੀ ਵਰਤਿਆ ਜਾਣਾ ਸੀ।