ਜੱਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਦੇ ਬਾਹਰਵਾਰ ਸਥਾਪਤ ਸ਼ਹੀਦ ਊਧਮ ਸਿੰਘ ਦਾ ਆਦਮ ਕੱਦ ਬੁੱਤ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ , 22 ਜਨਵਰੀ :
ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੇ ਸ਼ਹੀਦਾਂ ਦੀ ਸ਼ਹਾਦਤ ਦਾ ਬਦਲਾ ਲੈਣ ਅਤੇ ਦੇਸ਼ ਦੀ ਆਜ਼ਾਦੀ ਲਈ ਜਾਨ ਕੁਰਬਾਨ ਕਰਨ ਵਾਲੇ ਕੌਮੀ ਸ਼ਹੀਦ ਊਧਮ ਸਿੰਘ ਦੇ ਜੱਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ ਲਗਾਏ ਗਏ ਬੁੱਤ ਸਾਹਮਣੇ ਟਿਕਟ ਖਿੜਕੀ ਬਣਾਉਣ ਦੀ ਕਾਰਵਾਈ ਦਾ ਸਮੁੱਚੇ ਰੂਪ ਵਿੱਚ ਭਰਵਾਂ ਵਿਰੋਧ ਹੋ ਰਿਹਾ ਹੈ ।
ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਿਰਤਾਂਤ ਪੇਸ਼ ਕਰਦੀ ਇੱਕ ਕ੍ਰਿਤ
ਹਾਲੇ ਤੱਕ ਮੌਜੂਦ ਹਨ ਇੱਕ ਸਦੀ ਪਹਿਲਾਂ ਅੰਨ੍ਹੇਵਾਹ ਚੱਲੀਆਂ ਗੋਲੀਆਂ ਦੇ ਨਿਸ਼ਾਨ
ਸੈਂਕੜੇ ਨਿਹੱਥੇ ਭਾਰਤੀਆਂ ਦੀ ਸ਼ਹਾਦਤ ਦੀ ਗਵਾਹੀ ਭਰਦਾ ਹੈ ਇਹ ਖੂਹ
------------------------------------------------------
26 ਜਨਵਰੀ ਨੂੰ ਕੀਤੇ ਜਾ ਰਹੇ ਪ੍ਰਦਰਸ਼ਨ ਸਬੰਧੀ ਜਾਰੀ ਕੀਤਾ ਗਿਆ ਪੋਸਟਰ
----------------------------------------------------
ਇਸ ਸੰਬੰਧੀ 26 ਜਨਵਰੀ 2020 ਗਣਤੰਤਰ ਦਿਵਸ ਵਾਲੇ ਦਿਨ ਜਲ੍ਹਿਆਂ ਵਾਲਾ ਬਾਗ ਦੇ ਸਾਹਮਣੇ ਧਰਨਾ ਦਿੱਤਾ ਜਾ ਰਿਹਾ ਹੈ ।
ਇਹ ਧਰਨਾ ਟਿਕਟ ਖਿੜਕੀ ਦੇ ਵਿਰੋਧ ਵਿੱਚ ਸ਼ਹੀਦ ਦੇ ਪਰਿਵਾਰ , ਸ਼ਹੀਦ ਊਧਮ ਸਿੰਘ ਨੂੰ ਚਾਹੁਣ ਵਾਲੇ ਲੋਕਾਂ , ਸਮੁੱਚੇ ਕੰਬੋਜ ਭਾਈਚਾਰੇ ਅਤੇ ਸਮੂਹ ਗੁਰੂ ਘਰ ਕਮੇਟੀਆਂ ਵੱਲੋ ਧਰਨਾ ਲਗਾਇਆ ਜਾ ਰਿਹਾ ਹੈ ।
ਰਾਮ ਮੁਹੰਮਦ ਸਿੰਘ ਆਜ਼ਾਦ ਯਾਦਗਾਰੀ ਕਲੱਬ ਸੁਨਾਮ ਵੱਲੋਂ ਸਾਰੇ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 26 ਜਨਵਰੀ ਵਾਲੇ ਦਿਨ ਜਲ੍ਹਿਆਂ ਵਾਲਾ ਬਾਗ ਅੰਮ੍ਰਿਤਸਰ ਵਿਖੇ ਪਹੁੰਚਣ ।
ਧਰਨੇ ਦਾ ਸਮਾਂ ਸ਼ਾਮ 3 ਵਜੇ ਹੈ ।
ਇਸ ਸਬੰਧੀ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਆਗੂ ਬਲਦੇਵ ਰਾਜ ਥਿੰਦ ,
ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਮੁਲਾਜ਼ਮ ਵਿੰਗ ਦੇ ਕੌਮੀ ਪ੍ਰਧਾਨ ਹਰਜਿੰਦਰ ਹਾਂਡਾ ਨੇ ਕਿਹਾ ਕਿ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਊਧਮ ਸਿੰਘ ਨੂੰ ਸਰਕਾਰੀ ਪੱਧਰ ਤੇ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਗਿਆ ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਨੂੰ ਇੱਕ ਸਦੀ ਗੁਜ਼ਰ ਗਈ ਹੈ ਤਾਂ ਸ਼ਹੀਦਾਂ ਨੂੰ ਮਾਣ ਸਤਿਕਾਰ ਦੇਣ ਦੀ ਬਜਾਏ ਜੱਲਿਆਂਵਾਲਾ ਬਾਗ ਦੇ ਸਾਹਮਣੇ ਟਿਕਟ ਖਿੜਕੀ ਸਥਾਪਤ ਕਰਨਾ ਸੌੜੀ ਸੋਚ ਦਾ ਨਤੀਜਾ ਹੈ ।
ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਕੌਮੀ ਪ੍ਰਧਾਨ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ , ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਪੰਜਾਬ ਪ੍ਰਧਾਨ ਹਰਮੀਤ ਪੰਮਾ ਕੰਬੋਜ ਅਤੇ ਕੇਵਲ ਕੰਬੋਜ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਜੰਤਰ ਮੰਤਰ ਤੋਂ ਇੰਡੀਆ ਗੇਟ ਦਿੱਲੀ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹੀਦ ਊਧਮ ਸਿੰਘ ਨੂੰ ਚਾਹੁਣ ਵਾਲਿਆਂ ਨੇ ਮਾਰਚ ਕਰ ਕੇ ਸ਼ਹੀਦ ਊਧਮ ਸਿੰਘ ਨੂੰ ਸਰਕਾਰੀ ਪੱਧਰ ਤੇ ਬਣਦਾ ਮਾਣ ਸਤਿਕਾਰ ਦੇਣ ਦੀ ਮੰਗ ਰੱਖੀ ਤਾਂ ਉਸ ਤੋਂ ਬਾਅਦ ਸੱਭਿਆਚਾਰਕ ਮਾਮਲੇ ਭਾਰਤ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਸ਼ਹੀਦ ਊਧਮ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ।
ਉਨ੍ਹਾਂ ਕਿਹਾ ਕਿ ਉਸਾਰੀ ਗਈ ਕੰਧ ਅਤੇ ਲਗਾਈ ਜਾ ਰਹੀ ਟਿਕਟ ਖਿੜਕੀ ਦਾ ਉਹ ਸਖ਼ਤ ਲਫ਼ਜਾਂ ਵਿੱਚ ਵਿਰੋਧ ਕਰਦੇ ਹਨ ।
ਨੈਸ਼ਨਲ ਕੈਪੀਟਲ ਰੀਜਨ ਦੇ ਪ੍ਰਧਾਨ ਰਾਜੇਸ਼ ਹਾਂਡਾ ਅਤੇ ਸਕੱਤਰ ਨਰੇਸ਼ ਹਾਂਡਾ ਨੇ ਵੀ 26 ਜਨਵਰੀ ਨੂੰ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ ਹੈ ।
ਇਸ ਦੌਰਾਨ ਯੂਥ ਆਗੂ ਗੁਰਭੇਜ ਸਿੰਘ ਟਿੱਬੀ , ਮਨਮੀਤ ਸਿੰਘ ਮਿੱਠੂ ਨੇ ਵੀ ਐਲਾਨ ਕੀਤਾ ਹੈ ਕਿ ਸ਼ਹੀਦਾਂ ਦੇ ਸਮਾਰਕ ਉੱਪਰ ਪਾਬੰਦੀਆਂ ਲਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਕੰਬੋਜ ਮਹਾਂ ਸਭਾ ਯੂਥ ਪੰਜਾਬ ਦੇ ਪ੍ਰਧਾਨ ਤਿਲਕ ਰਾਜ ਕੰਬੋਜ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀਆਂ ਲੰਡਨ ਵਿੱਚ ਪਈਆਂ ਵਸਤਾਂ , ਸ਼ਹੀਦ ਊਧਮ ਸਿੰਘ ਦੀ ਨਿੱਜੀ ਡਾਇਰੀ ਅਤੇ ਪਾਪੀ ਜ਼ਾਲਮ ਅੰਗਰੇਜ਼ ਗਵਰਨਰ ਨੂੰ ਮਾਰਨ ਲਈ ਵਰਤੋਂ ਕੀਤਾ ਗਿਆ ਪਿਸਟਲ ਭਾਰਤ ਲਿਆਉਣ ਦੀ ਮੰਗ ਕੇਂਦਰ ਸਰਕਾਰ ਤੁਰੰਤ ਪੂਰੀ ਕਰੇ ।
ਉਨ੍ਹਾਂ ਕਿਹਾ ਕਿ 26 ਜਨਵਰੀ ਦੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਤਰ ਹੋਣਗੇ ।
ਉਨ੍ਹਾਂ ਕਿਹਾ ਕਿ ਦਿਖਾਈ ਦੇ ਰਹੇ ਸ਼ਹੀਦ ਊਧਮ ਸਿੰਘ ਦਰ ਬੁੱਤ ਦੇ ਸਾਹਮਣੇ ਦੀਵਾਰ ਖੜ੍ਹੀ ਕਰਨਾ ਨਿੰਦਣਯੋਗ ਕਾਰਵਾਈ ਹੈ ।
ਕੰਬੋਜ ਮਹਾਂ ਸਭਾ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਡਾਕਟਰ ਹੁਕਮ ਚੰਦ ਕੰਬੋਜ , ਐਡਵੋਕੇਟ ਪ੍ਰਵੀਨ ਧੰਜੂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਉੱਪਰ ਸੱਤਾ ਦਾ ਨਿੱਘ ਮਾਨਣ ਵਾਲੇ ਲੀਡਰਾਂ ਦੇ ਨਾਵਾਂ ਉੱਪਰ ਅੰਤਰਰਾਸ਼ਟਰੀ ਹਵਾਈ ਅੱਡਿਆਂ ,ਯੂਨੀਵਰਸਿਟੀਆਂ ਦੇ ਨਾਮ ਰੱਖੇ ਗਏ ਹਨ ਜਦਕਿ ਦੇਸ਼ ਦੀ ਆਨ ਅਤੇ ਸ਼ਾਨ ਲਈ ਜੂਝ ਮਰਨ ਵਾਲੇ ਕੌਮੀ ਸ਼ਹੀਦਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ ।
ਉਨਾਂ ਕਿਹਾ ਕੇ ਮਨੂੰਵਾਦੀ ਸੋਚ ਕਾਰਣ ਹੀ ਇਹ ਵਰਤਾਰਾ ਵਾਪਰ ਰਿਹਾ ਹੈ ।
26 ਜਨਵਰੀ 2020 ਦੇ ਦਿਨ ਪੰਜਾਬ ਦੀਆਂ ਯੂਥ ਕਲੱਬਾਂ ਨਾਲ ਜੁੜੇ ਨੌਜਵਾਨ ਵੀ ਸ਼ਾਮਲ ਹੋਣਗੇ ।