ਐਸ.ਏ.ਐਸ ਨਗਰ, 21 ਜਨਵਰੀ 2020: “ਇਕ ਵਿਅਕਤੀ ਦੇ ਜੀਵਨ ਵਿਚ ਸਿੱਖਿਆ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਬੱਚਿਆਂ ਦੀ ਕਿਸਮਤ ਨੂੰ ਬਣਾਉਣ ਵਿਚ ਉਹਨਾਂ ਦੀ ਸਹਾਇਤਾ ਕਰਦਾ ਹੈ ਜੋ ਰਾਸ਼ਟਰ ਦਾ ਭਵਿੱਖ ਹੁੰਦੇ ਹਨ। ਪੰਜਾਬ ਸਰਕਾਰ ਇਸ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜੋ ਸੂਬੇ ਦੇ ਸਮੁੱਚੇ ਸਕੂਲਾਂ ਨੂੰ ਸਮਾਰਟ ਸਕੂਲਾਂ ਦੇ ਪੱਧਰ ਤੱਕ ਅਪਗ੍ਰੇਡ ਕਰਨ ਦੇ ਕੰਮ ਤੋਂ ਜ਼ਾਹਰ ਹੁੰਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਪਿੰਡ ਮਨੌਲੀ ਵਿਖੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬਾ ਸਰਕਾਰ ਦਾ ਉਦੇਸ਼ ਪੰਜਾਬ ਦੇ ਸਕੂਲਾਂ ਨੂੰ ਅਤਿ ਆਧੁਨਿਕ ਟੈਕਨਾਲੋਜੀ ਨਾਲ ਹਾਈ-ਟੈਕ ਬਣਾਉਣ ਵੱਲ ਧਿਆਨ ਕੇਂਦਰਿਤ ਕਰਨਾ ਹੈ ਕਿਉਂਕਿ ਵਿਦਿਅਕ ਖੇਤਰ ਨੂੰ ਵੀ ਨਵੇਂ ਤਕਨੀਕੀ ਰੁਝਾਨਾਂ ਨੂੰ ਧਿਆਨ ਵਿਚ ਰੱਖਦਿਆਂ ਅੱਗੇ ਵਧਣਾ ਚਾਹੀਦਾ ਹੈ। ਸਿਹਤ ਮੰਤਰੀ ਨੇ ਸਕੂਲ ਪ੍ਰਬੰਧਨ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੇਣ ਲਈ ਕੋਈ ਵੀ ਕਸਰ ਬਾਕੀ ਨਾ ਛੱਡਣ ਦਾ ਭਰੋਸਾ ਵੀ ਦਵਾਇਆ।
ਸ. ਬਲਬੀਰ ਸਿੰਘ ਸਿੱਧੂ ਨੇ ਇਹ ਵੀ ਦੱਸਿਆ ਕਿ ਪਿੰਡ ਮਨੌਲੀ ਤਹਿਸੀਲ ਬਣਨ ਦੇ ਵੀ ਯੋਗ ਹੈ ਅਤੇ ਉਹ ਇਸ ਸੰਬੰਧੀ ਸਾਰੇ ਉਪਰਾਲੇ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਇਕ ਕਮਿਊਨਿਟੀ ਸੈਂਟਰ ਵੀ ਵਿਚਾਰ ਅਧੀਨ ਹੈ ਅਤੇ ਇਕ ਅਤਿ ਆਧੁਨਿਕ ਹਸਪਤਾਲ ਬਣਾਉਣਾ ਵੀ ਯੋਜਨਾਵਾਂ ਵਿਚ ਸ਼ਾਮਲ ਹੈ ਤਾਂ ਜੋ ਲੋਕਾਂ ਨੂੰ ਡਾਕਟਰੀ ਇਲਾਜ ਲਈ ਚੰਡੀਗੜ੍ਹ ਨਾ ਜਾਣਾ ਪਵੇ।
ਜ਼ਿਕਰਯੋਗ ਹੈ ਕਿ ਮੁਹਾਲੀ ਹਲਕੇ ਵਿਚ ਤਕਰੀਬਨ 22000-25000 ਰਾਸ਼ਨ ਕਾਰਡ ਬਣਾਏ ਗਏ ਹਨ ਅਤੇ 106473 ਸਿਹਤ ਕਾਰਡ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 5812 ਮਰੀਜਾਂ ਨੂੰ 7,50,00000 ਰੁਪਏ ਦੀ ਰਾਸ਼ੀ ਨਾਲ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਲੇਬਰ ਸਕੀਮ ਤਹਿਤ ਲਗਭਗ 750 ਲਾਭਪਾਤਰੀਆਂ ਦੇ ਖਾਤਿਆਂ ਵਿੱਚ 1,08,00000 ਰੁਪਏ ਜਮ੍ਹਾਂ ਕੀਤੇ ਗਏ ਹਨ। ਹੋਰ ਭਲਾਈ ਕੇਂਦਰਿਤ ਪਹਿਲਕਦਮੀਆਂ ਜਿਵੇਂ ਕਿ ਮਜ਼ਦੂਰਾਂ ਦੇ ਬੱਚਿਆਂ ਲਈ ਵਜ਼ੀਫੇ ਅਤੇ ਲੜਕੀਆਂ ਲਈ ਸ਼ਗਨ ਸਕੀਮ 'ਤੇ 80 ਲੱਖ ਰੁਪਏ ਖਰਚ ਕੀਤੇ ਗਏ ਹਨ। ਇਹ ਸਾਰੀਆਂ ਗਤੀਵਿਧੀਆਂ ਲੋਕ ਭਲਾਈ ਕੇਂਦਰ ਅਧੀਨ ਕੀਤੀਆਂ ਗਈਆਂ ਹਨ ਜੋ ਕਿ ਸ. ਬਲਬੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਚਲਾਈਆਂ ਗਈਆਂ ਹਨ। ਕੇਂਦਰ ਨੇ ਪਿੰਡ-ਪਿੰਡ ਜਾ ਕੇ ਇਹ ਸਹੂਲਤਾਂ ਮੁਹੱਈਆ ਕਰਵਾਈਆਂ ਹਨ।
ਸਕੂਲ ਦੇ ਵਿਦਿਆਰਥੀਆਂ ਵੱਲੋਂ ਗਾਏ ਗੀਤਾਂ ਦੇ ਨਾਲ ਨਾਲ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਅੱਜ ਦੇ ਸਮਾਗਮ ਦੌਰਾਨ ਖਿੱਚ ਦਾ ਕੇਂਦਰ ਰਹੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਪਿੰਡ ਮਨੌਲੀ ਦੇ ਸਰਪੰਚ ਸ੍ਰੀ ਜ਼ੋਰਾ ਸਿੰਘ, ਡੀ.ਈ.ਓ. ਐਲੀਮੈਂਟਰੀ ਗੁਰਪ੍ਰੀਤ ਕੌਰ ਧਾਲੀਵਾਲ, ਸੈਂਟਰ ਮੁੱਖ ਅਧਿਆਪਕਾ ਸ੍ਰੀਮਤੀ ਰਮਿੰਦਰ ਕੌਰ, ਬੀ.ਪੀ.ਈ.ਓ. ਬਲਾਕ ਖਰੜ - 3 ਸ੍ਰੀ ਕ੍ਰਿਸ਼ਨ ਪੁਰੀ, ਪ੍ਰਿੰਸੀਪਲ ਸੈਕੰਡਰੀ ਸਕੂਲ ਸ੍ਰੀਮਤੀ ਨਵਕਿਰਨ, ਸੀ.ਐਚ.ਟੀ. ਡੇਰਾਬਸੀ ਸ੍ਰੀ ਅਵਰਿੰਦਰ ਸਿੰਘ, ਸੀ.ਐਚ.ਟੀ. ਸ੍ਰੀ ਜਸਵੀਰ ਸਿੰਘ ਬਾਕਰਪੁਰ, ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਸ੍ਰੀ ਜਸਵੀਰ ਸਿੰਘ ਅਤੇ ਸ. ਵੀ.ਪੀ. ਸਿੰਘ, ਮੀਡੀਆ ਕੋਆਰਡੀਨੇਟਰ ਸ੍ਰੀ ਅੰਮ੍ਰਿਤਪਾਲ ਸਿੰਘ, ਪੰਚਾਇਤ ਮੈਂਬਰ ਸ. ਗੁਰਦੀਪ ਸਿੰਘ ਬੱਸੀ, ਸ੍ਰੀ ਪਰਦੀਪ ਸ਼ਰਮਾ, ਸ੍ਰੀ ਅਮਰਿੰਦਰ ਸਿੰਘ ਧਨੋਆ, ਸ੍ਰੀ ਰਾਮ ਨਾਥ, ਸ੍ਰੀ ਨਰਿੰਦਰ ਸਿੰਘ, ਸ੍ਰੀ ਜਸਪਾਲ ਰਾਮ, ਪ੍ਰਧਾਨ ਗੁਰਦੁਆਰਾ ਕਮੇਟੀ ਸ੍ਰੀ ਜਤਿੰਦਰ ਸਿੰਘ, ਸ੍ਰੀ ਗੁਰਮੇਲ ਸਿੰਘ, ਸਾਬਕਾ ਸਰਪੰਚ ਸ. ਹਰਨੇਕ ਸਿੰਘ, ਰਿਟਾ. ਮਾਸਟਰ ਸ੍ਰੀ ਸ਼ਸ਼ੀ ਭੂਸ਼ਣ, ਸ੍ਰੀ ਜਤਿੰਦਰ ਸੂਦ, ਸ੍ਰੀ. ਅਸ਼ੋਕ ਕੁਮਾਰ ਅਤੇ ਸਕੂਲ ਸਟਾਫ ਮੈਂਬਰ ਕੁਲਵਿੰਦਰ ਕੌਰ, ਵਰਿੰਦਰ ਕੌਰ, ਰਵਿੰਦਰ ਕੌਰ, ਅਰਵਿੰਦਰ ਕੌਰ, ਬਲਜੀਤ ਕੌਰ ਅਤੇ ਪੂਜਾ ਸੈਣੀ ਸ਼ਾਮਲ ਹੋਏ।