ਅਸ਼ੋਕ ਵਰਮਾ
- ਮਾਮਲੇ ਦੀ ਪੜਤਾਲ ਜਾਰੀ:ਡੀਜੀਐਮ
ਬਠਿੰਡਾ, 20 ਜਨਵਰੀ 2020 - ਪਿੰਡ ਘੁੱਦਾ ਸਥਿਤ ਓਰੀਐਂਟਲ ਬੈਂਕ ਆਫ਼ ਕਾਮਾਰਸ (ਓ.ਬੀ.ਸੀ.) ’ਚ ਬੈਂਕ ’ਚ ਖੇਤ ਲਿਮਟਾਂ ’ਤੇ ਸੇਵਿੰਗ ਖਾਤਿਆਂ ਨਾਲ ਕਥਿਤ ਛੇੜ-ਛਾੜ ਕਰਕੇ ਕਰੋੜਾਂ ਦਾ ਕਥਿਤ ਘਪਲੇ ਦੀ ਚਰਚਾ ਨੇ ਕਿਸਾਨਾਂ ਨੂੰ ਭੰਬਲਭੂਸੇ ’ਚ ਪਾ ਰੱਖਿਆ ਹੈ। ਪੀੜਤ ਕਿਸਾਨਾਂ ਨੇ ਬੈਂਕ ਦੇ ਮੁੱਖ ਗੇਟ ਅੱਗੇ ਅੱਜ ਦੂਸਰੀ ਵਾਰ ਨਾਅਰੇਬਾਜੀ ਕੀਤੀ ਅਤੇੇ ਮਾਮਲੇ ਦੀ ਜਾਂਚ ਵਿਜੀਲੈਂਸ ਤੋਂ ਕਰਵਾ ਕੇ ਜਿੰਮੇਵਾਰ ਮੁਲਾਜ਼ਮਾਂ ਵਿਰੁੱਧ ਵਿਜੀਲੈਂਸ ਕਾਰਵਾਈ ਦੀ ਮੰਗ ਰੱਖੀ। ਜਾਣਕਾਰੀ ਅਨੁਸਾਰ ਪਿੰਡ ਘੁੱਦਾ ਅਤੇ ਜੈ ਸਿੰਘ ਵਾਲਾ ਦੇ ਕਿਸਾਨਾਂ ਨੇ ਦੱਸਿਆ ਕਿ ਉਹ ਹਰ ਰੋਜ਼ ਬੈਂਕ ਆਉਦੇ ਹਨ ਪ੍ਰੰਤੂ ਖਾਲੀ ਹੱਥ ਵਾਪਸ ਮੁੜ ਜਾਂਦੇ ਹਨ। ਕਿਸਾਨਾਂ ਨੇ ਦੱਸਿਆ ਕਿ ਬੈਂਕ ਵੱਲੋਂ ਉਨਾਂ ਨੂੰ ਕੋਈ ਵੀ ਰਾਹ ਨਹੀਂ ਪਾਇਆ ਜਾ ਰਿਹਾ ਅਤੇ ਨਾਂ ਹੀ ਉਨਾਂ ਦੇ ਖਾਤਿਆਂ ਬਾਰੇ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ। ਕਿਸਾਨਾਂ ਨੇ ਚੇਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਉਨਾਂ ਨਾਲ ਇਨਸਾਫ ਨਾ ਕੀਤਾ ਗਿਆ ਤਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਧੋਖਾਧੜੀ ਦਾ ਮਾਮਲਾ ਦਰਜ ਕਰਵਾਉਣਗੇ। ਉਨਾਂ ਦੱਸਿਆ ਕਿ ਬੈਂਕ ’ਚ ਕਿਸਾਨਾਂ ਨਾਲ ਹੋਏ ਕਥਿਤ ਘਪਲੇ ਦੀ ਗੱਲ ਫੈਲਣ ਕਾਰਨ ਪਿੰਡ ਦਾ ਹਰ ਖਾਤਾਧਾਰਕ ਸਹਿਮ ਗਿਆ ’ਤੇ ਉਹ ਆਪਣਾ ਖਾਤਾ ਚੈੱਕ ਕਰਵਾਉਣ ’ਤੇ ਸਟੇਟਮੈਂਟ ਲੈਣ ਲਈ ਬੈਂਕ ਪਹੰੁਚ ਰਿਹਾ ਹੈ। ਉਨਾਂ ਇੱਕ ਠੇਕਾ ਮੁਲਾਜਮ ਤੇ ਵੀ ਸ਼ੱਕ ਜਤਾਇਆ ਕਿ ਉਹ ਕਥਿਤ ਘਪਲੇ ਦਾ ਸੂਤਰਧਾਰ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਕਥਿਤ ਘਪਲੇ ਦੀ ਮਾਰ ਹੇਠ ਉਹ ਕਿਸਾਨ ਆਏ ਹੋ ਸਕਦੇ ਜਿੰਨਾਂ ਨੇ ਖੇਤ ਲਿਮਟ ’ਚ ਪਿਛਲੇ ਦੋ ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਕੀਤਾ।
ਮਸਲਾ ਹੱਲ ਨਾਂ ਹੋਣ ਦੀ ਸੂਰਤ ’ਚ ਪੱਕਾ ਧਰਨਾ.....
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪਿੰਡ ਇਕਾਈ ਪ੍ਰਧਾਨ ਅਮਰੀਕ ਸਿੰਘ ਘੁੱਦਾ ਨੇ ਇਸ ਮਾਮਲੇ ਸਬੰਧੀ ਦੱਸਿਆ ਕਿ ਜਿਹੜੇ ਕਿਸਾਨਾਂ ਨਾਲ ਬੈਂਕ ਨੇ ਕਥਿਤ ਧੋਖਾਧੜੀ ਕੀਤੀ ਹੈ ਉਨਾਂ ਦੇ ਪੈਸੇ ਵਾਪਸ ਕੀਤੇ ਜਾਣ ਅਤੇ ਇਸ ਲਈ ਜਿੰਮੇਵਾਰ ਲੋਕਾਂ ਖਿਲਾਫ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਜੇਕਰ ਬੈਂਕ ਨੇ ਇਸ ਮਸਲੇ ਨੂੰ ਆਉਦੇ ਇਕ ਦੋ ਦਿਨਾਂ ’ਚ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਦੇ ਕਾਰਕੁੰਨਾਂ ਵੱਲੋਂ ਪੀੜਤ ਕਿਸਾਨਾਂ ਨੂੰ ਨਾਲ ਲੈ ਕੇ ਬੈਂਕ ਅੱਗੇ ਪੂਰੀ ਤਰਾਂ ਪੱਕੇ ਝੰਡੇ ਗੱਡੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਹੋਵੇਗੀ।
ਖਾਤਿਆਂ ਦੀ ਜਾਂਚ ਜਾਰੀ:ਮੈਨੇਜਰ....
ਮਾਮਲੇ ਸਬੰਧੀ ਬੈਂਕ ਮੈਨੇਜਰ ਅਜੇ ਧੀਮਾਨ ਦਾ ਕਹਿਣਾ ਸੀ ਕਿ ਉੱਚ ਪੱਧਰ ਤੇ ਖਾਤਿਆਂ ਦੀ ਜਾਚ ਕੀਤੀ ਜਾ ਰਹੀ ਹੈ ਜਿਸ ’ਚ ਤੱਥ ਸਾਹਮਣੇ ਆ ਜਾਣਗੇ। ਉਨਾਂ ਦੱਸਿਆ ਕਿ ਉਨਾਂ ਨੇ ਸਾਰੀ ਗੱਲ ਕਿਸਾਨਾਂ ਅੱਞੇ ਰੱਖ ਦਿੱਤੀ ਹੈ ਪਰ ਉਹ ਸਮਝ ਨਹੀਂ ਰਹੇ ਹਨ। ਉਨਾਂ ਕਿਹਾ ਕਿ ਸਟੇਟਮੈਂਟ ਲੈਣ ਲਈ ਆਉਣ ਵਾਲੇ ਕਿਸਾਨ ਨੂੰ ਖਾਤੇ ਦੀ ਸਟੇਟਮੈਂਟ ਦਿੱਤੀ ਜਾ ਰਹੀ ਹੈ ਕਿਸੇ ਨੂੰ ਨਾਂਹ ਕਰਨ ਦਾ ਸਵਾਲ ਹੀ ਨਹੀਂ ਹੈ।
ਮਾਮਲੇ ਦੀ ਪੜਤਾਲ ਜਾਰੀ ਡੀਜੀਐਮ....
ਓਬੀਸੀ ਦੇ ਡੀਜੀਐਮ ਸ੍ਰੀ ਰਾਜ ਕੁਮਾਰ ਦਾ ਕਹਿਣਾ ਸੀ ਕਿ ਉਨਾਂ ਕੋਲ ਸ਼ਕਾਇਤ ਆਈ ਹੈ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ ਜਿਸ ਦੀ ਰਿਪੋਰਟ ਦੋ ਤਿੰਨ ਦਿਨ ’ਚ ਆ ਜਾਏਗੀ। ਉਨਾਂ ਕਿਹਾ ਕਿ ਜੋ ਵੀ ਕਸੁਰਵਾਰ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਅਤੇ ਜਿੰਮਵਾਰ ਬਖਸ਼ਿਆ ਨਹੀਂ ਜਾਏਗਾ। ਉਨਾਂ ਦੱਸਿਆ ਕਿ ਬੈਂਕ ਦੇ ਗਾਹਕ: ਦਾ ਪੈਸਾ ਸੁਰੱਖਿਅਤ ਹੈ ਕਿਸੇ ਨੂੰ ਫਿਕਰ ਕਰਨ ਦੀ ਜਰੂਰਤ ਨਹੀਂ ਹੈ।
ਫੋਟੋ : ਪਿੰਡ ਘੁੱਦਾ ਵਿਖੇ ਪੀੜਤ ਕਿਸਾਨ ਬੈਂਕ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ।