ਸੰਜੀਵ ਸੂਦ
- ਧਰਨੇ ਲਾਉਣ ਦੀ ਦਿੱਤੀ ਚਿਤਾਵਨੀ
ਲੁਧਿਆਣਾ, 20 ਜਨਵਰੀ 2020 - ਲੁਧਿਆਣਾ ਦੇ ਕੁੱਝ ਵਪਾਰੀਆਂ ਤੇ ਪਰਚਾ ਦਰਜ ਕਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਹ ਪਰਚਾ ਜੀ.ਐੱਸ.ਟੀ. ਅਧਿਕਾਰੀਆਂ ਦੀ ਸਿਫਾਰਿਸ਼ ਤੇ ਬੀਤੇ ਦਿਨੀਂ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਵਪਾਰੀਆਂ ਵੱਲੋਂ ਅੱਜ ਇਕੱਤਰ ਹੋ ਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਪੁਲਿਸ ਕਮਿਸ਼ਨਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਵਪਾਰੀ ਦੀ ਗ੍ਰਿਫਤਾਰੀ ਨਹੀਂ ਹੋਵੇਗੀ। ਵਪਾਰੀਆਂ ਨੇ ਇਸ ਮੌਕੇ ਕਿਸੇ ਤਰ੍ਹਾਂ ਜ਼ੇਲ੍ਹ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਹ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਜਾਣਗੇ।
ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਸੁਨੀਲ ਮਹਿਰਾ ਨੇ ਦੱਸਿਆ ਜੀ.ਐੱਸ.ਟੀ. ਅਧਿਕਾਰੀਆਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਅਤੇ ਉਨ੍ਹਾਂ ਦੀ ਹੀ ਸਿਫਾਰਿਸ਼ 'ਤੇ ਪੁਲਿਸ ਵੱਲੋਂ ਪਰਚੇ ਦਰਜ ਕੀਤੇ ਜਾ ਰਹੇ ਹਨ। ਜੋ ਕਿ ਵਪਾਰੀ ਕਿਸੇ ਵੀ ਹਾਲਤ 'ਚ ਨਹੀਂ ਸਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਲੋੜ ਪਈ ਤਾਂ ਉਹ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਅੱਠ ਵਪਾਰੀਆਂ 'ਤੇ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ।
ਉੱਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਹੈ ਕਿ ਕਿਸੇ ਵੀ ਧੱਕੇਸ਼ਾਹੀ ਕਿਸੇ ਵੀ ਹਾਲਤ 'ਚ ਨਹੀਂ ਸਹਿਣ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਜੀਐੱਸਟੀ ਅਧਿਕਾਰੀ ਬਿਨਾਂ ਵਜ੍ਹਾ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਜਦੋਂ ਕਿ ਵਪਾਰੀ ਹੀ ਸਰਕਾਰ ਦੇ ਖਾਤੇ 'ਚ ਵੱਡਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਰੇਡ ਦੇ ਦੌਰਾਨ ਫੈਕਟਰੀ ਦੇ ਕੈਮਰੇ ਵੀ ਬੰਦ ਕਰਵਾ ਦਿੱਤੇ ਗਏ ਜੋ ਕਿ ਸਰਾਸਰ ਗਲਤ ਹੈ।
ਜ਼ਿਕਰੇਖ਼ਾਸ ਹੈ ਕਿ ਬੀਤੇ ਦਿਨੀਂ ਜੀਐੱਸਟੀ ਅਧਿਕਾਰੀਆਂ ਵੱਲੋਂ ਗਾਰਮੈਂਟ ਫੈਕਟਰੀ ਤੇ ਛਾਪੇਮਾਰੀ ਕੀਤੀ ਗਈ ਸੀ ਅਤੇ ਫੈਕਟਰੀ ਦੇ ਮਾਲਕ ਰਾਜੇਸ਼ ਮਹਾਜਨ ਅਤੇ ਵਿਨੀਤ ਰਾਏ 'ਤੇ। ਜਿਸ ਨੂੰ ਲੈ ਕੇ ਵਪਾਰ ਮੰਡਲ ਭੜਕ ਗਿਆ ਸੀ ਅਤੇ ਵਪਾਰੀਆਂ ਵੱਲੋਂ ਇੱਕ ਜੁੱਟ ਹੋ ਕੇ ਦਰੇਸੀ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅਤੇ ਅੱਜ ਇਸੇ ਨੂੰ ਲੈ ਕੇ ਵਪਾਰੀ ਵਰਗ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਮਿਲਿਆ।