ਅਸ਼ੋਕ ਵਰਮਾ
ਬਠਿੰਡਾ, 20 ਜਨਵਰੀ 2020 - ਹਾਲੇ ਪਰਸ ਰਾਮ ਨਗਰ ਦੀਆਂ ਗਲੀਆਂ ਵਿਚਲੇ ਸੀਵਰੇਜ਼ ਦਾ ਗੰਦੇ ਪਾਣੀ ਅਤੇ ਇਸ ਸਬੰਧੀ ਛਪੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਹੁਣ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਪੂਜਾ ਵਾਲਾ ਮੁਹੱਲਾ ’ਚ ਸੀਵਰੇਜ਼ ਦਾ ਗੰਦਾ ਪਾਣੀ ਲੋਕਾਂ ਦੀਆਂ ਬਰੂਹਾਂ ਤੇ ਪੁੱਜ ਗਿਆ ਹੈ। ਇਸ ਮਾਮਲੇ ਨੂੰ ਲੈਕੇ ਸ਼ਹਿਰ ਦੀਆਂ ਸਮਾਜਸੇਵੀ ਧਿਰਾਂ ਅਤੇ ਲੋਕਾਂ ਨੇ ਸੜਕਾਂ ਤੇ ਉੱਤਰਨ ਦੀ ਚਿਤਾਵਨੀ ਦਿੱਤੀ ਹੈ। ਲੋਕ ਆਖਦੇ ਹਨ ਕਿ ਉਨਾਂ ਦੀ ਸਹੂਲਤ ਲਈ ਮੁਹਈਆ ਕਰਵਾਈ ਸੀਵਰੇਜ਼ ਸਹੂਲਤ ਲੋਕਾਂ ਲਈ ਜੀਆ ਦਾ ਜੰਜਾਲ ਬਣ ਗਈ ਹੈ। ਇਸ ਇਲਾਕੇ ’ਚ ਵਪਾਰਿਕ ਅਦਾਰੇ ਵੀ ਹਨ ਅਤੇ ਲੋਕਾਂ ਦੇ ਖਾਣਪੀਣ ਵਾਲੇ ਸਮਾਨ ਦੀਆਂ ਦੁਕਾਨਾਂ ਵੀ ਹਨ ਜਿੰਨਾਂ ਦੇ ਕਾਰੋਬਾਰ ਤੇ ਸੰਕਟ ਬਣ ਗਿਆ ਹੈ।
ਰੌਚਕ ਤੱਥ ਹੈ ਕਿ ਨੀਵੇਂ ਸ਼ਹਿਰ ਨਾਲੋਂ ਇਹ ਉੱਚਾ ਇਲਾਕਾ ਹੈ ਫਿਰ ਵੀ ਪਾਣੀ ਸੜਕਾਂ ਤੇ ਮੇਲਣ ਲੱਗਿਆ ਹੈ। ਵੱਖ ਵੱਖ ਥਾਵਾਂ ਤੋਂ ਰਿਸਣ ਲੱਗਿਆ ਗੰਦਾ ਪਾਣੀ ਹੱਦ ਤੋਂ ਜਿਆਦਾ ਇਕੱਤਰ ਹੋ ਗਿਆ ਹੈ ਤਾਂ ਲੋਕਾਂ ਨੂੰ ਲੰਘਣ ਦੀ ਵੀ ਮੁਸ਼ਕਲ ਆਉਣ ਲੱਗੀ ਹੈ। ੳਪਰੋ ਸ਼ਹਿਰ ਭਰ ਦੇ ਗੰਦੇ ਪਾਣੀ ਦੇ ਮੁਸ਼ਕ ਨੇ ਇੱਥੇ ਆਉਣ ਵਾਲੇ ਲੋਕਾਂ ਦੇ ਨੱਕ ਖੁਸ਼ਕ ਕਰ ਦਿੱਤੇ ਹਨ ਅਤੇ ਗੰਦਗੀ ਨੇ ਨਗਰ ਨਿਗਮ ਬਠਿੰਡਾ ਦੇ ਪਹਿਲੇ ਨੰਬਰ ਤੇ ਆਉਣ ਦੇ ਨਾਲ ਨਾਲ ਸਵੱਛ ਭਾਰਤ ਅਭਿਆਨ ਦੀ ਪੋਲ ਖੋਹਲ ਕੇ ਰੱਖ ਦਿੱਤੀ ਹੈ। ਇਸ ਇਨਾਕੇ ਦੇ ਬਸ਼ਿੰਦੇ ਭੂਸ਼ਣ ਜੈਨ ਦਾ ਕਹਿਣਾ ਸੀ ਕਿ ਸੀਵਰੇਜ਼ ਬਲਾਕ ਹੋਕੇ ਪਾਣੀ ਰਿਸਣਾ ਆਮ ਗੱਲ ਹੈ । ਉਨਾਂ ਆਖਿਆ ਕਿ ਉਹ ਇਸ ਸਮੱਸਿਆ ਸਬੰਧੀ ਨਗਰ ਨਿਗਮ ਅਤੇ ਤਿ੍ਰਵੈਦੀ ਕੰਪਨੀ ਕੋਲ ਗੁਹਾਰ ਲਗਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ ਹੈ।
ਸ਼ਸ਼ੀ ਮਿੱਤਲ ਨੇ ਦੱਸਿਆ ਕਿ ਲੋਕ ਵੀ ਸੀਵਰੇਜ਼ ਦੀ ਮਾਰ ਹੇਠ ਆਏ ਹੋਏ ਹਨ ਪਰ ਅਫਸਰ ਚੈਨ ਦੀ ਨੀਂਦ ਸੁੱਤੇ ਪਏ ਹਨ। ਉਨਾਂ ਦੱਸਿਆ ਕਿ ਖਾਸ ਤੌਰ ਤੇ ਮੱਛਰ ਦੀ ਪੈਦਾਇਸ਼ ਕਾਰਨ ਲੋਕਾਂ ਨੂੰ ਬਿਮਾਰੀਆਂ ਦਾ ਖਤਰਾ ਵਧ ਗਿਆ ਹੈ। ਮੁਹੱਲਾ ਵਾਸੀ ਅਕਾਸ਼ ਨੇ ਆਖਿਆ ਕਿ ਜੇਕਰ ਪ੍ਰਸ਼ਾਸ਼ਨ ਨੇ ਗੰਦਾ ਪਾਣੀ ਨਾਂ ਕੱਢਿਆ ਤਾਂ ਉਨਾਂ ਨੂੰ ਕੋਈ ਸਖਤ ਕਦਮ ਚੁੱਕਣਗੇ। ਉਨਾਂ ਕਿਹਾ ਕਿ ਸ਼ੁਰੂਆਤੀ ਦੌਰ ’ਚ ਜਦੋਂ ਸੀਵਰੇਜ ਪਾਇਆ ਗਿਆ ਤਾਂ ਉਸ ਵੇਲੇ ਸ਼ਹਿਰ ਦੀ ਅਬਾਦੀ ਕਾਫੀ ਘੱਟ ਸੀ ਜਿਸ ’ਚ ਪ੍ਰਜੈਕਟ ਦੇ ਮੁਕੰਮਲ ਹੋਣ ਤੱਕ ਭਾਰੀ ਵਾਧਾ ਹੋ ਗਿਆ ਪਰ ਆਉਣ ਵਾਲੇ ਸਮੇਂ ਮੁਤਾਬਕ ਯੋਜਨਾਬੰਦੀ ਨਹੀਂ ਕੀਤੀ ਜੋ ਕਿ ਸਮੱਸਿਆ ਦੀ ਮੂਲ ਜੜ ਹੈ।
ਇਲਾਕਾ ਵਾਸੀ ਸ਼ਿਵਜੀ ਰਾਮ ਨੇ ਕਿਹਾ ਕਿ ਜੇਕਰ ਨਗਰ ਨਿਗਮ ਅਧਿਕਾਰੀ ਇੱਛਾ ਸ਼ਕਤੀ ਦਿਖਾਏ ਤਾਂ ਸੀਵਰੇਜ ਪ੍ਰਬੰਧ ਪੂਰੀ ਤਰਾਂ ਲੀਹ ਤੇ ਲਿਆਂਦੇ ਜਾ ਸਕਦੇ ਹਨ। ਇਲਾਕਾ ਨਿਵਾਸੀਆਂ ਨੇ ਆਖਿਆ ਕਿ ਇਸ ਪਾਸੇ ਦੀਆਂ ਕਾਫੀ ਸੜਕਾਂ ਪਾਣੀ ਕਾਰਨ ਟੁੱਟੀਆਂ ਪਈਆਂ ਹਨ ਜਿੰਨਾਂ ਨੂੰ ਫੌਰੀ ਤੌਰ ਤੇ ਮੁਰੰਮਤ ਦੀ ਜਰੂਰਤ ਹੈ। ਉਨਾਂ ਆਖਿਆ ਕਿ ਪੀਣ ਵਾਲਾ ਸਾਫ ਸੁਥਰਾ ਪਾਣੀ ਅਤੇ ਸਫਾਈ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਨਗਰ ਨਿਗਮ ਦੀ ਜਿੰਮੇਵਾਰੀ ਹੈ ਜਿਸ ਲਈ ਲੋਕਾਂ ਤੋਂ ਟੈਕਸ ਵਸੂਲੇ ਜਾਂਦੇ ਹਨ। ਉਨਾਂ ਕਿਹਾ ਕਿ ਜੇਕਰ ਆਮ ਆਦਮੀ ਨੂੰ ਖੱਜਲ ਖੁਆਰ ਹੀ ਕਰਨਾ ਹੈ ਤਾਂ ਫਿਰ ਚੋਣਾਂ ਦੌਰਾਨ ਮਾਰੇ ਜਾਂਦੇ ਦਮਗਜਿਆਂ ਦੀ ਕੀ ਵੁੱਕਤ ਰਹਿ ਜਾਂਦੀ ਹੈ।
ਡੀਸਿਲਟਿੰਗ ਨਾਂ ਹੋਣ ਕਾਰਨ ਸਮੱਸਿਆ ਬਣੀ......
ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਮਸ਼ੀਨਾਂ ਨਾਲ ਸੀਵਰੇਜ਼ ਦੀ ਡੀਸਿਲਟਿੰਗ ਦਾ ਕੰਮ ਨਹੀਂ ਹੋਇਆ ਹੈ ਜਿਸ ਕਰਕੇ ਸਮੱਸਿਆ ਬਣੀ ਹੈ। ਉਨਾਂ ਆਖਿਆ ਕਿ ਸੀਵਰੇਜ਼ ਚਾਲੂ ਕਰਨ ਵੇਲੇ ਵਰਤੇ ਬਾਂਸ ਵੀ ਲਾਈਨਾਂ ’ਚ ਫਸੇ ਹੋਏ ਹਨ ਜਿਸ ਕਾਰਨ ਵੀ ਪਾਣੀ ਨੂੰ ਠੱਲ ਲੱਗਦੀ ਹੈ। ਉਨਾਂ ਆਖਿਆ ਕਿ ਫਿਲਹਾਲ ਮਸਲੇ ਦਾ ਆਰਜੀ ਹੱਲ ਕੀਤਾ ਜਾ ਸਕਦਾ ਹੈ ਅਸਲ ‘ਚ ਤਾਂ ‘ਸੁਪਰ ਸੱਕਰ’ ਮਸ਼ੀਨ ਨਾਲ ਸਫਾਈ ਹੋਣ ਉਪਰੰਤ ਹੀ ਦਿੱਕਤ ਖਤਮ ਕੀਤੀ ਜਾ ਸਕੇਗੀ।
ਸਮੱਸਿਆ ਦਾ ਹੱਲ ਜਲਦੀ.....
ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਤਿ੍ਰਵੈਣੀ ਦੇ ਪ੍ਰਜੈਕਟ ਮੈਨੇਜਰ ਸ੍ਰੀ ਨਿਵਾਸ ਦਾ ਕਹਿਣਾ ਸੀ ਕਿ ਮਸਲੇ ਦੇ ਹੱਲ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਆਖਿਆ ਕਿ ਉਹ ਮੌਕੇ ਤੀ ਹੀ ਹਨ ਅਤੇ ਉਮੀਦ ਹੈ ਦੇਰ ਸ਼ਾਮ ਤੱਕ ਸਮੱਸਿਆ ਦਾ ਹੱਲ ਕਰ ਦਿੱਦਾ ਜਾਏਗਾ।
ਸੜਕਾਂ ਤੇ ਉਤਰਨਗੇ ਲੋਕ.....
ਲੋਕ ਹੱਕਾਂ ਲਈ ਲੜਾਈ ਲੜਨ ਵਾਲੀ ਸ਼ਹਿਰ ਦੀ ਸੰਸਥਾ ਪੇਰੈਂਟਸ ਰਾਈਟਸ ਐਸੋਸੀਏਸ਼ਨ ਦੇ ਜਰਨਲ ਸਕੱਤਰ ਅਤੇ ਇਸ ਇਲਾਕੇ ਦੇ ਵਸਨੀਕ ਸੰਜੀਵ ਜਿੰਦਲ ਦਾ ਕਹਿਣਾ ਸੀ ਕਿ ਅਸਲ ’ਚ ਆਮ ਲੋਕ ਨਗਰ ਨਿਗਮ ਅਤੇ ਸੀਵਰੇਜ਼ ਬੋਰਡ ਦੇ ਏਜੰਡੇ ਤੇ ਨਹੀਂ ਜੇ ਹੁੰਦੇ ਤਾਂ ਇੰਜ ਲੋਕਾਂ ਨੂੰ ਗੰਦਗੀ ਨਾਲ ਨਹੀਂ ਜੂਝਣਾ ਪੈਣਾ ਸੀ। ਉਨਾਂ ਆਖਿਆ ਕਿ ਪੂਜਾ ਵਾਲਾ ਮਹੁੱਲਾ ਨੂੰ ਹੁਣ ਗੰਦਾ ਪਾਣੀ ਦੁਖੀ ਕਰਨ ਲੱਗਿਆ ਹੈ ਜਦੋਂਕਿ ਪਹਿਲਾਂ ਲੋਕ ਹੋਰ ਸਮੱਸਿਆਵਾਂ ਨਾਲ ਜੂਝ ਰਹੇ ਹਨ ਉਨਾਂ ਚਿਤਾਵਨੀ ਦਿੱਤੀ ਕਿ ਜੇ ਮਸਲਾ ਹੱਲ ਨਾਂ ਹੋਇਆ ਤਾਂ ਉਹ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਸੜਕਾਂ ਤੇ ਲੜਾਈ ਲੜਨਗੇ।