ਸੰਕੇਤਕ ਤਸਵੀਰ
ਗੁਰਨਾਮ ਸਿੱਧੂ
- ਬਲੈਕ ਮੇਲ ਕਰਨ ਤੇ ਪਰਸ ਅਤੇ ਏਟੀਐੱਮ ਵਿਚੋਂ ਕਢਵਾਏ ਪੈਸੇ
- ਪੁਲਿਸ ਨੇ ਕੀਤਾ 7 ਲੋਕਾਂ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ 20 ਜਨਵਰੀ 2020: ਇਕ ਨੌਜਵਾਨ ਦੇ ਕੱਪੜੇ ਉਤਰਵਾ ਕੇ ਲੜਕੀ ਨਾਲ ਵੀਡਿਓ ਬਨਾਉਣ 'ਤੇ ਨੌਜਵਾਨ ਦੇ ਪਰਸ ਵਿਚੋਂ ਚਾਰ ਹਜ਼ਾਰ ਅਤੇ ਏਟੀਐੱਮ ਵਿਚੋਂ 25 ਹਜ਼ਾਰ ਰੁਪਏ ਕਢਵਾਉਣ ਅਤੇ ਉਸ ਨੂੰ ਬਲੈਕ ਮੇਲ ਕਰਨ ਕਰਨ ਦੇ ਦੋਸ਼ ਵਿਚ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ 6 ਬਾਈ ਨੇਮ ਲੋਕਾਂ ਸਮੇਤ ਇਕ ਅਣਪਛਾਤੇ ਵਿਅਕਤੀ ਖਿਲਾਫ 384, 420, 506, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਮਰਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਹਾਮਦ ਨੇ ਦੱਸਿਆ ਕਿ ਉਸ ਦੀ ਜਾਣ ਪਛਾਣ ਇਕ ਲੜਕੀ ਨਾਲ ਫਿਰੋਜ਼ਪੁਰ ਬਾਜ਼ਾਰ ਵਿਚ ਹੋਈ ਸੀ। ਅਮਰਜੀਤ ਸਿੰਘ ਨੇ ਦੱਸਿਆ ਕਿ 15 ਜਨਵਰੀ 2020 ਨੂੰ ਫਿਰੋਜ਼ਪੁਰ ਸ਼ਹਿਰ ਵਿਚ ਆਇਆ ਤੇ ਲੜਕੀ ਨੇ ਉਸ ਨੂੰ ਕਿਹਾ ਕਿ ਉਸ ਨੂੰ ਉਸ ਦੀ ਦੋਸਤ ਰੂਨਾ ਦੇ ਘਰ ਛੱਡ ਆਓ।
ਜਦ ਉਹ ਰੂਨਾ ਦੇ ਘਰ ਬੈਠਾ ਲੜਕੀ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ ਤਾਂ ਇਕ ਅਣਪਛਾਤੀ ਔਰਤ ਚਾਹ ਲੈ ਕੇ ਆਈ ਤਾਂ ਕੁਝ ਸਮੇਂ ਬਾਅਦ ਤਿੰਨ ਲੜਕੇ ਉਥੇ ਆਏ ਤੇ ਉਸ ਨੂੰ ਕਹਿਣ ਲੱਗੇ ਤੂੰ ਏਥੇ ਕੀ ਕਰਦਾ ਹੈ ਤੇ ਜਿਨ੍ਹਾਂ ਵਿਚੋਂ ਇਕ ਨੇ ਖਾਕੀ ਪੱਗ ਬੰਨ੍ਹੀ ਹੋਈ ਸੀ ਤੇ ਕਹਿਣ ਲੱਗੇ ਕਿ ਅਸੀਂ ਮੁਲਾਜ਼ਮ ਹਾਂ ਤੇ ਉਸ ਨੂੰ ਡਰਾ ਧਮਕਾ ਕੇ ਉਸ ਦੇ ਕੱਪੜੇ ਉਤਾਰ ਕੇ ਉਸ ਲੜਕੀ ਨਾਲ ਵੀਡਿਓ ਬਣਾ ਲਈ ਤੇ ਉਸ ਨੂੰ ਬਲੈਕ ਮੇਲੇ ਕਰਕੇ ਉਸ ਦੇ ਪਰਸ ਵਿਚੋਂ ਚਾਰ ਹਜ਼ਾਰ ਰੁਪਏ ਤੇ ਏਟੀਐੱਮ ਵਿਚੋਂ 25 ਹਜ਼ਾਰ ਰੁਪਏ ਕਢਵਾ ਲਏ ਤੇ ਖਾਲੀ ਕਾਗਜ਼ਾਤ 'ਤੇ ਦਸਤਖਤ ਕਰਵਾ ਲਏ। ਅਮਰਜੀਤ ਸਿੰਘ ਨੇ ਦੱਸਿਆ ਕਿ ਉਕਤ ਲੋਕ ਉਸ ਨੂੰ ਫੋਨ 'ਤੇ ਬਲੈਕਮੇਲ ਕਰ ਰਹੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਉਸ ਲੜਕੀ ਤੇ ਰੂਨਾ ਵਾਸੀ ਹਾਊਸਿੰਗ ਬੋਰਡ ਕਾਲੋਨੀ ਫਿਰੋਜ਼ਪੁਰ ਸ਼ਹਿਰ, ਸੁੱਖਾ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਬੁੱਟਰ, ਅਮਨਦੀਪ ਸਿੰਘ ਪੁੱਤਰ ਸੁਰਜੀਤ ਵਾਸੀ ਚੁਗਾਵਾਂ, ਦੀਪੂ, ਟਿੰਕੂ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।