ਹਰੀਸ਼ ਕਾਲੜਾ
ਨੂਰਪੁਰਬੇਦੀ, 19 ਜਨਵਰੀ 2020 - ਨੂਰਪੁਰਬੇਦੀ ਵਿਖੇ ਡਿਵਾਈਡਰ ਬਣਾਉਣ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਅੱਜ ਡੀ.ਸੀ. ਰੂਪਨਗਰ ਡਾ. ਸੁਮਿਤ ਜਾਰੰਗਲ ਨੇ ਨੂਰਪੁਰਬੇਦੀ ਵਿਖੇ ਪਹੁੰਚ ਕੇ ਇਸਦਾ ਵਿਰੋਧ ਕਰ ਰਹੇ ਦੁਕਾਨਦਾਰਾਂ ਅਤੇ ਡਿਵਾਈਡਰ ਬਣਾਉਣ ਦੇ ਹੱਕ 'ਚ ਡਟੀ ਗ੍ਰਾਮ ਪੰਚਾਇਤ, ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਤੇ ਸ਼ਹਿਰਵਾਸੀਆਂ ਦੇ ਵੱਖੋ-ਵੱਖਰੇ ਸੁਝਾਅ ਲਏ।
ਸਭ ਤੋਂ ਪਹਿਲਾਂ ਡਿਵਾਈਡਰ ਬਣਾਉਣ ਦਾ ਵਿਰੋਧ ਕਰ ਰਹੇ ਦੁਕਾਨਦਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਅਪਣੀ ਸਮੱਸਿਆ ਦੱਸਦਿਆਂ ਕਿਹਾ ਕਿ ਡਿਵਾਈਡਰ ਬਣਾਉਣ ਨਾਲ ਟ੍ਰੈਫਿਕ ਸਮੱਸਿਆ ਪੈਦਾ ਹੋਵੇਗੀ ਤੇ ਹਾਦਸਿਆਂ 'ਚ ਇਜਾਫਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸਦੇ ਚੱਲਦਿਆਂ ਜਿੱਥੇ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ ਉੱਥੇ ਹੀ ਆਮ ਨਾਗਰਿਕਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਇਸਦੇ ਜਵਾਬ 'ਚ ਡੀ.ਸੀ. ਜਾਰੰਗਲ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਡਿਵਾਈਡਰ ਬਣਨੇ ਜ਼ਰੂਰੀ ਹਨ ਜਿਸ ਨਾਲ ਕਿ ਹਾਦਸਿਆਂ 'ਤੇ ਰੋਕ ਲੱਗੇਗੀ ਤੇ ਟ੍ਰੈਫ਼ਿਕ ਸਮੱਸਿਆ ਹੱਲ੍ਹ ਹੋਵੇਗੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਪੱਤਰ ਮੁਤਾਬਕ ਡਿਵਾਈਡਰ ਬਣਨੇ ਜ਼ਰੂਰੀ ਹਨ ਤੇ ਦੇਸ਼ ਭਰ 'ਚ ਡਿਵਾਈਡਰ ਬਣਾਏ ਜਾਣੇ ਵੀ ਜ਼ਰੂਰੀ ਕਰਾਰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਹ ਨਿਰਮਾਣ ਕਾਰਜ਼ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਜਿਸਦੀ ਰਾਸ਼ੀ ਪਹਿਲਾਂ ਹੀ ਨਿਰਧਾਰਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਗਰ ਤੁਹਾਨੂੰ ਡਿਵਾਈਡਰ ਬਣਾਉਣ ਨਾਲ ਹਾਦਸਿਆਂ ਦਾ ਡਰ ਹੈ ਤਾਂ 10 ਦਿਨਾਂ ਲਈ ਪਹਿਲਾਂ ਆਰਜ਼ੀ ਤੌਰ 'ਤੇ ਡਿਵਾਈਡਰ ਬਣਾ ਕੇ ਟ੍ਰਾਇਲ ਲਿਆ ਜਾਵੇਗਾ। ਡੀ.ਸੀ. ਦੇ ਇਸ ਸੁਝਾਅ ਨਾਲ ਦੁਕਾਨਦਾਰ ਸਹਿਮਤ ਹੋ ਗਏ ਜਿਸ 'ਤੇ ਡਿਪਟੀ ਕਮਿਸ਼ਨਰ ਨੇ ਮੌਕੇ 'ਤੇ ਮੌਜ਼ੂਦ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਿਸ਼ਾਲ ਗੁੱਪਤਾ ਨੂੰ ਇਸ ਆਰਜ਼ੀ ਡਿਵਾਈਡਰ ਬਣਾਉਣ ਦੇ ਆਦੇਸ਼ ਦਿੱਤੇ।ਇਸ ਉਪਰੰਤ ੳਨਾਂ ਨੂਰਪੁਰਬੇਦੀ ਪੰਚਾਇਤ, ਸ਼ਹਿਰਵਾਸੀਆਂ ਤੇ ਹੋਰਨਾਂ ਸੰਸਥਾਵਾਂ ਤੋਂ ਪਹੁੰਚੇ ਨੁਮਾਇੰਦਿਆਂ ਦੇ ਸੁਝਾਅ ਵੀ ਲਏ। ਐਕਸੀਅਨ ਗੁੱਪਤਾ ਨੇ ਦੱਸਿਆ ਕਿ 2 ਦਿਨਾਂ 'ਚ ਆਰਜ਼ੀ ਡਿਵਾਈਡਰ ਬਣਾ ਦਿੱਤੇ ਜਾਣਗੇ।ਇਸ ਮੌਕੇ ਐੱਸ.ਡੀ.ਐੱਮ. ਅਨੰਦਪੁਰ ਸਾਹਿਬ ਮੈਡਮ ਕਨੂੰ ਗਰਗ, ਡੀ.ਐੱਸ.ਪੀ. ਅਨੰਦਪੁਰ ਸਾਹਿਬ ਦਵਿੰਦਰ ਸਿੰਘ, ਕੀਰਤਪੁਰ ਸਾਹਿਬ ਦੇ ਥਾਨਾ ਮੁੱਖੀ ਸੰਨ੍ਹੀ ਖੰਨਾ, ਨੰਗਲ ਦੇ ਥਾਨਾ ਮੁੱਖੀ ਪਵਨ ਕੁਮਾਰ ਤੇ ਨਾਇਬ ਤਹਿਸੀਲਦਾਰ ਨੂਰਪੁਰਬੇਦੀ ਹਰਿੰਦਰ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।