ਲੋਕ ਹਿਤਾਂ ਦੀ ਰਾਖੀ 'ਚ ਮੀਡੀਆ ਦਾ ਵੱਡਾ ਰੋਲ : ਮਦਨ ਲਾਲ ਜਲਾਲਪੁਰ
ਪਟਿਆਲਾ ਮੀਡੀਆ ਕਲੱਬ 'ਚ ਸਭਿਆਚਾਰਕ ਸ਼ਾਮ ਨੇ ਦਰਸ਼ਕ ਕੀਲੇ
ਪਟਿਆਲਾ, 19 ਜਨਵਰੀ, 2020 : ਬਾਲੀਵੁਡ ਦੀ ਪ੍ਰਸਿੱਧ ਹਸਤੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਮੁਖੀ ਡਾ. ਮਜਤਬਾ ਹੁਸੈਨ ਦੀ ਅਗਵਾਈ ਹੇਠ ਪਟਿਆਲਾ ਮੀਡੀਆ ਕਲੱਬ ਪਾਸੀ ਰੋਡ ਪਟਿਆਲਾ ਵਿਖੇ ਆਯੋਜਿਤ ਕੀਤੀ ਗਈ ਸਭਿਆਚਾਰਕ ਸ਼ਾਮ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।
ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਪੁੱਜੇ। ਉਹਨਾਂ ਇਸ ਮੌਕੇ ਆਖਿਆ ਕਿ ਲੋਕ ਹਿਤਾਂ ਦੀ ਰਾਖੀ 'ਚ ਮੀਡੀਆ ਦਾ ਵੱਡਾ ਰੋਲ ਹੈ ਤੇ ਉਹਨਾਂ ਨੂੰ ਖੁਸ਼ੀ ਹੈ ਕਿ ਮੁੱਖ ਮੰਤਰੀ ਦੇ ਸ਼ਹਿਰ ਵਿਚ ਪਟਿਆਲਾ ਮੀਡੀਆ ਕਲੱਬ ਪੱਤਰਕਾਰਾਂ ਦੀ ਨੁਮਾਇੰਦਾ ਜਥੇਬੰਦੀ ਵਜੋਂ ਵਧੀਆ ਸੇਵਾਵਾਂ ਨਿਭਾ ਰਹੀ ਹੈ। ਇਸ ਮੌਕੇ ਉਹਨਾਂ ਨੇ ਕਲਾਕਾਰਾਂ ਨੂੰ ਸਨਮਾਨਤ ਕੀਤਾ ਜਦਕਿ ਕਲੱਬ ਵੱਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ, ਖਜਾਨਚੀ ਨਵਦੀਪ ਢੀਂਗਰਾ, ਸੀਨੀਅਰ ਮੀਤ ਪ੍ਰਧਾਨ ਮਨੀਸ਼ ਸਰਹਿੰਦੀ, ਜੁਆਇੰਟ ਸਕੱਤਰ ਸੰਜੇ ਵਰਮਾ, ਪਰਮਜੀਤ ਪਰਵਾਨਾ, ਭਾਰਤ ਬਾਤਿਸ਼, ਸਕੱਤਰ ਪਰਮੀਤ ਸਿੰਘ, ਪ੍ਰੈਸ ਸਕੱਤਰ ਕਰਮ ਪ੍ਰਕਾਸ਼, ਬਾਨੀ ਪ੍ਰਧਾਨ ਰਵੇਲ ਸਿੰਘ ਭਿੰਡਰ, ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭੰਗੂ ਤੇ ਸੀਨੀਅਰ ਪੱਤਰਕਾਰ ਅਰਵਿੰਦ ਸ੍ਰੀਵਾਸਤਵ ਨੇ ਸ੍ਰੀ ਜਲਾਲਪੁਰ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ। ਇਸ ਮੌਕੇ ਸ੍ਰੀ ਜਲਾਲਪੁਰ ਨੇ 21 ਹਜ਼ਾਰ ਰੁਪਏ ਨਗਦ ਕਲੱਬ ਨੂੰ ਦਿੱਤੇ।
ਸੰਗੀਤਮਈ ਸ਼ਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ ਜਿਸ ਮਗਰੋਂ ਡਾ. ਮਜਤਬਾ ਹੁਸੈਨ ਨੇ ਬੰਸਰੀ 'ਤੇ ਆਪਣੀਆਂ ਉਂਗਲਾਂ ਨਾਲ ਸੰਗੀਤ ਦਾ ਜਾਦੂ ਬਿਖੇਰਿਆ। ਇਸ ਉਪਰੰਤ ਡਾ. ਸਰਬਜੀਤ ਕੌਰ ਨੇ ਗਾਇਨ ਨਾਲ ਸੰਗੀਤ ਦੀ ਛਹਿਬਰ ਲਗਾਈ। ਪ੍ਰੋਗਰਾਮ ਵਿਚ ਵਿਸ਼ੇਸ਼ ਆਕਰਸ਼ਣ 5 ਸਾਲ ਦੀ ਬੱਚੀ ਜੈਜੀਤ ਕੌਰ ਰਹੀ ਜਿਸ ਵੱਲੋਂ ਕੀਤੇ ਨ੍ਰਿਤ ਨੇ ਦਰਸ਼ਕਾਂ ਨੂੰ ਜ਼ੋਰਦਾਰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਇਸ ਉਪਰੰਤ ਜੈਜੀਤ ਦੀ ਮਾਤਾ ਤੇ ਕੌਮਾਂਤਰੀ ਲੋਕ ਨ੍ਰਿਤ ਕਲਾਕਾਰ ਸ਼ੁਭਜੀਤ ਕੌਰ ਨੇ ਆਪਣੇ ਸਾਥੀਆਂ ਨਾਲ ਨ੍ਰਿਤ ਪੇਸ਼ ਕੀਤਾ। ਸਮਾਗਮ ਵਿਚ ਵਿਕਾਸ ਤੇ ਵਿਸ਼ਾਲ, ਦੋਵੇਂ ਇੰਡੀਆ ਆਇਡਲ ਫੇਮ, ਨੇ ਜੁਗਨੀ ਗਾ ਕੇ ਦਰਸ਼ਕਾਂ ਨੂੰ ਨੱਚਣ 'ਤੇ ਮਜਬੂਰ ਕਰ ਦਿੱਤਾ। ਸਮਾਗਮ ਦੀ ਸਮਾਪਤੀ ਮਲਵਈ ਗਿੱਧੇ ਨਾਲ ਹੋਈ। ਸਮਾਗਮ ਵਿਚ ਮੰਚ ਸੰਚਾਲਨ ਜੁਆਇੰਟ ਸਕੱਤਰ ਪਰਮਜੀਤ ਸਿੰਘ ਪਰਵਾਨਾ ਨੇ ਕੀਤਾ ਜਿਹਨਾਂ ਨੇ ਗੀਤ ਵੀ ਸੁਣਾਇਆ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਨੀਸ਼ ਸਰਹਿੰਦੀ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ, ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਕਲੱਬ ਦੀਆਂ ਗਤੀਵਿਧੀਆਂ ਤੇ ਭੂਮਿਕਾ ਦੀ ਜਾਣਕਾਰੀ ਦਿੱਤੀ ਜਦਕਿ ਖਜਾਨਚੀ ਨਵਦੀਪ ਢੀਂਗਰਾ ਨੇ ਸਭ ਦਾ ਧੰਨਵਾਦ ਕੀਤਾ।
ਸਮਾਗਮ ਵਿਚ ਕਲੱਬ ਮੈਂਬਰਾਂ ਨੇ ਪਰਿਵਾਰ ਸਮੇਤ ਹਾਜ਼ਰੀ ਲਗਵਾਈ ਜਦਕਿ ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਤੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀ ਵੀ ਸ਼ਾਮਲ ਹੋਏ।