ਐੱਸ.ਏ.ਐੱਸ.ਨਗਰ, 18 ਜਨਵਰੀ 2020 - ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਿੱਖਿਆ ਵਿਭਾਗ ਨੇ ਪੀ.ਐੱਸ.ਟੀ.ਈ.ਟੀ.-2018 ਪ੍ਰੀਖਿਆ ਭਲਕੇ 19 ਜਨਵਰੀ ਨੂੰ ਪੰਜਾਬ ਭਰ ਦੇ ਜ਼ਿਲ੍ਹਾ ਹੈੱਡ ਕੁਆਟਰਾਂ ਪੱਧਰ 'ਤੇ ਸਥਾਪਤ ਲਗਪਗ 450 ਪ੍ਰੀਖਿਆ ਕੇਂਦਰਾਂ ਵਿੱਚ 1.74 ਲੱਖ ਉਮੀਦਵਾਰਾਂ ਲਈ ਸਖਤ ਸੁਰੱਖਿਆ ਹੇਠ ਲੈਣ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਵੱਲੋਂ ਬੇਦਾਗ ਅਤੇ ਬੇਲਾਗ ਅਧਿਆਪਕ ਯੋਗਤਾ ਟੈਸਟ ਲੈਣ ਲਈ ਦਿੱਤੇ ਗਏ ਸਪਸ਼ਟ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ, ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨਾ ਨੇ ਸਾਰੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਵਿੱਚ ਵੱਡੀ ਮੁਸਤੈਦੀ ਦਿਖਾਈ ਹੈ।
ਵੇਰਵਿਆਂ ਅਨੁਸਾਰ ਪ੍ਰੀਖਿਆ ਸਮੱਗਰੀ ਸ਼ਨਿੱਚਰਵਾਰ ਸ਼ਾਮ ਤੱਕ ਕੇਂਦਰਾਂ ਤੱਕ ਪੁੱਜਦੀ ਕਰ ਦਿੱਤੀ ਗਈ ਹੈ ਅਤੇ ਇਸ ਦੀ ਵਰਤੋਂ ਕਰਨ ਸਬੰਧੀ ਸਵੇਰ ਅਤੇ ਸ਼ਾਮ ਦੇ ਦੋਵਾਂ ਪੇਪਰਾਂ ਲਈ ਸਮਾਂ ਵੀ ਨਿਸ਼ਚਿਤ ਕਰ ਦਿੱਤਾ ਗਿਆ ਹੈ। ਸਾਰੇ ਪ੍ਰਬੰਧਕਾਂ ਨੇ ਰੈਂਡੇਮਾਈਜ਼ੇਸ਼ਨ ਮਗਰੋਂ ਜਾਰੀ ਕੀਤੇ ਨਵੇਂ ਰੋਲ ਨੰਬਰਾਂ ਮੁਤਾਬਕ ਬੈਠਣ ਦੀਆਂ ਤਰਤੀਬਾਂ ਤਿਆਰ ਕਰ ਲਈਆਂ ਹਨ ਜੋ ਕਿ 19 ਜਨਵਰੀ ਨੂੰ ਸਵੇਰ ਵੇਲੇ ਪ੍ਰੀਖਿਆਰਥੀਆਂ ਨੂੰ ਪਤਾ ਲੱਗਣਗੀਆਂ। ਇਸ ਤੋਂ ਪਹਿਲਾਂ ਪ੍ਰੀਖਿਆ ਸਮੱਗਰੀ ਦੀ ਗੁਪਤਤਾ ਅਤੇ ਹੋਰ ਪ੍ਰਬੰਧਾਂ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ, ਆਈ.ਏ.ਐੱਸ. ਨੇ ਹਰ ਕਾਰਜ ਦਾ ਆਪ ਜਾਇਜ਼ਾ ਲਿਆ ਅਤੇ ਨਿਰਦੇਸ਼ ਦਿੱਤੇ। ਇਸੇ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਮੁਹੰਮਦ ਤਈਅਬ, ਆਈ.ਏ.ਐੱਸ ਨੇ ਬੋਰਡ ਵੱਲੋਂ ਕਰਵਾਈ ਜਾਣ ਵਾਲੀ ਇਸ ਪ੍ਰੀਖਿਆ ਦੇ ਹਰ ਪ੍ਰਬੰਧ ਕਾਰਜ ਆਪਣੀ ਨਜ਼ਰ ਹੇਠ ਕਰਵਾਇਆ।
ਜ਼ਿਲ੍ਹਾ ਪੱਧਰੀ ਪ੍ਰੀਖਿਆ ਕੇਂਦਰਾਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਲਈ ਜ਼ਿਲ੍ਰਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਵੀ ਵੱਡੇ ਪੱਧਰ ਤੇ ਮੁਸਤੈਦੀ ਦਿਖਾਈ ਜਾ ਰਹੀ ਹੈ ਜਿਸ ਅਧੀਨ ਪ੍ਰੀਖਿਆ ਕੇਂਦਰਾਂ ਦੇ ਖ਼ੇਤਰ ਵਿੱਚ ਦਫ਼ਾ 144 ਲਾਗੂ ਕਰ ਕੇ ਪ੍ਰੀਖਿਆ ਦੌਰਾਨ ਹਰ ਕਿਸਮ ਦੀ ਗੈਰ ਲੋੜੀਂਦੀ ਕਾਰਵਾਈ ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਵਾਰ ਦੇ ਸਖ਼ਤ ਪ੍ਰਬੰਧਾ ਅਧੀਨ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਵੀ ਪ੍ਰੀਖਿਆ ਕੇਂਦਰ ਵਿੱਚ ਆਪਣੇ ਰੋਲ ਨੰਬਰ ਤੋਂ ਇਲਾਵਾ ਕੋਈ ਵੀ ਹੋਰ ਸਮਂੱਗਰੀ ਜਾਂ ਵਸਤੂ ਨਾਲ ਲਿਆਉਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ| ਇੱਥੋਂ ਤੱਕ ਕਿ ਪ੍ਰੀਖਿਆ ਦੇਣ ਲਈ ਲੋੜੀਂਦੇ ਪੈੱਨ ਵੀ ਓ.ਐੱਮ.ਆਰ. ਸ਼ੀਟਾਂ ਦੇ ਨਾਲ ਹੀ ਪ੍ਰੀਖਿਆਰਥੀਆ ਨੂੰ ਮੁਹੱਈਆ ਕਰਵਾਏੇ ਜਾਣੇ ਹਨ। ਵਿਲੱਖਣ ਪ੍ਰਤਿਭਾ ਵਾਲੇ ਜਾਂ ਦਿਵਿਆਂਗ ਪ੍ਰੀਖਿਆਰਥੀਆਂ ਨੂੰ ਲੋੜ ਹੋਣ ਤੇ ਪੂਰਵ ਪ੍ਰਵਾਨਗੀ ਨਾਲ ਆਪਣਾ ਲਿਖਾਰੀ ਲਿਆਉਣ ਦੀ ਖੁੱਲ੍ਹ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ 20 ਮਿੰਟ ਪ੍ਰਤੀ ਘੰਟਾ ਦੀ ਦਰ ਨਾਲ ਪ੍ਰੀਖਿਆ ਲਈ ਵਧੇਰੇ ਸਮਾਂ ਵੀ ਦਿੱਤਾ ਜਾਣਾ ਹੈ|
ਪ੍ਰੀਖਿਆ ਕੇਂਦਰਾਂ ਵਿੱਚ ਪੁਲਿਸ ਦੇ ਸਖ਼ਤ ਪਹਿਰੇ ਹਨ ਪਰ ਸੁਰੱਖਿਆ ਦਸਤਿਆਂ ਵੱਲੋਂ ਪ੍ਰੀਖਿਆ ਕੇਂਦਰਾਂ ਦੇ ਕਮਰਿਆਂ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕੀਤੀ ਜਾਵੇਗੀ। ਪ੍ਰੀਖਿਆ ਕੇਂਦਰ ਦੀ ਅੰਦਰੂਨੀ ਜਿੰਮੇਵਾਰੀ ਕੇਂਦਰ ਸੁਪਰਡੰਟ, ਆਬਜ਼ਰਵਰ ਅਤੇ ਨਿਗਰਾਨਾਂ ਦੀ ਹੀ ਹੋਵੇਗੀ। ਪੰਜਾਬ ਭਰ ਦੇ ਪ੍ਰੀਖਿਆ ਕੇਂਦਰਾਂ ਵਿੱਚ ਅਜਿਹੇ ਕਿਸੇ ਨਿਗਰਾਨ ਜਾਂ ਪ੍ਰਬੰਧਕ ਦੀ ਡਿਊਟੀ ਅਜਿਹੇ ਸਥਾਨ ਤੇ ਨਹੀਂ ਲਗਾਈ ਗਈ ਜਿੱਥੇ ਉਸ ਦਾ ਕੋਈ ਰਿਸ਼ਤੇਦਾਰ ਜਾਂ ਨੇੜਲਾ ਉਮੀਦਵਾਰ ਪ੍ਰੀਖਿਆ ਦੇ ਰਿਹਾ ਹੋਵੇ। ਪ੍ਰੀਖਿਆ ਦੌਰਾਨ ਪ੍ਰੀਖਿਆਰਥੀਆਂ ਨੂੰ ਪਾਣੀ ਆਦਿ ਪਿਲਾਉਣ ਦਾ ਪ੍ਰਬੰਧ ਵੀ ਪ੍ਰੀਖਿਆ ਦੇ ਕਮਰਿਆਂ ਤੋਂ ਬਾਹਰ ਹੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਤਵਾਰ ਸਵੇਰੇ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਸਮੱਗਰੀ ਸੁਪਰਡੰਟਾਂ ਵੱਲੋਂ ਨਿਸ਼ਚਿਤ ਸਮੇਂ ਤੇ ਵਰਤੇ ਜਾਣ ਤੋਂ ਲੈ ਕੇ ਪ੍ਰੀਖਿਆਵਾ ਮੁਕੰਮਲ ਹੋਣ ਅਤੇ ਸਾਰੀ ਸਮੱਗਰੀ ਸੰਭਾਲ ਕੇ ਨਿਸ਼ਚਿਤ ਸਥਾਨਾ ਤੇ ਪਹੁੰਚਣ ਤੱਕ ਦੀਆ ਸਾਰੀਆਂ ਗਤੀਵਿਧੀਆਂ ਦੀ ਵੀਡਿਓਗ੍ਰਾਫ਼ੀ ਦੇ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਹਨ ਜੋ ਕਿ ਬੇਲਾਗ ਅਤੇ ਬੇਦਾਗ ਪ੍ਰੀਖਿਆ ਕਰਵਾਏ ਜਾਣ ਲਈ ਸਹਾਈ ਸਿੱਧ ਹੋਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿੱਚ ਸਥਾਪਿਤ ਕੰਟਰੋਲ ਰੂਮ ਦਾ ਜ਼ਿਲ੍ਹਾ ਪ੍ਰੀਖਿਆ ਕੇਂਦਰਾਂ ਨਾਲ ਸਿੱਧਾ ਸੰਪਰਕ ਲਗਾਤਾਰ ਜਾਰੀ ਹੈ ਜਿਸ ਨਾਲ ਸਾਰੇ ਕਾਰਜ ਉੱਤੇ ਲਗਾਤਾਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।