ਭਾਰਤ ਸਰਕਾਰ ਦੇ ਪੇਟੈਂਟ ਜਨਰਲ ਕੰਟਰੋਲਰ ਵਿਭਾਗ ਵੱਲੋਂ ਜਾਰੀ ਕੀਤੀ ਰੈਕਿੰਗ 'ਚ ਚੰਡੀਗੜ੍ਹ ਯੂਨੀਵਰਸਿਟੀ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
23 ਆਈ.ਆਈ.ਟੀ ਵੱਲੋਂ ਸੰਯੁਕਤ 557 ਪੇਟੈਂਟ ਕੀਤੇ ਦਾਇਰ ਜਦਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਇਕੱਲਿਆਂ ਹੀ 336 ਪੇਟੈਂਟ ਕੀਤੇ ਦਰਜ
ਚੰਡੀਗੜ੍ਹ 18 ਜਨਵਰੀ 2020: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਜਿਥੇ ਵਿਦਿਆਰਥੀਆਂ ਨੂੰ ਉਚ ਦਰਜੇ ਦੀ ਅਕਾਦਮਿਕ ਸਿੱਖਿਆ ਮੁਹੱਈਆ ਕਰਵਾ ਰਹੀ ਹੈ ਉਥੇ ਹੀ ਆਧੁਨਿਕ ਤਕਨੀਕੀ ਯੁੱਗ ਦੀ ਹਾਣੀ ਬਣਦੇ ਹੋਏ ਸਿਖਿਆਰਥੀਆਂ ਨੂੰ ਅਤਿ ਆਧੁਨਿਕ ਲੈਬਾਂ ਅਤੇ ਖੋਜ ਕੇਂਦਰਾਂ ਜ਼ਰੀਏ ਨਵੀਂਆਂ ਕਾਢਾਂ ਦੇ ਨਿਰਮਾਣ ਲਈ ਉਤਸ਼ਾਹਿਤ ਕਰਨ ਵੱਲ ਲਗਾਤਾਰ ਤੱਤਪਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ 2012 ਤੋਂ ਹੋਂਦ 'ਚ ਆਈ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੇਵਲ ਸੱਤ ਸਾਲਾਂ ਵਿੱਚ ਹੀ 500 ਤੋਂ ਵੱਧ ਪੇਟੈਂਟ ਦਰਜ ਕਰਵਾਕੇ ਨਵਾਂ ਰਿਕਾਰਡ ਸਿਰਜਿਆ ਹੈ। ਸ. ਸੰਧੂ ਨੇ ਕਿਹਾ ਕਿ ਖੋਜ ਖੇਤਰ ਵਿੱਚ ਕਿਸੇ ਵੀ ਦੇਸ਼ ਨੂੰ ਮੋਹਰੀ ਬਣਾਉਣ ਲਈ ਉਸ ਦੇਸ਼ ਦੀਆਂ ਉੱਚ ਸਿੱਖਿਆ ਸੰਸਥਾਵਾਂ ਅਤੇ ਉਦਯੋਗਿਕ ਅਦਾਰਿਆਂ ਦਾ ਅਹਿਮ ਯੋਗਦਾਨ ਹੁੰਦਾ ਹੈ। ਜਿਸ ਦੇ ਅੰਤਰਗਤ ਭਾਰਤ ਦੇ ਉਚ ਅਦਾਰੇ ਜਿਵੇਂ ਦੀ ਆਈ.ਆਈ.ਟੀ, ਸੀ.ਐਸ.ਆਈ.ਆਰ, ਚੰਡੀਗੜ੍ਹ ਯੂਨੀਵਰਸਿਟੀ ਅਤੇ ਟੀ.ਸੀ.ਐਸ ਨੇ ਅਹਿਮ ਭੂਮਿਕਾ ਨਿਭਾਉਂਦੇ ਹੋਏ ਖੋਜ ਖੇਤਰ ਵਿੱਚ ਪ੍ਰਮੁੱਖ ਸੰਸਥਾਵਾਂ ਹੋਣ ਦਾ ਮਾਣ ਹਾਸਲ ਕੀਤਾ ਹੈ, ਜਿਸ ਦਾ ਪ੍ਰਮਾਣ ਸਾਲ 2019 ਦੌਰਾਨ ਭਾਰਤ ਸਰਕਾਰ ਦੇ ਪੇਟੈਂਟ ਜਨਰਲ ਕੰਟਰੋਲਰ ਆਫ਼ਿਸ, ਡਿਜ਼ਾਇਨ ਅਂੈਡ ਟਰੇਡ ਮਾਰਕ ਦੁਆਰਾ ਜਾਰੀ ਕੀਤੇ ਅੰਕੜਿਆਂ ਦੇ ਹਵਾਲੇ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੁਆਰਾ 2018-19 'ਚ ਦੇਸ਼ ਦੀਆਂ ਉਚ ਸਿੱਖਿਆ ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਵੱਲੋਂ ਪੇਟੈਂਟ ਦਰਜ ਕਰਵਾਉਣ ਦੇ ਅੰਕੜਿਆਂ ਅਨੁਸਾਰ 23 ਆਈ.ਆਈ.ਟੀ (ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ) ਨੇ ਸੰਯੁਕਤ ਤੌਰ 'ਤੇ 557 ਪੇਟਂੈਟ ਦਰਜ ਕਰਵਾਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਉਥੇ ਚੰਡੀਗੜ੍ਹ ਯੂਨੀਵਰਸਿਟੀ ਇਕੱਲਿਆਂ ਹੀ 336 ਪੇਟਂੈਟ ਦਰਜ ਕਰਵਾਕੇ ਦੂਜੇ ਸਥਾਨ 'ਤੇ ਕਾਬਜ ਰਹੀ। ਇਸ ਸੂਚੀ ਵਿੱਚ ਦੇਸ਼ ਦੀ ਪ੍ਰਮੁੱਖ ਆਈ.ਟੀ ਕੰਪਨੀ ਟੀ.ਸੀ.ਐਸ (ਟਾਟਾ ਕੰਸਲਟੈਂਸੀ ਸਰਵਿਸਿਜ਼) ਨੇ 239 ਪੇਟੈਂਟ ਦਰਜ ਕਰਕੇ ਤੀਜਾ ਸਥਾਨ, ਸੀ.ਐਸ.ਆਈ.ਆਰ 202 ਪਟੈਂਟ ਦਰਜ ਕਰਵਾਕੇ ਚੌਥੇ ਸਥਾਨ ਅਤੇ 173 ਪੇਟਂੈਟ ਦਰਜ ਕਰਵਾ ਕੇ ਬੀ.ਐਚ.ਈ.ਐਲ (ਭਾਰਤ ਹੈਵੀ ਇਲੈਕਟ੍ਰੀਕਲ) ਪੰਜਵੇਂ ਸਥਾਨ 'ਤੇ ਰਹੀ।
ਸ. ਸੰਧੂ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਆਰਥਿਕਤਾ ਉਸ ਵਿੱਚ ਹੋਣ ਵਾਲੀ ਖੋਜ ਤੇ ਨਵੀਨਤਮ ਤਕਨਾਲੋਜੀ ਦੇ ਉਤਪਾਦਨ 'ਤੇ ਨਿਰਭਰ ਕਰਦੀ ਹੈ। ਸਾਲ 2019 ਦੌਰਾਨ ਭਾਰਤ ਦਾ ਖੋਜ ਖੇਤਰ ਵਿੱਚ 52ਵਾਂ ਸਥਾਨ ਹੈ ਜਦਕਿ ਚੀਨ, ਅਮਰੀਕਾ ਅਤੇ ਜਪਾਨ ਨੇ ਦੁਨੀਆਂ ਭਰ ਵਿੱਚ ਸੱਭ ਤੋਂ ਜ਼ਿਆਦਾ ਪੈਸਾ ਖੋਜ ਕਾਰਜਾਂ ਵਿੱਚ ਨਿਵੇਸ਼ ਕਰਕੇ ਅਤੇ ਸੱਭ ਤੋਂ ਵੱਧ ਪੇਟੈਂਟ ਦਰਜ ਕਰਵਾਕੇ ਵਿਕਾਸਸ਼ੀਲ ਦੇਸ਼ਾਂ 'ਚ ਸ਼ਾਮਲ ਹੋਣ ਦਾ ਰੁਤਬਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਥੇ ਇਕ ਪਾਸੇ ਸਾਲ 2019 'ਚ ਮੋਹਰੀ ਰਹਿੰਦਿਆਂ ਚੀਨ ਨੇ ਕੁੱਲ 15 ਲੱਖ ਤੋਂ ਜ਼ਿਆਦਾ ਪੇਟੈਂਟ ਦਰਜ ਕਰਵਾਏ ਉਥੇ ਹੀ ਯੂ.ਐਸ.ਏ ਨੇ 6 ਲੱਖ ਦੇ ਕਰੀਬ ਪੇਟੈਂਟ ਦਰਜ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਭਾਰਤ ਨੇ 50 ਹਜ਼ਾਰ ਤੋਂ ਜ਼ਿਆਦਾ ਪੇਟੈਂਟ ਦਰਜ ਕਰਵਾਕੇ 7ਵੇਂ ਸਥਾਨ 'ਤੇ ਰਹਿੰਦਿਆਂ ਵਿਕਾਸ ਦੀਆਂ ਲੀਹਾਂ 'ਤੇ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਰਲਡ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ ਵੱਲੋਂ ਸਾਲ 2019 ਦੌਰਾਨ ਜਾਰੀ ਕੀਤੀ ਰੈਂਕਿੰਗ ਦੇ ਹਵਾਲੇ ਅਨੁਸਾਰ ਜਪਾਨ ਨੂੰ 62 ਫ਼ੀਸਦੀ ਦੀ ਦਰ ਨਾਲ ਪੇਂਟੈਂਟ ਸਫ਼ਲਤਾਪੂਰਵਕ ਦਰਜ ਹੋਏ ਜਦਕਿ ਇਸ ਸ੍ਰੇਣੀ ਵਿੱਚ ਅਮਰੀਕਾ 51 ਫ਼ੀਸਦੀ ਪੇਟੈਂਟ ਗ੍ਰਾਂਟ ਕਰਵਾਉਣ ਵਿੱਚ ਸਫ਼ਲ ਰਿਹਾ।ਇਸ ਰਿਪੋਰਟ ਅਨੁਸਾਰ ਭਾਰਤ ਦੀ ਪੇਟੈਂਟ ਗ੍ਰਾਂਟ ਕਰਵਾਉਣ ਦੀ ਔਸਤਨ ਦਰ 27 ਫ਼ੀਸਦੀ ਦਰਜ ਕੀਤੀ ਗਈ ਹੈ, ਜਿਸ ਨਾਲ ਦੇਸ਼ ਨੂੰ ਪੇਟੈਂਟ ਗ੍ਰਾਂਟ ਕਰਵਾਉਣ ਵਿੱਚ 17ਵਾਂ ਸਥਾਨ ਪ੍ਰਾਪਤ ਹੋਇਆ।
ਚੰਡੀਗੜ੍ਹ ਯੂਨੀਵਰਸਿਟੀ ਦੁਆਰਾ ਖੋਜ ਖੇਤਰ ਵਿੱਚ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਯੋਜਨਾਵਾਂ ਸਬੰਧੀ ਜਾਣਕਾਰੀ ਦਿੰਦੇ ਹੋਏ 'ਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਐਸ ਬਾਵਾ ਨੇ ਦੱਸਿਆ ਕਿ 'ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਵੱਲੋਂ ਸਾਲ 2019 'ਚ ਪੇਟੈਂਟ ਦਰਜ ਕਰਵਾਉਣ ਦੀ ਗਿਣਤੀ 337 ਤੋਂ ਵੱਧ ਕੇ 500 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਉਨ੍ਹਾਂ ਦੱਸਿਆ ਕਿ ਕੈਂਪਸ 'ਚ ਉਦਯੋਗ ਜਗਤ ਦੀਆਂ ਬਹੁਕੌਮੀ ਕੰਪਨੀਆਂ ਵੱਲੋਂ 30 ਤੋਂ ਜ਼ਿਆਦਾ ਅਤਿ-ਆਧੁਨਿਕ ਖੋਜ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ 'ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਖੋਜ ਕਾਰਜਾਂ ਵੱਲ ਉਤਸ਼ਾਹਿਤ ਕਰਨ ਲਈ 6.50 ਕਰੋੜ ਦਾ ਬਜ਼ਟ ਰਾਖਵਾਂ ਰੱਖਿਆ ਗਿਆ ਹੈ।ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ 'ਚ ਭਾਰਤ ਸਰਕਾਰ ਦੁਆਰਾ ਆਈ.ਈ.ਡੀ.ਸੀ (ਇਨੋਵੇਸ਼ਨ ਐਂਡ ਇੰਟਰਪਨਿਯੌਰ ਡਿਵੈਲਪਮੈਂਟ ਸੈੱਲ) ਅਤੇ ਟੀ.ਬੀ.ਆਈ (ਟੈਕਨਾਲੋਜੀ ਬਿਜਨੈਸ ਇਨਕੁਬੇਟਰ) ਸਥਾਪਿਤ ਕੀਤਾ ਗਿਆ ਹੈ।ਜਿਥੇ ਵਿਦਿਆਰਥੀਆਂ ਨੂੰ ਰਿਸਰਚ, ਡਿਵੈਲਪਮੈਂਟ ਅਤੇ ਪੈਟੈਂਟ ਦਰਜ ਕਰਵਾਉਣ ਸਬੰਧੀ ਪ੍ਰੋਸਾਹਿਤ ਕੀਤਾ ਜਾਂਦਾ ਹੈ ਅਤੇ ਸਮੁੱਚੀ ਪ੍ਰੀਕਿਰਿਆ ਬਾਬਤ ਵਿਸਥਾਰਿਤ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।
ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਦਰਜ ਕਰਵਾਏ 500 ਪੇਟੈਂਟਾਂ ਵਿਚੋਂ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਨ, ਇਲੈਕਟ੍ਰਿਕ ਸ਼ਾੱਕ ਡਿਟਕਸ਼ਨ ਡਿਵਾਇਸ ਵਰਗੀਆਂ ਕੁੱਲ 176 ਖੋਜਾਂ ਨਾਲ ਜਿਥੇ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ ਉਥੇ ਹੀ ਇਲੈਕਟ੍ਰੀਕਲ ਅਤੇ ਕਮਿਊਨੀਕੇਸ਼ਨ ਖੇਤਰ ਦੇ ਵਿਦਿਆਰਥੀਆਂ ਨੇ ਆਧੁਨਿਕਤਾ ਦੇ ਦੌਰ ਲਈ ਢੁਕਵੇਂ 59 ਪੇਟੈਂਟ ਦਰਜ ਕਰਵਾਕੇ ਸਮੇਂ ਦੀ ਹਾਣੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ 49 ਪੇਟੈਂਟ ਦਰਜ ਕਰਵਾਏ ਹਨ, ਜਿਨ੍ਹਾਂ ਵਿੱਚ ਵਾਤਾਵਰਣ ਪ੍ਰਤੀ ਡੂੰਘੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਦਿਆਂ 'ਵੇਸਟ ਪੇਪਰ ਪੁਨਰ ਨਿਰਮਾਣ ਸਿਸਟਮ' ਦੀ ਖੋਜ ਕਰਨਾ ਅਹਿਮ ਪ੍ਰਾਪਤੀ ਹੈ।ਉਨ੍ਹਾਂ ਦੱਸਿਆ ਕਿ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ 44, ਯੂਨੀਵਰਸਿਟੀ ਸੈਂਟਰ ਫ਼ਾਰ ਰੀਸਰਚ ਅਂੈਡ ਡਿਵੈਲਪਂੈਟ ਨੇ 39, ਮੈਕਾਟ੍ਰੋਨਿਕਸ ਵਿਭਾਗ ਦੇ ਵਿਦਿਆਰਥੀਆਂ ਨੇ 22, ਸਿਵਲ ਇੰਜੀਨੀਅਰਿੰਗ 15, ਬੀ.ਬੀ.ਏ 7, ਯੂ.ਆਈ.ਪੀ.ਐਸ ਵਿਭਾਗ ਨੇ 13 ਅਤੇ ਬਾਕੀ ਦੇ ਪੇਟੈਂਟ ਬਾਇਊ ਟੈਕ, ਸੀ.ਐਚ.ਈ, ਐਮ.ਬੀ.ਏ, ਯੂ.ਆਈ.ਸੀ, ਏਅਰੋਸਪੇਸ ਅਤੇ ਏ.ਐਮ.ਈ ਆਦਿ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਦਰਜ ਕਰਵਾਏ ਗਏ ਹਨ।