ਸੰਜੀਵ ਸੂਦ
ਲੁਧਿਆਣਾ, 17 ਜਨਵਰੀ 2020 - ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਲੁਧਿਆਣਾ ਦੇ ਪੁਲਿਸ ਸਟੇਸ਼ਨਾਂ ਦੇ ਸੁੰਦਰੀਕਰਨ ਅਤੇ ਉੱਥੇ ਲੋਕਾਂ ਦੀ ਵਿਵਸਥਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਲੁਧਿਆਣਾ ਦੇ ਸਾਰੇ ਪੁਲਿਸ ਸਟੇਸ਼ਨਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਲੁਧਿਆਣਾ ਦੇ ਵਿੱਚ 29 ਪੁਲਿਸ ਸਟੇਸ਼ਨ ਨੇ ਜਿਨ੍ਹਾਂ ਦਾ ਮੁਕਾਬਲਾ ਕਰਵਾਇਆ ਜਾਵੇਗਾ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਹੈ ਕਿ ਥਾਣਿਆਂ ਦੇ ਵਿੱਚ ਲੋਕਾਂ ਦੀ ਸਹੂਲਤ ਨੂੰ ਵੇਖਦਿਆਂ ਉਚੇਚੇ ਪ੍ਰਬੰਧ ਕਰਵਾਉਣ ਲਈ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਥਾਣਿਆਂ ਦੇ ਵਿੱਚ ਲੋਕਾਂ ਦੇ ਬੈਠਣ ਦਾ ਪ੍ਰਬੰਧ ਪਖਾਨਿਆਂ ਦਾ ਪ੍ਰਬੰਧ, ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਆਦਿ ਨੂੰ ਵੇਖ ਕੇ ਨੰਬਰ ਲਾਏ ਜਾਣਗੇ ਅਤੇ ਜੋ ਵੀ ਥਾਣਾ ਅੱਵਲ ਆਏਗਾ ਉਸ ਨੂੰ 3 ਲੱਖ ਰੁਪਏ ਦਾ ਪਹਿਲਾ ਇਨਾਮ ਜਦੋਂ ਕਿ ਦੂਜੇ ਨੰਬਰ 'ਤੇ ਆਉਣ ਵਾਲੇ ਨੂੰ 1 ਲੱਖ ਤੇ ਤੀਜੇ 'ਤੇ 50 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਥਾਣਿਆਂ ਨੂੰ ਇਸ ਲਈ 2 ਮਹੀਨਿਆਂ ਤੱਕ ਦਾ ਸਮਾਂ ਦਿੱਤਾ ਗਿਆ ਹੈ। ਰਾਕੇਸ਼ ਅਗਰਵਾਲ ਨੇ ਵੀ ਕਿਹਾ ਕਿ ਜੋ ਥਾਣਿਆਂ ਦੇ ਵਿੱਚ ਮੁਲਾਜ਼ਮ ਰਿਸ਼ਵਤ ਲੈਂਦੇ ਫੜੇ ਜਾਣਗੇ ਜਾਂ ਕਿਸੇ ਵੀ ਤਰ੍ਹਾਂ ਦੀਆਂ ਥਾਣਿਆਂ 'ਚ ਉਣਤਾਈਆਂ ਪਾਈਆਂ ਜਾਣਗੀਆਂ ਉਨ੍ਹਾਂ ਦੇ ਨੰਬਰ ਵੀ ਕੱਟੇ ਜਾਣਗੇ।
ਸੋ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਚਲਾਈ ਗਈ ਮਨੁੱਖੀ ਪਹਿਲ ਨਾਲ ਹੁਣ ਲੁਧਿਆਣਾ ਦੇ ਥਾਣਿਆਂ ਦਾ ਕਿੰਨਾ ਕੁ ਸੁਧਾਰ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।