ਜੀ ਐਸ ਪੰਨੂ
ਪਟਿਆਲਾ, 16 ਜਨਵਰੀ 2020 - ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਤੋਂ ਸਦਭਾਵਨਾ ਰੈਲੀ ਨੂੰ ਰਵਾਨਾ ਕਰਦਿਆਂ ਕਾਲਜ ਦੇ ਪ੍ਰਿੰਸੀਪਲ, ਐਨ.ਐਸ.ਐਸ. ਵਲੰਟੀਅਰਜ਼ ਤੇ ਕੈਂਸਰ ਐਡਜ਼ ਅਵੇਅਰਨੈਸ ਐਂਡ ਪ੍ਰੀਵੈਨਸ਼ਨ ਸੁਸਾਇਟੀ ਦੇ ਪ੍ਰਧਾਨ ਡਾ. ਜਗਬੀਰ ਸਿੰਘ ਅਤੇ ਨਿਊ ਪਾਵਰ ਹਾਊਸ ਯੂਥ ਕਲੱਬ ਵੱਲੋਂ ਕਰਵਾਈ ਜਾ ਰਹੀ ਸਦਭਾਵਨਾ ਰੈਲੀ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਨੌਜਵਾਨਾਂ ਦੇ ਇਕੱਠ ਨੂੰ ਧਰਮ ਦੇ ਨਿਰਪੱਖਤਾ ਦੀ ਉਦਾਹਰਣ ਦਿੰਦਿਆ ਤੇ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ ਅਤੇ ਇਸ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਨੂੰ ਉਲਝਣ ਨਹੀਂ ਦੇਵਾਂਗੇ ਅਤੇ ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ ਦੇ ਸਮੇਂ ਤੋਂ ਬਲ ਰਹੀ ਧੂਣੀ ਜੋ ਹੁਣ ਤੱਕ ਜੱਗ ਰਹੀ ਹੈ ਅਤੇ ਉਸ ਧੂਣੀ ਦੇ ਇਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਇਕ ਪਾਸੇ ਜਵਾਲਾ ਮੁਖੀ ਦੀ ਜੋਤ ਅਤੇ ਇਕ ਪਾਸੇ ਮੰਦਿਰ ਸਥਾਪਤ ਹੈ ਜੋ ਪਟਿਆਲੇ ਦੀ ਪਰੰਪਰਾ ਹੈ ਕਿ ਅਸੀ ਸਭ ਇਕ ਦੂਸਰੇ ਦੇ ਧਰਮ ਦਾ ਸਤਿਕਾਰ ਕਰੀਏ, ਇਕੱਠੇ ਰਹੀਏ ਅਤੇ ਇਕ ਦੂਸਰੇ ਦੇ ਤਿਉਹਾਰ ਮਨਾਈਏ ਸੈਂਕੜੇ ਸਾਲਾ ਤੋਂ ਚੱਲੀ ਆ ਰਹੀ ਹੈ ਅਤੇ ਇਸ ਪ੍ਰੰਪਰਾ ਨੂੰ ਬਰਕਰਾਰ ਰੱਖਣ ਲਈ ਹੁਣ ਨੌਜਵਾਨ ਵੀ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਕੀਤੀ ਸਦਭਾਵਨਾ ਰੈਲੀ ਜੋ ਮੰਦਿਰ, ਮਸਜਿਦ, ਚਰਚ ਅਤੇ ਗੁਰਦੁਆਰਾ ਸਾਹਿਬ ਜਾਵੇਗੀ ਅਤੇ ਸਮਾਜ ਨੂੰ ਇਕ ਚੰਗੀ ਸੇਧ ਪ੍ਰਦਾਨ ਕਰੇਗੀ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆ ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ 'ਚ ਵੀ ਵੱਧ ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਕੋਈ ਵੀ ਮੁਹਿੰਮ ਉਦੋਂ ਤੱਕ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਨੌਜਵਾਨ ਉਸ ਮੁਹਿੰਮ ਦਾ ਹਿੱਸਾ ਨਾ ਬਣਨ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੀ ਜਨਮ ਵਰ੍ਹੇਗੰਢ ਮੌਕੇ ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਜੋ ਹੁਣ ਵੀ ਚੱਲ ਰਹੀ ਹੈ ਪਰ ਇਸ ਨੂੰ ਸਫਲ ਬਣਾਉਣ ਲਈ ਨੌਜਵਾਨ ਅੱਗੇ ਆਉਣ ਤੇ ਆਪਣੇ ਘਰ ਵਿੱਚ ਅਤੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣ। ਉਨ੍ਹਾਂ ਕਿਹਾ ਕਿ ਬੱਚੇ ਆਪਣੇ ਮਾਤਾ ਪਿਤਾ ਨੂੰ ਵੀ ਆਪਣੇ ਚੰਗੇ ਭਵਿੱਖ ਲਈ ਪਲਾਸਟਿਕ ਦੇ ਉਪਯੋਗ ਨੂੰ ਬੰਦ ਕਰਨ ਲਈ ਪ੍ਰੇਰਿਤ ਕਰਨ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਮੇਅਰ ਸੰਜੀਵ ਸ਼ਰਮਾ, ਸ਼ਹਿਰੀ ਦੇ ਪ੍ਰਧਾਨ ਕੇ.ਕੇ. ਮਲਹੋਤਰਾ, ਬਲਾਕ ਪ੍ਰਧਾਨ ਨਰੇਸ਼ ਦੁੱਗਲ, ਕੈਂਸਰ ਮਾਹਿਰ ਡਾ. ਜਗਬੀਰ ਸਿੰਘ, ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਹਰਪਾਲ ਕੌਰ, ਕੌਸਲਰ ਵਿਜੈ ਕੂਕਾ, ਜਤਵਿੰਦਰ ਗਰੇਵਾਲ ਸਮੇਤ ਵੱਡੀ ਗਿਣਤੀ ਐਨ.ਐਨ.ਐਸ. ਵਲੰਟੀਅਰਜ਼ ਦੇ ਨੌਜਵਾਨ ਮੌਜੂਦ ਸਨ।