ਪਟਿਆਲਾ, 15 ਜਨਵਰੀ 2020 - ਕੰਪਿਊਟਰ ਫੈਕਲਟੀ ਐਸੋਸੀਏਸ਼ਨ(ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਪਰਦੀਪ ਮਲੂਕਾ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੌਜੂਦਾ ਸਰਕਾਰ ਕੰਪਿਊਟਰ ਅਧਿਆਪਕਾਂ ਨੂੰ ਜਾਰੀ ਕੀਤੇ ਨਿਯੁਕਤੀ ਪੱਤਰ ਅਤੇ ਮੰਤਰੀ ਪ੍ਰੀਸ਼ਦ ਵੱਲੋਂ ਲਏ ਗਏ ਫ਼ੈਸਲੇ ਲਾਗੂ ਕਰਨ ਤੋਂ ਮੁਨਕਰ ਹੋ ਰਹੀਂ ਹੈ ਅਤੇ ਸਿੱਖਿਆਂ ਅਧਿਕਾਰੀਆਂ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਭੇਦਭਾਵ ਅਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ 2011 ਵਿੱਚ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਪੰਜਾਬ ਸਿਵਲ ਸਰਵਿਸਜ਼ ਅਤੇ ਵੋਕੇਸ਼ਨਲ ਮਾਸਟਰ ਗ੍ਰੇਡ ਨਾਲ ਰੈਗੂਲਰ ਕਰ ਦਿੱਤੀਆ ਸਨ ਪਰੰਤੂ ਪੰਜਾਬ ਦੀ ਮੌਜੂਦਾ ਸਰਕਾਰ ਚੱਲੋਂ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਮਿਲਣ ਵਾਲੇ ਲਾਭ ਜਿਵੇਂ ਕਿ ਅੰਤਰਿਮ ਰਾਹਤ, ਮੈਡੀਕਲ ਰੀਇਮਬਰਸਮੈਂਟ, ਸੀਨੀਅਰਤਾ ਸੂਚੀ, ਨਵੀਂ ਪੈਨਸ਼ਨ ਸਕੀਮ, ਪ੍ਰਮੋਸ਼ਨ ਚੈਨਲ ਅਤੇ ਤਰਸ ਦੇ ਅਧਾਰ ਤੇ ਨੌਕਰੀ ਆਦਿ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਕੰਪਿਊਟਰ ਅਧਿਆਪਕਾਂ ਤੋਂ ਟੀਚਿੰਗ ਦੇ ਨਾਲ ਨਾਲ ਨਾਨ-ਟੀਚਿੰਗ ਕੰਮ ਲਏ ਜਾ ਰਹੇ ਹਨ ਅਤੇ ਪੁਰਾਣੇ ਹੋ ਚੁੱਕੇ ਹਾਰਡਵੇਅਰ ਨੂੰ ਬਦਲਿਆ ਨਹੀਂ ਜਾ ਰਿਹਾ ਜਿਸ ਨਾਲ ਕੰਪਿਊਟਰ ਸਿੱਖਿਆ ਦਾ ਨੁਕਸਾਨ ਹੋ ਰਿਹਾ ਹੈ। ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਹਰਵੀਰ ਸਿੰਘ ਸਾਨੀਪੁਰ ਨੇ ਦੱਸਿਆ ਕਿ ਸਰਕਾਰ ਅਤੇ ਸਿੱਖਿਆ ਅਧਿਕਾਰੀਆਂ ਖਿਲਾਫ 7000 ਕੰਪਿਊਟਰ ਅਧਿਆਪਕਾਂ ਵਿੱਚ ਭਾਰੀ ਰੋਸ਼ ਹੈ।
ਐਸੋਸੀਏਸ਼ਨ ਵੱਲੋਂ ਸੰਘਰਸ਼ ਦੀ ਰੂਪਰੇਖਾ ਲਈ 21 ਜਨਵਰੀ ਨੂੰ ਸੂਬਾਈ ਬੈਠਕ ਚੰਡੀਗੜ੍ਹ ਵਿੱਖੇ ਬੁਲਾਈ ਗਈ ਹੈ ਜੇਕਰ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਜਲਦ ਨਾ ਮੰਨੀਆ ਗਈਆ ਤਾਂ ਸੂਬਾ ਪੱਧਰੀ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਗੁਰਜੀਤ ਸਿੰਘ ਵਿਰਦੀ, ਨਵਤੇਜ ਗਿੱਲ, ਜਸਪਾਲ ਸਮਰਾਲਾ, ਧਰਮਿੰਦਰ ਬਾਂਸਲ, ਬਲਜਿੰਦਰ ਰੋਪੜ, ਲਖਵੀਰ ਸਿੰਘ, ਨਰਿੰਦਰ ਕੁਮਾਰ, ਜਗਪਾਲ ਰੋਪੜ, ਹਰਚਰਨ ਬਠਿੰਡਾ,ਗੁਰਪ੍ਰੀਤ ਮੋਹਾਲੀ, ਲਖਵਿੰਦਰ ਫਿਰੋਜ਼ਪੁਰ, ਜਤਿੰਦਰ ਸੋਢੀ, ਸੁਖਦੀਪ ਪਟਿਆਲਾ,ਕੁਲਦੀਪ ਸੰਗਰੂਰ, ਜਤਿੰਦਰ ਬਾਰਨਾਲਾ ਅਤੇ ਹੋਰ ਆਗੂ ਹਾਜ਼ਰ ਸਨ।