ਪਟਿਆਲਾ, 7 ਜਨਵਰੀ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ’ਚ ਆਵਾਰਾ ਪਸ਼ੂਆਂ ਦੀ ਸਮੱਸਿਆ ਨੇ ਗੰਭੀਰ ਰੂਪ ਲੈ ਲਿਆ ਹੈ ਜਿੱਥੇ ਆਵਾਰਾ ਪਸ਼ੂਆਂ ਨਾਲ ਰੋਜ਼ਾਨਾ ਹੀ ਕਈ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ ਉੱਥੇ ਹੀ ਕਿਸਾਨਾਂ ਵੱਲੋਂ ਕੜਾਕੇ ਦੀ ਠੰਢ ਵਿੱਚ ਰਾਤ ਭਰ ਜਾਕੇ ਆਵਾਰਾ ਪਸ਼ੂਆਂ ਤੋਂ ਆਪਣੀ ਫ਼ਸਲ ਦੀ ਰਾਖੀ ਕਰਦਿਆ ਸਰਕਾਰਾਂ ਪਾਸੋਂ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਜੋ ਗਓੂ ਸੈੱਸ ਉਹ ਬਿਜਲੀ ਦੇ ਬਿੱਲ ਤੋਂ ਲੈ ਕੇ ਹਰ ਨਿੱਕੀ ਮੋਟੀ ਵਸਤੂ ਦੀ ਖ਼ਰੀਦ ’ਤੇ ਦਿੰਦੇ ਹਨ ਉਹ ਪੈਸਾ ਕਿਥੇ ਲਗਾਇਆ ਜਾ ਰਿਹਾ ਹੈ।
ਪਟਿਆਲਾ ਜ਼ਿਲ੍ਹੇ ਅੰਦਰ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਦਾਅਵੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਹਨ ਪਰ ਇਹ ਸਮੱਸਿਆ ਖ਼ਤਮ ਹੋਣ ਦੀ ਬਜਾਏ ਰੋਜ਼ਾਨਾ ਵਧਦੀ ਹੀ ਜਾ ਰਹੀ ਹੈ। ਸਰਦੀਆਂ ਦਾ ਮੌਸਮ ਹੋਣ ਕਾਰਨ ਸ਼ਾਮ ਤੇ ਸਵੇਰ ਵੇਲੇ ਪੈਂਦੀ ਧੁੰਦ ’ਚ ਆਵਾਰਾ ਪਸ਼ੂਆਂ ਨਾਲ ਹੋਣ ਵਾਲੇ ਸੜਕੀ ਹਾਦਸਿਆਂ ਵਿੱਚ ਹੋਰ ਵਾਧਾ ਹੋ ਗਿਆ ਹੈ ਜੋ ਚਿੰਤਾ ਦਾ ਵਿਸ਼ਾ ਹੈ।
ਭਾਰਤ ਸਰਕਾਰ ਵੱਲੋਂ 11 ਤੋਂ 17 ਜਨਵਰੀ ਤੱਕ ਸੜਕ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਆਮ ਲੋਕਾਂ ਨੂੰ ਸੜਕੀ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਪਰ ਆਵਾਰਾ ਪਸ਼ੂਆਂ ਕਾਰਨ ਪਟਿਆਲਾ ਜ਼ਿਲ੍ਹੇ ਦੀਆਂ ਸੜਕਾਂ ਸੁਰੱਖਿਅਤ ਨਹੀਂ ਹਨ। ਉਥੇ ਹੀ ਜਨਵਰੀ ਮਹੀਨੇ ਹੋਣ ਵਾਲੇ ਸਵੱਛਤਾ ਸਰਵੇਖਣ ਵਿਚ ਵੀ ਆਵਾਰਾ ਪਸ਼ੂਆਂ ਕਾਰਨ ਪਟਿਆਲਾ ਸ਼ਹਿਰ ਦੀ ਰੈਕਿੰਗ ਥੱਲੇ ਆਉਣ ਦੇ ਆਸਾਰ ਹਨ।