ਜਗਦੀਸ਼ ਥਿੰਦ, ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 16 ਦਸੰਬਰ - ਅੱਜ 16 ਦਸੰਬਰ ਨੂੰ ਪੋਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ । ਇਸ ਪਵਿੱਤਰ ਦਿਹਾੜੇ ਉੱਪਰ ਇਤਿਹਾਸਕ ਗੁਰਦੁਆਰਿਆਂ ਦੇ ਨਾਲ - ਨਾਲ ਸ਼ਹਿਰਾਂ , ਪਿੰਡਾਂ ਤੋਂ ਇਲਾਵਾ ਦੇਸ਼ ਅਤੇ ਵਿਦੇਸ਼ਾਂ ਵਿੱਚ ਬਣੇ ਗੁਰਦੁਆਰਾ ਸਾਹਿਬਾਨ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਜਾਪ ਹੋ ਰਹੇ ਹਨ ।
ਗੁਰਦੁਆਰਿਆਂ , ਟੀ ਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਉੱਪਰ ਵੀ ਸੰਗਰਾਂਦ ਦੀਆਂ ਮੁਬਾਰਕਾਂ ਦੇਣ ਦੇ ਨਾਲ - ਨਾਲ ਦਸਮੇਸ਼ ਪਿਤਾ ਦੇ ਪਰਿਵਾਰ ਦੀ ਸ਼ਹਾਦਤ ਨੂੰ ਸ਼ਿੱਦਤ ਨਾਲ ਮਹਿਸੂਸ ਅਤੇ ਯਾਦ ਕੀਤਾ ਜਾ ਰਿਹਾ ਹੈ ।
ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। 22 ਦਸੰਬਰ ਅਤੇ 27 ਦਸੰਬਰ 1704 ਨੂੰ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ (17 ਸਾਲ) ਅਤੇ ਬਾਬਾ ਜੁਝਾਰ ਸਿੰਘ (13 ਸਾਲ) ਚਮਕੌਰ ਦੀ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ।
ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ (8 ਸਾਲ) ਅਤੇ ਬਾਬਾ ਫ਼ਤਹਿ ਸਿੰਘ (5 ਸਾਲ) ਸੂਬਾ ਸਰਹਿੰਦ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ। ਇਸੇ ਪੋਹ ਦੇ ਮਹੀਨੇ ਅੰਦਰ ਹੀ ਗੁਰੂ ਸਾਹਿਬ ਦੀ ਮਾਤਾ ਗੁਜਰੀ ਜੀ ਵੀ ਸਦੀਵੀ ਵਿਛੋੜਾ ਦੇ ਗਏ । ਇਸ ਸ਼ਹਾਦਤ ਦੀ ਮਹਾਨਤਾ ਬਾਰੇ ਮੈਥਿਲੀ ਸ਼ਰਣ ਗੁਪਤ ਨੇ ਲਿਖਿਆ ਹੈ-
ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ
ਪੋਹ ਦੀ ਸੰਗਰਾਂਦ ਦੇ ਦਿਨ ਅੱਜ ਠੰਢੀਆਂ ਸੀਤ ਹਵਾਵਾਂ ਚੱਲ ਰਹੀਆਂ ਹਨ । ਧੁੰਦ ਕਾਰਨ ਹਵਾ ਵਿੱਚ ਕਾਫੀ ਨਮੀ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਅੰਦਰ ਤਾਪਮਾਨ 6 ਡਿਗਰੀ ਸੈਲਸੀਅਸ ਹੈ। ਫ਼ਿਰੋਜਪੁਰ ਜ਼ਿਲ੍ਹੇ ਅੰਦਰ ਤਾਪਮਾਨ ਡਿਗ੍ਰੀ 7 ਸੈਲਸੀਅਸ , ਅੰਮ੍ਰਿਤਸਰ ਵਿਖੇ ਵੀ 7 ਡਿਗਰੀ ਸੈਲਸੀਅਸ , ਸਰਹਿੰਦ ਵਿਖੇ ਤਪਮਾਨ 9 ਡਿਗਰੀ ਸੈਲਸੀਅਸ , ਲੁਧਿਆਣਾ 8 , ਮੋਹਾਲੀ 9 , ਚੰਡੀਗੜ੍ਹ , ਪਠਾਨਕੋਟ 7 , ਹੁਸ਼ਿਆਰਪੁਰ 8 , ਗੁਆਂਢੀ ਰਾਜ ਰਾਜਸਥਾਨ ਦੇ ਸ੍ਰੀਗੰਗਾਨਗਰ ਦਾ ਤਾਪਮਾਨ 8 ਡਿਗਰੀ ਸੈਲਸੀਅਸ ,ਹਰਿਆਣਾ ਦੇ ਹਿਸਾਰ 9 , ਸਿਰਸਾ ਦਾ 8 ਡਿਗਰੀ ਸੈਲਸੀਅਸ ਹੈ ਅਤੇ ਚੰਡੀਗੜ੍ਹ ਦਾ ਤਾਪਮਾਨ 12 ਡਿਗਰੀ ਸੈਲਸੀਅਸ ਹੈ।
ਅਦਾਰਾ ਤਿਰਛੀ ਨਜ਼ਰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ ।