ਵੱਖ ਵੱਖ ਸਕੂਲਾਂ ਕਾਲਜਾਂ ਵੱਲੋਂ ਕੀਤੇ ਮਾਰਚ ਪਾਸਟ ਨੇ ਦਰਸ਼ਕਾਂ ਦਾ ਮਨ ਮੋਹਿਆ
ਹਾਕੀ, ਕਬੱਡੀ, ਵਾਲੀਬਾਲ ਦੇ ਖਿਡਾਰੀਆਂ ਨੇ ਦਿਖਾਏ ਜੌਹਰ
ਲੁਧਿਆਣਾ 14 ਦਸੰਬਰ 2019: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਾਈਆਂ ਜਾ ਰਹੀਆਂ 33ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋ ਨਿੱਬੜਿਆ। ਭਾਰੀ ਬਰਸਾਤ ਤੋਂ ਬਾਅਦ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਜਿਹੇ ਨਿੱਕਲੇ ਦਿਨ ਦੀ ਦੁਪਹਿਰ ਨੂੰ ਜਿਉਂ ਹੀ ਵੱਖ ਵੱਖ ਸਕੂਲਾਂ ਦਾ ਮਾਰਚ ਪਾਸਟ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਨੇ ਉਦਘਾਟਨੀ ਸਮਾਰੋਹ ਨੂੰ ਬੇਹੱਦ ਲਾਜਵਾਬ ਬਣਾਇਆ।
ਗੁੱਡ ਅਰਥ ਕਾਨਵੈਂਟ ਸਕੂਲ ਸਿਆੜ੍ਹ, ਕਲਗੀਧਰ ਅਕੈਡਮੀ ਦੁੱਗਰੀ, ਭੁੱਟਾ ਇੰਜੀਨੀਅਰ ਕਾਲਜ ਅਤੇ ਹੋਰ ਇਲਾਕੇ ਦੇ ਸਕੂਲੀ ਬੱਚਿਆਂ ਅਤੇ ਵੱਖ ਵੱਖ ਟੀਮਾਂ ਵੱਲੋਂ ਕੀਤੇ ਮਾਰਚ ਪਾਸਟ 'ਤੇ ਅੱਜ ਮੁੱਖ ਮਹਿਮਾਨ ਸ਼੍ਰੀ ਵਨੀਤ ਸ਼ਰਮਾ ਜੀ.ਐਮ ਕੋਕਾ ਕੋਲਾ, ਹਰਚਰਨ ਸਿੰਘ ਭੁੱਲਰ ਜੁਆਇੰਟ ਡਾਇਰੈਕਟਰ ਵਿਜੀਲੈਂਸ, ਪ੍ਰੀਤਮ ਸਿੰਘ ਗਰੇਵਾਲ ਸਾਬਕਾ ਮੇਅਰ ਹੰਸਲੋ ਇੰਗਲੈਂਡ, ਬਾਈ ਸੁਰਜੀਤ ਸਿੰਘ ਸਾਹਨੇਵਾਲ ਮੁੱਖ ਸੇਵਾਦਾਰ ਗੁਰਦੁਆਰਾ ਸੰਗਤ ਮਾਤਾ ਸਾਹਿਬ ਕੌਰ ਅਤੇ ਹੋਰ ਮਹਿਮਾਨਾਂ ਨੇ ਸਲਾਮੀ ਲਈ। ਇਸ ਮੌਕੇ ਖਿਡਾਰੀਆਂ ਵੱਲੋਂ ਕਰਨਵੀਰ ਕੌਰ ਸਿਆੜ੍ਹ ਅਤੇ ਕੋਚਾਂ ਵੱਲੋਂ ਕਬੱਡੀ ਕੋਚ ਜਸਵੰਤ ਸਿੰਘ ਨੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ ਅਤੇ ਓਲੰਪਿਕ ਮਸ਼ਾਲ ਨੂੰ ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਰੀਤੂ ਰਾਣੀ ਤੇ ਅੰਤਰਰਾਸ਼ਟਰੀ ਖਿਡਾਰਨਾਂ ਸੁਖਮਨੀ, ਨਰਿੰਦਰ ਕੌਰ ਤੇ ਹਰਦੀਪ ਕੌਰ ਨੇ ਜਗਾਇਆ ਅਤੇ ਖੇਡਾਂ ਦੀ ਸ਼ੁਰੂਆਤ ਦੇਹ ਸ਼ਿਵਾ ਬਰ ਮੋਹਿ ਇਹੈ ਦੇ ਸ਼ਬਦ ਨਾਲ ਸ਼ੂਰੂ ਹੋਈ। ਜਦਕਿ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਆਏ ਮਹਿਮਾਨਾਂ ਤੇ ਖਿਡਾਰੀਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸੰਜੇ ਓਬਰਾਏ ਮੈਨੇਜਰ ਐਸ.ਪੀ.ਐਸ ਹਸਪਤਾਲ ਲੁਧਿਆਣਾ, ਅਲੋਕ ਮੁਖਰਜੀ ਕੋਕਾ-ਕੋਲਾ, ਦਲਜੀਤ ਸਿੰਘ ਭੱਟੀ, ਮਾਰਕਿਟ ਮੈਨੇਜਰ ਕੋਕਾ-ਕੋਲਾ, ਅਜਮੇਰ ਕੌਰ ਗਰੇਵਾਲ ਯੂ.ਕੇ, ਗੁਰਮੀਤ ਕੌਰ ਗਰੇਵਾਲ ਧਰਮਨਪਤਨੀ ਮੋਹਿੰਦਰਪ੍ਰਤਾਪ ਗਰੇਵਾਲ, ਸੰਦੀਪ ਕੁਮਾਰ ਐਸ.ਪੀ ਪੰਜਾਬ ਪੁਲਿਸ, ਅਥਲੀਟ ਹਰਭਜਨ ਸਿੰਘ ਗਰੇਵਾਲ, ਇੰਸਪੈਕਟਰ ਬਲਬੀਰ ਸਿੰਘ ਗਰੇਵਾਲ, ਐਮਪੀ ਸਿੰਘ, ਐਚ.ਆਰ ਓਵਰਸੀਜ਼ ਟਾਟਾ ਸਟੀਲ, ਸਰਬਜੀਤ ਸਿੰਘ ਢਿੱਲੋਂ, ਪੈਨ ਸਿੰਘ ਖਡੂਰ, ਰਮੇਲ ਸਿੰਘ ਦਿਉਲ, ਸਰਪੰਚ ਦਪਿੰਦਰ ਸਿੰਘ ਡਿੰਪੀ, ਤੇਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਪੰਧੇਰ, ਯਾਦਵਿੰਦਰ ਸਿੰਘ ਤੂਰ ਆਦਿ ਹੋਰ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। ਉਦਘਾਟਨੀ ਸਮਾਰੋਹ ਮੌਕੇ ਸਿੱਖਿਆ ਅਤੇ ਖੇਡਾਂ 'ਚ ਵਧੀਆ ਮੱਲਾਂ ਮਾਰਨ ਵਾਲੇ ਜਗਜੀਤ ਸਿੰਘ, ਕਮਲਪ੍ਰੀਤ ਕੌਰ, ਇਮਰਾਨਦੀਪ ਸਿੰਘ ਸਿਆੜ੍ਹ, ਅਮਨਦੀਪ ਕੌਰ, ਆਦਿ ਹੋਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਕਬੱਡੀ ਨਿਰੋਲ ਇੱਕ ਪਿੰਡ ਓਪਨ ਯਾਦਗਾਰੀ ਕਬੱਡੀ ਕੱਪ 'ਚ ਖੇਡੇ ਮੈਚਾਂ 'ਚ ਬੱਸੀਆਂ ਨੇ ਕਨੇਚ ਨੂੰ, ਕੰਗਨਵਾਲ ਨੇ ਜੱਸੋਵਾਲ ਸੂਦਾਂ ਨੂੰ, ਚੱਕ ਭਾਈਕਾ ਨੇ ਕੈਂਡ ਨੂੰ, ਛਪਾਰ ਨੇ ਬਰਕਤਪੁਰਾ ਨੂੰ, ਤਲਵਡੀ ਰਾਇ ਨੇ ਕਟ੍ਹਾਰੀ ਨੂੰ, ਕਰਪਾਲ ਸਰ ਮਹੋਲੀ ਨੇ ਕਨੇਚ ਨੂੰ, ਬਨਭੌਰਾ ਨੇ ਸਰੀਂਹ ਨੂੰ ਹਰਾਇਆ। ਅਮਰਜੀਤ ਗਰੇਵਾਲ ਵਾਲੀਬਾਲ ਕੱਪ ਸ਼ੂਟਿੰਗ 'ਚ ਗੰਢੂਆਂ ਨੇ ਗਿੱਲਾਂ ਨੂੰ ਹਰਾਇਆ ।
ਮੋਹਿੰਦਰਪ੍ਰਤਾਪ ਗਰੇਵਾਲ ਗੋਲਡ ਕੱਪ ਹਾਕੀ 'ਚ ਸ਼ਾਹਬਾਦ ਮਾਰਕੰਡਾ ਨੇ ਜਗਤਾਰ ਇਲੈਵਨ ਨੂੰ 10-3 ਨਾਲ, ਸੰਗਰੂਰ ਨੇ ਰਾਮਪੁਰ ਨੂੰ 5-4 ਨਾਲ, ਅੰਮ੍ਰਿਤਸਰ ਨੇ ਅਮਰਗੜ੍ਹ ਨੂੰ 8-1 ਨਾਲ, ਜਰਖੜ ਅਕੈਡਮੀ ਨੇ ਸ਼ਾਹਬਾਦ ਮਾਰਕੰਡਾ ਨੂੰ 4-0 ਨਾਲ ਹਰਾਇਆ।
ਭਲਕੇ ਨਾਇਬ ਸਿੰਘ ਗਰੇਵਾਲ ਆਲ ਓਪਨ ਕਬੱਡੀ ਕੱਪ ਹੋਵੇਗਾ ਜਿਸ 'ਚ ਕਬੱਡੀ ਦੇ ਨਾਮੀ ਖਿਡਾਰੀ ਹਿੱਸਾ ਲੈਣਗੇ। ਖੇਡਾਂ ਦੇ ਫਾਈਨਲ ਸਮਾਰੋਹ 'ਤੇ ਖੇਡਾਂ ਤੇ ਸਮਾਜਸੇਵੀ ਸ਼ਖਸੀਅਤਾਂ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਹੋਵੇਗਾ ਜਿੰਨ੍ਹਾਂ 'ਚ ਖੇਡ ਪ੍ਰਮੋਟਰ ਸੁਰਜਨ ਚੱਠਾ ਨੂੰ ਅਮਰਜੀਤ ਗਰੇਵਾਲ ਖੇਡ ਪ੍ਰਮੋਟਰ ਐਵਾਰਡ, ਤੈਰਾਕੀ ਦੀ ਖਿਡਾਰਨ ਅਰਸ਼ਦੀਪ ਕੌਰ ਗਰੇਵਾਲ ਇੰਸਪੈਕਟਰ ਪੰਜਾਬ ਪੁਲਿਸ ਨੂੰ ਮੋਹਿੰਦਰਪ੍ਰਤਾਪ ਗਰੇਵਾਲ ਐਵਾਰਡ, ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਨੂੰ ਮਨੁੱਖਤਾ ਦੀ ਸੇਵਾ ਬਦਲੇ ਭਗਤ ਪੂਰਨ ਸਿੰਘ ਐਵਾਰਡ, ਕਬੱਡੀ ਸਟਾਰ ਗੁਰਲਾਲ ਘਨੌਰ ਨੂੰ ਪੰਜਾਬ ਦਾ ਮਾਣ ਐਵਾਰਡ, ਭਾਰਤੀ ਟੀਮ ਦੇ ਮੁੱਕੇਬਾਜ਼ ਕੋਚ ਜੀ.ਐਸ ਸੰਧੂ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਦਾ ਐਵਾਰਡ, ਚਰਚਿਤ ਗਾਇਕ ਕਰਨ ਔਜਲਾ ਨੂੰ ਜਗਦੇਵ ਸਿੰਘ ਜੱਸੋਵਾਲ ਸੱਭਿਆਚਾਰਕ ਐਵਾਰਡ ਨਾਲ ਸਨਮਾਨਤ ਕੀਤਾ ਜਾਏਗਾ।