ਕੈਨੇਡਾ: ਸਰੀ ਆਰ ਸੀ ਐਮ ਪੀ ਨੂੰ ਮਿਲੇਗਾ ਨਵਾਂ ਮੁਖੀ
ਹਰਦਮ ਮਾਨ
ਸਰੀ, 14 ਦਸੰਬਰ, 2019 : ਚੀਫ ਸੁਪਰਡੈਂਟ ਬ੍ਰਾਇਨ ਐਡਵਰਡਜ਼, ਸਰੀ ਆਰਸੀਐਮਪੀ ਦੇ ਨਵੇਂ ਮੁਖੀ ਹੋਣਗੇ ਅਤੇ ਉਹ 6 ਜਨਵਰੀ 2020 ਨੂੰ ਆਪਣਾ ਅਹੁਦਾ ਸੰਭਾਲਣਗੇ। ਇਹ ਐਲਾਨ ਕਰਦਿਆਂ ਸਰੀ ਦੇ ਮੇਅਰ ਡੱਗ ਮੈਕਲੈਮ ਨੇ ਕਿਹਾ ਕਿ ਚੀਫ਼ ਸੁਪਰਡੈਂਟ ਬ੍ਰਾਇਨ ਐਡਵਰਡਸ 24 ਸਾਲਾਂ ਦੇ ਆਪਣੇ ਪੁਲਿਸ ਕੈਰੀਅਰ ਦੌਰਾਨ ਆਰਸੀਐਮਪੀ ਅਤੇ ਮਿਉਂਸਪਲ ਪੁਲਿਸ ਦੋਵਾਂ ਵਿਭਾਗਾਂ ਵਿੱਚ ਸੇਵਾਵਾਂ ਨਿਭਾਈਆਂ ਹਨ। ਰਣਨੀਤਕ ਅਤੇ ਕਾਰੋਬਾਰੀ ਯੋਜਨਾਬੰਦੀ ਵਿਚ ਉਸ ਦਾ ਵਿਆਪਕ ਤਜਰਬਾ ਸਰੀ ਆਰਸੀਐਮਪੀ ਤੋਂ ਮਿਉਂਸਪਲ ਪੁਲਿਸ ਵਿਭਾਗ ਵਿਚ ਤਬਦੀਲ ਕਰਨ ਲਈ ਲਾਹੇਵੰਦ ਹੋਵੇਗਾ।
ਸਾਊਥ ਸਰੀ (ਵ੍ਹਾਈਟ ਰਾਕ ) ਵਿਚ ਆਪਣੇ ਪਰਿਵਾਰ ਨਾਲ਼ ਰਹਿ ਰਹੇ ਐਡਵਰਡਜ਼ ਨੇ ਕੈਲਗਰੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਅਤੇ ਭਾਸ਼ਾ ਵਿਗਿਆਨ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ। 1995 ਵਿਚ ਕੈਲਗਰੀ ਪੁਲਿਸ ਸੇਵਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਸ ਨੇ ਓਕੋਟਕਸ ਆਰਸੀਐਮਪੀ ਨਾਲ ਆਪਣੀ ਸ਼ੁਰੂਆਤ ਇਕ ਵਾਲੰਟੀਅਰ ਕਾਂਸਟੇਬਲ ਦੇ ਤੌਰ ਕੀਤੀ ਸੀ। 2003 ਤੋਂ, ਐਡਵਰਡਜ਼ ਲੋਅਰ ਮੇਨਲੈਂਡ ਵਿਚ ਆਰਸੀਐਮਪੀ ਨਾਲ ਕੰਮ ਕਰ ਰਿਹਾ ਹੈ ਅਤੇ ਰਿਚਮੰਡ, ਲੋਅਰ ਮੇਨਲੈਂਡ ਡਿਸਟ੍ਰਿਕਟ ਅਤੇ ਸੂਬਾਈ ਪੱਧਰ 'ਤੇ ਸੇਵਾ ਨਿਭਾ ਚੁੱਕਿਆ ਹੈ।
ਐਡਵਰਡਜ਼ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਉਸ ਵਾਸਤੇ ਇਹ ਜ਼ਿੰਮੇਵਾਰੀ ਨਵੀਂ, ਚੁਣੌਤੀਪੂਰਨ ਅਤੇ ਦਿਲਚਸਪ ਹੈ। ਸ਼ਾਨਦਾਰ ਅਤੇ ਪ੍ਰਗਤੀਸ਼ੀਲ ਸਟਾਫ ਮੈਂਬਰਾਂ ਦੀ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ ਅਤੇ ਉਹ ਸਹਾਇਕ ਕਮਿਸ਼ਨਰ ਡਵੇਨ ਮੈਕਡੋਨਲਡ ਦੇ ਕੰਮ ਨੂੰ ਅੱਗੇ ਵਧਾਉਣ ਲਈ ਆਸਵੰਦ ਹਨ। ਸਰੀ ਦੇ ਨਾਗਰਿਕਾਂ ਦੀ ਸੁਰੱਖਿਆ ਅਤੇ ਕਰਮਚਾਰੀਆਂ ਦੀ ਸਿਹਤ ਤੇ ਤੰਦਰੁਸਤੀ ਉਸ ਲਈ ਸਭ ਤੋਂ ਮਹੱਤਵਪੂਰਣ ਹੋਵੇਗੀ। ਐਡਵਰਡਜ਼ ਨੇ ਇਹ ਮੌਕਾ ਦੇਣ ਲਈ ਸਰੀ ਦੇ ਸ਼ਹਿਰੀਆਂ, ਮੇਅਰ ਅਤੇ ਸਿਟੀ ਕੌਂਸਲ ਦਾ ਧੰਨਵਾਦ ਕੀਤਾ ਹੈ।