ਮਾਡਲ ਟਾਊਨ ਦੇ ਵਸਨੀਕਾਂ ਵੱਲੋਂ ਦਿੱਤੇ ਮੰਗ ਪੱਤਰ ’ਤੇ ਵਿਧਾਇਕ ਅੰਗਦ ਸਿੰਘ ਵੱਲੋਂ ਕਾਰਵਾਈ ਦਾ ਭਰੋਸਾ
ਨਵਾਂਸ਼ਹਿਰ, 11 ਦਸੰਬਰ, ੨੦੧੯: ਵਿਧਾਇਕ ਅੰਗਦ ਸਿੰਘ ਨੇ ਅੱਜ ਵਿਧਾਇਕਾ ਅਦਿਤੀ ਸਿੰਘ ਨਾਲ ਸਾਂਝੇ ਤੌਰ ’ਤੇ ਇੱਕ ਜਨਤਕ ਸਮਾਗਮ ’ਚ ਸ਼ਿਰਕਤ ਕੀਤੀ। ਉਨ੍ਹਾਂ ਮਾਡਲ ਟਾਊਨ ਵੈਲਫ਼ੇਅਰ ਐਸੋਸੀਏਸ਼ਨ ਦੇ ਸੱਦੇ ’ਤੇ ਮਾਡਲ ਟਾਊਨ ਪੁੱਜ ਕੇ ਧਰਤੀ ਨੂੰ ਹਰਿਆ ਭਰਿਆ ਰੱਖਣ ਲਈ ਸਾਂਝੇ ਤੌਰ ’ਤੇ ਪੌਦੇ ਲਾਏ।
ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਮਾਡਲ ਟਾਊਨ ਵੈਲਫ਼ੇਅਰ ਸੁਸਾਇਟੀ ਵੱਲੋਂ ਵਾਤਾਵਰਣ ਦੀ ਸਾਂਭ-ਸੰਭਾਲ ਲਈ ਕੀਤੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੁੱਖ ਲਾਉਣ ਅਤੇ ਲਾਉਣ ਤੋਂ ਬਾਅਦ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਮੁਸ਼ਕਿਲ ਕਾਰਜ ਹੁੰਦਾ ਹੈ। ਪਰ ਮਾਡਲ ਟਾਊਨ ਦੇ ਵਸਨੀਕ ਇਸ ਲਈ ਸ਼ਲਾਘਾ ਦੇ ਪਾਤਰ ਹਨ ਕਿ ਉਹ ਵਾਤਾਵਰਣ ਪ੍ਰਤੀ ਸੁਚੇਤ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਸਮੁੱਚੇ ਪੰਜਾਬ ’ਚ ਲੱਖਾਂ ਪੌਦੇ ਲਾਏ ਗਏ ਹਨ ਤਾਂ ਜੋ ਗੁਰੂ ਸਾਹਿਬ ਦੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦੇਣ ਦੇ ਉੱਚ ਆਸ਼ੇ ਦੇ ਰਾਹ ’ਤੇ ਚੱਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਸ਼ਹਿਰ ਨੂੰ ਸੋਹਣਾ ਅਤੇ ਆਦਰਸ਼ ਬਣਾਉਣ ਲਈ ਜੋ ਵੀ ਸੇਵਾ ਉਨ੍ਹਾਂ ਨੂੰ ਲਾਈ ਜਾਂਦੀ ਹੈ, ਉਹ ਸਰਕਾਰ ਪੱਧਰ ’ਤੇ ਉਸ ਨੂੰ ਲੋਕਾਂ ਦਾ ਹੁਕਮ ਮੰਨ ਕੇ ਨਿਭਾਉਣ ਦੀ ਕੋਸ਼ਿਸ਼ ਕਰਦੇ ਹਨ।
ਉਨ੍ਹਾਂ ਨੇ ਮਾਡਲ ਟਾਊਨ ਦੇ ਵਸਨੀਕਾਂ ਵੱਲੋਂ ਕਲੋਨੀ ’ਚ ਕਮਿਊਨਿਟੀ ਸੈਂਟਰ ਬਣਾਏ ਜਾਣ ਦੀ ਰੱਖੀ ਮੰਗ ਨੂੰ ਨਗਰ ਕੌਂਸਲ ਰਾਹੀਂ ਸਰਕਾਰ ਦੇ ਧਿਆਨ ’ਚ ਲਿਆਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਮੌਜੂਦ ਵਿਧਾਇਕਾ ਅਦਿਤੀ ਸਿੰਘ ਨੇ ਹਲਕੇ ਦੇ ਲੋਕਾਂ ਨਾਲ ਆਪਣੀ ਸਾਂਝ ਪਾਉਂਦਿਆਂ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਉਨ੍ਹਾਂ ਅੰਗਦ ਸਿੰਘ ਜਿਹੇ ਪ੍ਰਤਿਭਾਵਾਨ ਨੌਜੁਆਨ ਨੁਮਾਇੰਦਿਆਂ ਨੂੰ ਹਲਕੇ ਦੀ ਸੇਵਾ ਸੌਂਪੀ ਹੈ। ਉਨ੍ਹਾਂ ਕਿਹਾ ਕਿ ਨੌਜੁਆਨ ਨੁਮਾਇੰਦਿਆਂ ’ਚ ਸੇਵਾ ਦਾ ਜੋਸ਼ ਵੀ ਹਲਕੇ ਦੇ ਲੋਕਾਂ ਦੇ ਪਿਆਰ ਦੀ ਬਦੌਲਤ ਆਉਂਦਾ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਅਜਿਹੇ ਪਿਆਰ-ਸਤਿਕਾਰ ਦੇਣ ਵਾਲੇ ਲੋਕਾਂ ’ਚ ਵਿਚਰਨ ਦਾ ਮੌਕਾ ਮਿਲਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ, ਕੌਂਸਲਰ ਕੁਲਵੰਤ ਕੌਰ, ਕੌਂਸਲਰ ਵਿਨੋਦ ਪਿੰਕਾ, ਕੌਂਸਲਰ ਬਲਬੀਰ ਸਿੰਘ, ਸਾਬਕਾ ਕੌਂਸਲਰ ਰਚਨਾ ਛਾਬੜਾ, ਮਾਸਟਰ ਲਲਿਤ ਸ਼ਰਮਾ, ਪ੍ਰਵੇਸ਼ ਕੁਮਾਰ, ਦੀਪਕ ਕੁੰਦਰਾ, ਭਾਰਤ ਜੋਤੀ ਕੁੰਦਰਾ ਅਤੇ ਮਾਡਲ ਟਾਊਨ ਦੇ ਵਸਨੀਕ ਮੌਜੂਦ ਸਨ।