ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 11 ਦਸੰਬਰ :
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪਾਰਟੀ ਹੈਡਕੁਆਰਟਰ ਤੋਂ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ੍ਰ. ਕੰਵਲਜੀਤ ਸਿੰਘ ਢਿੱਲੋਂ ਸਪੁੱਤਰ ਸੀਨੀਅਰ ਅਕਾਲੀ ਆਗੂ ਸਰਦਾਰ ਰਸ਼ਬੇਗ ਸਿੰਘ ਢਿੱਲੋ ਸੁਲਤਾਨਪੁਰ ਲੋਧੀ ਨੂੰ ਜ਼ਿਲਾ ਅਕਾਲੀ ਜੱਥਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ । ਪਾਰਟੀ ਵੱਲੋਂ ਜਥੇਦਾਰ ਮੱਖਣ ਸਿੰਘ ਨੰਗਲ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ ਹੈ । ਜਥੇਦਾਰ ਬ੍ਰਹਮਪੁਰਾ ਨੇ ਜ਼ਿਲ੍ਹਿਆਂ ਦੇ ਚੋਣ ਆਬਜ਼ਰਵਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸੌਂਪੇ ਗਏ ਜ਼ਿਲ੍ਹਿਆਂ ਵਿੱਚ ਜਾ ਕੇ ਜ਼ਿਲ੍ਹੇ ਤੇ ਸਰਕਲਾਂ ਦੀ ਜਥੇਬੰਦੀ ਨੂੰ 31 ਦਿਸੰਬਰ 2019 ਤਕ ਮੁਕੰਮਲ ਕਰਨ । ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ 14 ਦਸੰਬਰ ਨੂੰ ਸ੍ਰੌਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸ੍ਰੌਮਣੀ ਅਕਾਲੀ ਦਲ ਦੇ ਸਮੂਹ ਅਹੁਦੇਦਾਰ ਜਿਲ੍ਹਾ ਜਥੇਦਾਰ ਆਪਣੇ ਸੀਨੀਅਰ ਸਾਥੀਆਂ ਤੇ ਵਰਕਰਾਂ ਸਮੇਤ ਸ੍ਰੀ ਅੰਮ੍ਰਿਤਸਰ ਪਹੁੰਚਣ , ਜਿਥੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਵੀਇੰਦਰ ਸਿੰਘ , ਡਾਕਟਰ ਰਤਨ ਸਿੰਘ ਅਜਨਾਲਾ ਤੇ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਸਾਂਝੇ ਯਤਨਾ ਸਦਕਾ ਅਕਾਲੀ ਦਲ ਦਾ 99 ਵਾਂ ਸਥਾਪਨਾ ਦਿਵਸ ਪੂਰੇ ਉਤਸਾਹ ਨਾਲ ਸਾਂਝੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ । ਉਹਨਾਂ ਸਮੂਹ ਅਕਾਲੀ ਲੀਡਰਸ਼ਿਪ ਨੂੰ ਧੜੇਬੰਦੀ ਤੋ ਉਪਰ ਉੱਠਕੇ ਪਰਿਵਾਰਵਾਦ ਵਿੱਚ ਜਕੜੇ ਅਕਾਲੀ ਦਲ ਬਾਦਲ ਨੂੰ ਮੁੜ ਸ੍ਰੌਮਣੀ ਅਕਾਲੀ ਦਲ ਬਣਾਉਣ ਲਈ ਇਸ ਇਤਿਹਾਸਕ ਦਿਹਾੜੇ ਤੇ ਇਕਜੁੱਟ ਹੋਣ ਦੀ ਬੇਨਤੀ ਕੀਤੀ ।