ਗੁਰਨਾਮ ਸਿੱਧੂ
ਫਿਰੋਜ਼ਪੁਰ 10 ਦਸੰਬਰ 2019: ਮਲੇਸ਼ੀਆ ਵਿਚ 2 ਤੋਂ 7 ਦਸੰਬਰ ਤੱਕ ਚੱਲੀਆਂ ਏਸ਼ੀਅਨ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਫਿਰੋਜ਼ਪੁਰ ਦੇ ਪ੍ਰਗਟ ਸਿੰਘ ਨੇ ਸੋਨੇ ਦਾ ਮੈਡਲ ਜਿੱਤਿਆ ਹੈ ਜਦਕਿ ਮਾਸਟਰ ਈਸ਼ਵਰ ਦਾਸ ਨੇ ਚੈਂਪੀਅਨਸ਼ਿਪ ਵਿਚ ਪੰਜਵਾਂ ਸਥਾਨ ਪ੍ਰਾਪਤ ਕਰਕੇ ਰਾਜ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।
ਡੀਸੀ ਚੰਦਰ ਗੈਂਦ ਵੱਲੋਂ ਅੱਜ ਮਾਸਟਰ ਈਸ਼ਵਰ ਸ਼ਰਮਾ ਨੂੰ ਸੋਮਵਾਰ ਘਰ ਪਰਤਣ ਤੋਂ ਬਾਅਦ ਸਨਮਾਨਿਤ ਕੀਤਾ। ਡੀਸੀ ਚੰਦਰ ਗੈਂਦ ਨੇ ਕਿਹਾ ਕਿ ਈਸ਼ਵਰ ਸ਼ਰਮਾ ਨੇ ਇੱਕ ਅਧਿਆਪਕ ਹੋਣ ਦੇ ਨਾਲ, ਖੇਡਾਂ ਵਿਚ ਹਿੱਸਾ ਲੈ ਕੇ ਨਾ ਸਿਰਫ ਵਿਭਾਗ ਦਾ, ਬਲਕਿ ਪੂਰੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਮਾਸਟਰ ਈਸ਼ਵਰ ਸ਼ਰਮਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ 29 ਦੇਸ਼ਾਂ ਦੇ 5 ਹਜ਼ਾਰ ਖਿਡਾਰੀਆਂ ਨੇ ਹਿੱਸਾ ਲਿਆ। ਮਾਸਟਰ ਈਸ਼ਵਰ ਸ਼ਰਮਾ ਨੇ ਜੈਵਲਿਨ ਥ੍ਰੋ ਵਿਚ ਏਸ਼ੀਆ ਵਿਚ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ 7 ਹੋਰ ਖਿਡਾਰੀਆਂ ਨੇ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ। ਹੈਮਰ ਥ੍ਰੋ ਵਿਚ ਪ੍ਰਗਟ ਸਿੰਘ ਨੇ ਸੋਨੇ ਦਾ ਮੈਡਲ ਜਿੱਤਿਆ ਹੈ। ਇਸੇ ਤਰ੍ਹਾਂ ਹੈਮਰ ਥਰੋਅ ਵਿਚ ਡਾ. ਗੁਰਿੰਦਰ ਸਿੰਘ ਢਿੱਲੋਂ ਨੇ ਪੰਜਵਾ ਦਰਜਾ ਪ੍ਰਾਪਤ ਕੀਤਾ। ਇੰਦਰਜੀਤ ਸਿੰਘ ਲੰਬੀ ਛਾਲ ਵਿਚ ਪੰਜਵੇਂ ਅਤੇ ਮਨਪ੍ਰੀਤ ਸਿੰਘ 400, 400 ਮੀਟਰ ਹਰਡਲ ਹੀਟ ਰੇਸ ਵਿਚ ਤੀਜੇ ਸਥਾਨ 'ਤੇ ਰਿਹਾ। ਇਸ ਤੋਂ ਬਾਅਦ ਸਾਰੇ ਖਿਡਾਰੀਆਂ ਨੇ ਸਰਾਗੜੀ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ। ਜ਼ਿਲ੍ਹਾ ਖੇਡ ਅਫਸਰ ਸੁਨੀਲ ਕੁਮਾਰ ਸ਼ਰਮਾ ਅਤੇ ਇੰਦਰਜੀਤ ਕੌਰ ਖੋਸਾ ਪਤਨੀ ਐੱਮਐੱਲਏ ਪਰਮਿੰਦਰ ਸਿੰਘ ਪਿੰਕੀ ਨੇ ਇਸ ਮੌਕੇ ਸਾਰੇ ਖਿਡਾਰੀਆਂ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਸੈਕਟਰੀ ਰੈੱਡ ਕਰਾਸ ਅਸ਼ੋਕ ਬਹਿਲ, ਅਮਰੀਕ ਸਿੰਘ, ਭੁਪਿੰਦਰ ਸਿੰਘ ਪ੍ਰਧਾਨ ਟੀਚਰ ਕਲੱਬ, ਮਾਸਟਰ ਗੁਰਬਚਨ ਸਿੰਘ ਭੁੱਲਰ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਬੀਰ ਸਿੰਘ ਭੁੱਲਰ, ਮਾਸਟਰ ਕੁਲਵੰਤ ਸਿੰਘ ਅਤੇ ਪ੍ਰੈੱਸ ਕਲੱਬ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।