ਹਰਦਮ ਮਾਨ
ਸਰੀ, 10 ਦਸੰਬਰ 2019 - ਸਰੀ ਵਿਚ ਡਰੱਗ, ਗੈਂਗ ਅਤੇ ਹਿੰਸਾ ਦੀਆਂ ਵਧ ਰਹੀਆਂ ਗਤੀਵਿਧੀਆਂ ਕਮਿਊਨਿਟੀ ਲਈ ਬੇਹੱਦ ਚਿੰਤਾ ਦਾ ਵਿਸ਼ਾ ਹਨ ਅਤੇ ਇਨ੍ਹਾਂ ਗਤੀਵਿਧੀਆਂ ਨੂੰ ਰੋਕਣ ਲਈ ਕਾਫੀ ਦੇਰ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਮਿਊਨਿਟੀ, ਪੁਲੀਸ ਅਤੇ ਉਚ ਵਿਦਿਅਕ ਅਦਾਰੇ ਨੌਜਵਾਨਾਂ ਨੂੰ ਠੀਕ ਰਾਹ ਤੇ ਲਿਆਉਣ ਲਈ ਬਹੁਤ ਸ਼ਲਾਘਾਯੋਗ ਉਪਰਾਲੇ ਕਰ ਰਹੇ ਹਨ।
ਇਸੇ ਸੰਦਰਭ ਵਿਚ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਟੀ ਦੇ ਡਾ. ਗੀਰਾ ਭੱਟ ਅਤੇ ਉਹਨਾਂ ਦੇ ਸਾਥੀਆਂ ਨੇ ਫੈਡਰਲ ਗੌਰਮੈਂਟ ਵੱਲੋਂ ਮਿਲੀ ਗਰਾਂਟ ਦੀ ਮਦਦ ਨਾਲ 8 ਹਫਤੇ ਦਾ ਇਕ ਕੋਰਸ ਤਿਆਰ ਕੀਤਾ ਹੈ ਅਤੇ ਗੁਰਦਵਾਰਾ ਦੂਖ ਨਿਵਾਰਨ ਦੇ ਸਹਿਯੋਗ ਨਾਲ 16 ਬੱਚਿਆਂ ਨੇ ਇਹ ਕੋਰਸ ਪੂਰਾ ਕੀਤਾ। ਇਸ ਕਾਰਜ ਲਈ ਇਹਨਾਂ ਬੱਚਿਆਂ ਦੇ ਮਾਪਿਆਂ ਦੇ ਨਾਲ ਨਾਲ ਗਿਆਨੀ ਨਰਿੰਦਰ ਸਿੰਘ ਵਾਲੀਆ ਅਤੇ ਭੁਪਿੰਦਰ ਸਿੰਘ ਦਾ ਵੀ ਬਹੁਤ ਸਹਿਯੋਗ ਰਿਹਾ।
ਕੋਰਸ ਦੀ ਸਮਾਪਤੀ ਉਪਰ ਐਤਵਾਰ, 8 ਦਸੰਬਰ ਨੂੰ ਗੁਰਦੁਆਰਾ ਦੂਖ ਨਿਵਾਰਨ, ਸਰੀ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਕਮਿਊਨਿਟੀ ਦੀ ਜਾਣੀ ਪਛਾਣੀ ਸ਼ਖ਼ਸੀਅਤ ਇੰਸਪੈਕਟਰ ਬਲਤੇਜ ਸਿੰਘ ਢਿਲੋਂ ਨੇ ਭੁਪਿੰਦਰ ਸਿੰਘ ਦੀ ਸਹਇਤਾ ਨਾਲ ਇਨ੍ਹਾਂ 16 ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਇਨਾਮ ਪ੍ਰਦਾਨ ਕੀਤੇ। ਬਲਤੇਜ ਸਿੰਘ ਢਿਲੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਟੀ ਦੀ ਡਾ. ਗੀਰਾ ਭੱਟ ਅਤੇ ਉਹਨਾਂ ਦੇ ਸਾਥੀਆਂ ਦੇ ਇਸ ਪ੍ਰੋਗਰਾਮ ਨੂੰ ਗੁਰੂ ਘਰ ਦੇ ਪ੍ਰਬੰਧਕਾਂ ਨੇ ਵਿਸ਼ੇਸ਼ ਸਹਿਯੋਗ ਦੇ ਕੇ ਨੌਜਵਾਨਾਂ ਨੂੰ ਠੀਕ ਰਾਹ ਉਪਰ ਰੱਖਣ ਲਈ ਇਹ ਇਕ ਬਹੁਤ ਹੀ ਮਹੱਤਵਪੂਰਨ ਉਪਰਾਲਾ ਕੀਤਾ ਹੈ।
ਇਸ ਮੌਕੇ ਉਪਰ ਜਗਨੂਰ ਅਤੇ ਅਜੀਤਪਾਲ ਨੇ ਵੀ ਇਸ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਸਾਊਥ ਏਸ਼ੀਅਨ ਕਮਿਊਨਿਟੀ ਕੋਲੀਸ਼ਨ ਅਗੇਨਸਟ ਯੂਥ ਵਾਇਲੈਂਸ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਇਸ ਜਥੇਬੰਦੀ ਵੱਲੋਂ ਪਿਛਲੇ 20 ਵਰ੍ਹਿਆਂ ਤੋਂ ਕੀਤੇ ਜਾ ਰਹੇ ਉਪਰਾਲਿਆਂ ਤੇ ਰੌਸ਼ਨੀ ਪਾਈ। ਸ੍ਰੀ ਸੰਘੇੜਾ ਨੇ ਕਿਹਾ ਕਿ ਉਹ ਸਮੁੱਚੀ ਕਮਿਊਨਿਟੀ, ਪੁਲੀਸ ਅਤੇ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਟੀ ਅਤੇ ਮੋਜ਼ਾਇਕ ਵਰਗੇ ਅਦਾਰਿਆਂ ਦੇ ਇਹਨਾਂ ਯਤਨਾਂ ਲਈ ਸ਼ਲਾਘਾ ਕਰਦੇ ਹਨ। ਅਖੀਰ ਵਿਚ ਡਾਕਟਰ ਗੀਰਾ ਭੱਟ ਨੇ ਸਭ ਦਾ ਧੰਨਵਾਦ ਕੀਤਾ। ਡਾਕਟਰ ਭੱਟ ਨੇ ਇਹ ਵੀ ਦੱਸਿਆ ਕਿ ਜਨਵਰੀ ਵਿਚ ਗੁਰੂ ਨਾਨਕ ਸਿੱਖ ਟੈਂਪਲ, ਸਕਾਟ ਰੋਡ, ਸਰੀ ਵਿਖੇ ਵੀ ਇਹ ਪ੍ਰੋਗਰਾਮ ਚੱਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਉਪਰਾਲੇ ਸਾਡੇ ਬੱਚਿਆਂ ਅਤੇ ਨੌਜਵਾਨਾਂ ਨੂੰ ਸੇਧ ਦੇਣ ਲਈ ਬਹੁਤ ਜ਼ਰੂਰੀ ਹਨ। ਇਹ ਬੱਚੇ, ਇਹਨਾਂ ਦੇ ਮਾਪੇ, ਗੁਰਦੁਆਰਾ ਦੂਖ ਨਿਵਾਰਨ ਅਤੇ ਬਾਕੀ ਗੁਰੂ ਘਰਾਂ ਦੇ ਪ੍ਰਬੰਧਕ ਅਤੇ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਸੇਵਾਦਾਰ ਸਭ ਵਧਾਈ ਦੇ ਪਾਤਰ ਹਨ।