ਹਰਦਮ ਮਾਨ
ਸਰੀ, 10 ਦਸੰਬਰ2019 --ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਦੇਸ਼ ਦੀ ਆਜ਼ਾਦੀ ਦੇ ਪਰਵਾਨੇ, ਨਾਮਵਰ ਵਿਦਵਾਨ, ਇਤਿਹਾਸਕਾਰ, ਖੋਜੀ ਤੇ ਪੱਤਰਕਾਰ ਗਿਆਨੀ ਨਾਹਰ ਸਿੰਘ ਗੁੱਜਰਵਾਲ ਦਾ 127ਵਾਂ ਜਨਮ ਦਿਹਾੜਾ ਬੌਂਬੇ ਬੈਂਕੁਇਟ ਹਾਲ, ਸਰੀ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਟਰੱਸਟ ਦੇ ਫਾਊਂਡਰ ਜੈਤੇਗ ਸਿੰਘ ਅਨੰਤ, ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਆਈ ਗਿਆਨੀ ਨਾਹਰ ਸਿੰਘ ਦੀ ਪੋਤਰੀ ਇਕਬਾਲ ਕੌਰ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਫਾਊਂਡਰ ਪ੍ਰਧਾਨ ਗਿਆਨ ਸਿੰਘ ਸੰਧੂ ਨੇ ਕੀਤੀ।
ਸਮਾਗਮ ਦਾ ਆਗਾਜ਼ ਪ੍ਰਭਸਿਮਰਨ ਕੌਰ, ਇਕਰਾਜ ਸਿੰਘ ਤੇ ਬੀਬੀ ਰਹਿਮਤ ਕੌਰ ਵੱਲੋਂ ਪੇਸ਼ ਸ਼ਬਦ “ਦੇਹਿ ਸ਼ਿਵਾ ਬਰ ਮੋਹਿ ਇਹੈ” ਨਾਲ ਹੋਇਆ। ਜੈਤੇਗ ਸਿੰਘ ਅਨੰਤ ਵੱਲੋਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਭਾਈ ਰਣਧੀਰ ਸਿੰਘ ਨਮਿਤ ਸ਼ੋਕ ਮਤਾ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਇਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਜੈਤੇਗ ਸਿੰਘ ਅਨੰਤ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਗਿਆਨੀ ਨਾਹਰ ਸਿੰਘ ਗੁਜਰਵਾਲ ਦੀ ਸ਼ਖਸੀਅਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਗਿਆਨ ਨਾਹਰ ਸਿੰਘ ਨੇ ਗ਼ਦਰ ਲਹਿਰ, ਗ਼ਦਰੀਆਂ ਤੇ ਦੇਸ਼-ਭਗਤਾਂ ਨੂੰ ਆਪਣੀ ਕਲਮ ਨਾਲ ਰੁਸ਼ਨਾਇਆ। ਉਹ ਗ਼ਦਰੀ ਯੋਧੇ, ਦੇਸ਼-ਭਗਤ, ਚੋਟੀ ਦੇ ਵਿਦਵਾਨ, ਲੇਖਕ, ਪੱਤਰਕਾਰ ਤੇ ਪੰਜ ਅਖ਼ਬਾਰ ਦੇ ਐਡੀਟਰ ਵੀ ਰਹੇ। ਪੰਥ ਦੀ ਸੋਨ ਚਿੜੀ ਭਾਈ ਰਣਧੀਰ ਸਿੰਘ ਵੱਲੋਂ ਜੇਲ੍ਹ ਦੀਆਂ ਕਾਲ ਕੋਠੜੀਆਂ ਤੋਂ ਨਿਰੰਤਰ ਚੱਲ ਰਹੇ ਗੁਪਤ ਪੱਤਰ ਵਿਹਾਰ ਨੂੰ ਉਨ੍ਹਾਂ ਸੀਨੇ ਨਾਲ ਲਾ ਕੇ ਰੱਖਿਆ ਅਤੇ ਇਨ੍ਹਾਂ ਚਾਲੀ ਇਤਿਹਾਸਕ ਚਿੱਠੀਆਂ ਨੂੰ 1936 ਵਿਚ “ਜੇਲ੍ਹ ਚਿੱਠੀਆਂ” ਦਾ ਰੂਪ ਦੇ ਕੇ ਪ੍ਰਕਾਸ਼ਿਤ ਕੀਤਾ ਜੋ ਖਾਲਸਾ ਪੰਥ ਦਾ ਵੱਡਮੁੱਲਾ ਖ਼ਜਾਨਾ ਹਨ। ਉਨ੍ਹਾਂ ਸਾਹਿਤ ਦੇ ਪਿੜ ਵਿਚ ਸਿੱਖ ਦਰਸ਼ਨ, ਸਿੱਖ ਇਤਿਹਾਸ, ਗੁਰਮਤਿ ਮਾਰਗ ਵਿਸ਼ਿਆਂ ਉੱਤੇ 20 ਤੋਂ ਉੱਤੇ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ।
ਇਕਬਾਲ ਕੌਰ ਨੇ ਆਪਣੇ ਦਾਦਾ ਨਾਲ ਬਿਤਾਏ ਦਿਨਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਨਿੱਤਨੇਮ ਤੇ ਲਿਖਣ ਕਲਾ ਬਾਰੇ ਜਾਣਕਾਰੀ ਦਿੱਤੀ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਫਾਉਂਡਰ ਪ੍ਰਧਾਨ ਗਿਆਨ ਸਿੰਘ ਸੰਧੂ, ਗੁਰੁਦਆਰਾ ਸਾਹਿਬ ਬਰੁੱਕਸਾਈਡ ਸਰੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ, ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਕਨਵੀਨਰ ਸਾਹਿਬ ਥਿੰਦ ਅਤੇ ਗਿਆਨੀ ਕੁਲਵਿੰਦਰ ਸਿੰਘ ਨੇ ਗਿਆਨੀ ਨਾਹਰ ਸਿੰਘ ਦੇ ਸਿਰੜ, ਲਗਨ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਅਜਿਹੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਅਜੋਕੀ ਪੀੜ੍ਹੀ ਨੂੰ ਜਾਣੂੰ ਕਰਵਾਉਣ ਲਈ ਅਜਿਹੇ ਪ੍ਰੋਗਰਾਮਾਂ ਦੀ ਬੇਹੱਦ ਲੋੜ ਹੈ।
ਇਸ ਮੌਕੇ ਜੈਤੇਗ ਸਿੰਘ ਅਨੰਤ ਨੇ ਇਕ ਮਤੇ ਰਾਹੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਮਹਾਨ ਵਿਦਵਾਨ ਅਤੇ ਸਿੱਖ ਇਤਿਹਾਸਕਾਰ ਗਿਆਨੀ ਨਾਹਰ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਲਾਈ ਜਾਵੇ। ਗੁਰਦੁਆਰਾ ਸਿੰਘ ਸਭਾ ਸਰੀ ਦੇ ਆਗੂ ਦਲਜੀਤ ਸਿੰਘ ਸੰਧੂ ਅਤੇ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਇਸ ਮਤੇ ਦੀ ਤਾਈਦ ਕੀਤੀ। ਪੰਜਾਬੀ ਕਵੀ ਮੋਹਨ ਗਿੱਲ ਨੇ ਇਕ ਕਵਿਤਾ ਰਾਹੀਂ ਗਿਆਨੀ ਨਾਹਰ ਸਿੰਘ ਨੂੰ ਯਾਦ ਕੀਤਾ, ਸੁਰਜੀਤ ਮਾਧੋਪੁਰੀ ਤੇ ਹਰਚੰਦ ਸਿੰਘ ਬਾਗੜੀ ਨੇ ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਗੀਤ ਪੇਸ਼ ਕੀਤੇ।
ਸਮਾਗਮ ਦੇ ਦੂਜੇ ਪੜਾਅ ਦੌਰਾਨ ਸਮਾਜ, ਭਾਈਚਾਰਾ ਅਤੇ ਪੰਜਾਬੀ ਪੱਤਰਕਾਰੀ ਲਈ ਵੱਡਮੁੱਲੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਚੜ੍ਹਦੀ ਕਲਾ ਟਾਈਮ ਟੀ.ਵੀ. ਦੇ ਸੀ.ਈ.ਓ. ਹਰਪ੍ਰੀਤ ਸਿੰਘ ਦਰਦੀ, ਵੈਨਕੂਵਰ ਤੋਂ ਛਪਦੇ ਪੰਜਾਬੀ ਵੀਕਲੀ ਅਖਬਾਰ “ਪੰਜਾਬੀ ਹੈਰੀਟੇਜ” ਦੇ ਸੰਪਾਦਕ ਲਖਵੀਰ ਸਿੰਘ ਖੰਗੂੜਾ ਅਤੇ ਖਾਲਸਾ ਸਕੂਲ ਸਰੀ ਦੇ ਗੁਰਮਤਿ ਵਿਭਾਗ ਦੇ ਮੁਖੀ ਗਿਆਨੀ ਕੁਲਵਿੰਦਰ ਸਿੰਘ ਨੂੰ ਟਰੱਸਟ ਵੱਲੋਂ ਸਨਮਾਨਿਤ ਕੀਤਾ ਗਿਆ। ਰੋਜ਼ਾਨਾ ਅਖਬਾਰ “ਚੜ੍ਹਦੀ ਕਲਾ” ਪਟਿਆਲਾ ਵੱਲੋਂ ਗਿਆਨੀ ਨਾਹਰ ਸਿੰਘ ਜੀ ਨੂੰ ਸਮਰਪਿਤ ਵਿਸ਼ੇਸ਼ ਸਪਲੀਮੈਂਟ ਵੀ ਰਿਲੀਜ਼ ਕੀਤਾ ਗਿਆ। ਸਮਾਗਮ ਦਾ ਸੰਚਾਲਨ ਲਖਵੀਰ ਸਿੰਘ ਖੰਗੂੜਾ ਅਤੇ ਬਿੱਕਰ ਸਿੰਘ ਖੋਸਾ ਨੇ ਕੀਤਾ। ਸਮਾਗਮ ਵਿਚ ਗਿਆਨੀ ਨਾਹਰ ਸਿੰਘ ਪੜਪੋਤਰਾ ਜਸਨਾਮ ਸਿੰਘ (ਅਮਰੀਕਾ), ਡਾ. ਜਸਵੰਤ ਸਿੰਘ (ਅਮਰੀਕਾ), ਪ੍ਰਸਿੱਧ ਸਾਹਿਤਕਾਰ ਜਰਨੈਲ ਸਿੰਘ ਸੇਖਾ, ਅੰਗਰੇਜ਼ ਸਿੰਘ ਬਰਾੜ, ਕਥਾ ਵਾਚਕ ਸੁਰਿੰਦਰ ਸਿੰਘ ਗੌਰੀ, ਪਰਮਜੀਤ ਸਿੰਘ ਰੰਧਾਵਾ, ਚਰਨਜੀਤ ਸਿੰਘ ਮਰਵਾਹਾ ਆਦਿ ਸ਼ਖ਼ਸੀਅਤਾਂ ਸ਼ਾਮਲ ਸਨ।