ਐੱਸ ਏ ਐੱਸ ਨਗਰ 09 ਦਸੰਬਰ, 2019: ਸਿੱਖਿਆ ਵਿਭਾਗ ਵੱਲੋਂ ਸਿੱਧੀ ਭਰਤੀ ਰਾਹੀਂ ਨਿਯੁਕਤ ਐੱਚ ਟੀ ਅਤੇ ਸੀ ਐੱਚ ਟੀ ਦੀ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾ ਸੈਕਟਰ -32 ਚੰਡੀਗੜ੍ਹ ਵਿਖੇ ਲਗਾਈ ਜਾ ਰਹੀ ਹੈ। ਇਸ ਸਿਖਲਾਈ ਵਰਕਸ਼ਾਪ ਵਿੱਚ ਲਗਪਗ 250 ਸਕੂਲ ਮੁਖੀ ਭਾਗ ਲੈ ਰਹੇ ਹਨ।
ਇਸ ਮੌਕੇ ਇੰਦਰਜੀਤ ਸਿੰਘ ਡੀ ਪੀ ਆਈ(ਐ ਸਿੱ) ਨੇ ਨਵ-ਨਿਯੁਕਤ ਸਕੂਲ ਮੁਖੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਨਵੇਂ ਸਕੂਲ ਮੁਖੀਆਂ ਦੀ ਆਮਦ ਨਾਲ ਸਰਕਾਰੀ ਸਕੂਲਾਂ ਦਾ ਸੁਚੱਜਾ ਪ੍ਰਬੰਧ ਯਕੀਨੀ ਬਣੇਗਾ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਦੁਆਰਾ ਸਕੂਲ ਮੁਖੀਆਂ ਦੀ ਸਿੱਧੀ ਭਰਤੀ ਦੇ ਸ਼ਲਾਘਾਯੋਗ ਫ਼ੈਸਲੇ ਨਾਲ਼ ਸਰਕਾਰੀ ਸਕੂਲਾਂ ਦੀ ਗੁਣਵੱਤਾ ਵਿੱਚ ਸੁਧਾਰ ਦੇ ਮਿਆਰੀ ਨਤੀਜੇ ਆਉਣੇ ਸ਼ੁਰੂ ਹੋ ਗੲੇ ਹਨ। ਉਹਨਾਂ ਕਿਹਾ ਕਿ ਵਿਭਾਗ ਨੂੰ ਪੂਰੀ ਉਮੀਦ ਹੈ ਕਿ ਸਮੂਹ ਨਵ-ਨਿਯੁਕਤ ਸਕੂਲ ਮੁਖੀ ਪ੍ਰੀ ਪ੍ਰਾਇਮਰੀ ਦਾਖ਼ਲਾ ਮੁਹਿੰਮ, ਸਮਾਰਟ ਸਕੂਲ ਮੁਹਿੰਮ , ਜਮਾਤ ਵਿੱਚ ਈ-ਕੰਟੈਂਟ ਦੀ ਵਰਤੋਂ , ਸਕੂਲ ਅਨੁਸ਼ਾਸਨ ਅਤੇ ਸਕੂਲ ਦੇ ਸਰਵਪੱਖੀ ਵਿਕਾਸ ਲਈ ਤਨਦੇਹੀ ਨਾਲ਼ ਆਪਣੀਆਂ ਸੇਵਾਵਾਂ ਨਿਭਾਉਣਗੇ।ਉਹਨਾਂ ਸਮੂਹ ਸਕੂਲ ਮੁਖੀਆਂ ਨੂੰ ਪ੍ਰਾਇਮਰੀ ਸਿੱਖਿਆ ਨੂੰ ਬੁਲੰਦੀਆਂ 'ਤੇ ਲੈ ਕੇ ਜਾਣ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਕਿਹਾ।
ਇਸ ਮੌਕੇ ਡਾ ਦਵਿੰਦਰ ਬੋਹਾ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਵੀ ਸਮੂਹ ਸਕੂਲ ਮੁਖੀਆਂ ਨੂੰ ਸੰਬੋਧਿਤ ਕੀਤਾ।
ਸਿਖਲਾਈ ਵਰਕਸ਼ਾਪ ਦੇ ਪਹਿਲੇ ਦਿਨ ਵੱਖ-ਵੱਖ ਰਿਸੋਰਸ ਪਰਸਨਜ਼ ਦੁਆਰਾ ਨਵ-ਨਿਯੁਕਤ ਸਕੂਲ ਮੁਖੀਆਂ ਨੂੰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਜਾਂਚ ਦੇ ਭਿੰਨ-ਭਿੰਨ ਪੱਧਰਾਂ, ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਪਾਠਕ੍ਰਮ ਦੇ ਪੈਟਰਨ,ਸਿੱਖਣ ਤਕਨੀਕਾਂ , ਸਿੱਖਣ ਪਰਿਣਾਮਾਂ,ਸਿੱਖਣ ਸਹਾਇਕ ਸਮੱਗਰੀ ਦੀ ਸੁਯੋਗ ਵਰਤੋਂ ਅਤੇ ਪ੍ਰੀ ਪ੍ਰਾਇਮਰੀ 1 ਅਤੇ 2 ਦੇ ਵਿਦਿਆਰਥੀਅਾਂ ਨੂੰ ਜਮਾਤ ਵਿੱਚ ਕਰਵਾਈਆਂ ਜਾਣ ਵਾਲੀਆਂ ਮਨੋਵਿਗਿਆਨਕ ਕਿਰਿਆਵਾਂ ਦੀ ਸਿਖਲਾਈ ਵਿਵਹਾਰਿਕ ਗਤੀਵਿਧੀਆਂ ਦੁਆਰਾ ਦਿੱਤੀ ਗਈ।